ਕੋਰੋਨਾ ਨਾਲ ਹੋ ਰਹੀਆਂ ਮੌਤਾਂ ’ਤੇ ਰੋਕ ਲਗਾਉਣ ਦਾ ਇਕ ਮੌਕਾ ਹੋਰ

09/03/2020 3:41:17 AM

ਭਾਰਤ ’ਚ ਕੋਰੋਨਾ ਮਹਾਮਾਰੀ ਨਾਲ ਪੈਦਾ ਹੋਇਆ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਦੁਨੀਆ ’ਚ ਇਨਫੈਕਟਿਡਾਂ ਦਾ ਅੰਕੜਾ 3 ਕਰੋੜ ਦੇ ਨੇੜੇ-ਤੇੜੇ ਅਤੇ ਭਾਰਤ ’ਚ 38 ਲੱਖ ਦੇ ਨੇੜੇ ਪਹੁੰਚਣ ਵਾਲਾ ਹੈ। ਭਾਰਤ ’ਚ ਇਕ ਹਫਤੇ ’ਚ ਰੋਗੀਆਂ ਦੀ ਗਿਣਤੀ ਪਿਛਲੇ ਹਫਤੇ ਤੋਂ 9 ਫੀਸਦੀ ਵਧੀ ਹੈ।

22 ਅਗਸਤ ਤੱਕ ਭਾਰਤ ’ਚ ‘ਕੋਰੋਨਾ’ ਦਾ ਸ਼ਿਕਾਰ ਹੋਣ ਵਾਲੇ ਲੋਕਾਂ ’ਚ 90 ਫੀਸਦੀ ਲੋਕ 40 ਸਾਲ ਤੋਂ ਵੱਧ ਉਮਰ ਦੇ ਸਨ ਜਦਕਿ 61 ਤੋਂ 70 ਉਮਰ ਦੇ ਦਰਮਿਆਨ ਦੇ ਲੋਕ ਇਸਦਾ ਸਭ ਤੋਂ ਵੱਧ ਸ਼ਿਕਾਰ ਬਣੇ। ਮ੍ਰਿਤਕਾਂ ’ਚ ਅੱਧੇ ਲੋਕਾਂ ਦੀ ਉਮਰ 50 ਤੋਂ 70 ਸਾਲ ਦੇ ਦਰਮਿਆਨ ਸੀ। ਕੁਲ ਮ੍ਰਿਤਕਾਂ ’ਚ ਲਗਭਗ 69 ਫੀਸਦੀ ਮਰਦ ਹਨ।

ਇੰਡੀਅਨ ਪਬਲਿਕ ਹੈਲਥ ਐਸੋਸੀਏਸ਼ਨ ਦੇ ਅਨੁਸਾਰ, ‘‘ਏਸ਼ੀਆਈ ਦੇਸ਼ਾਂ ’ਚ ਭਾਰਤ ਕੋਰੋਨਾ ਨਾਲ ਸਭ ਤੋਂ ਪ੍ਰਭਾਵਿਤ ਹੈ। ਰੋਜ਼ਾਨਾ ਇਥੇ ਵਿਸ਼ਵ ਦੇ 30 ਫੀਸਦੀ ਕੋਰੋਨਾ ਇਨਫੈਕਟਿਡ ਪਾਏ ਜਾ ਰਹੇ ਹਨ ਜਦਕਿ ਕੁਲ 20 ਫੀਸਦੀ ਇਨਫੈਕਟਿਡਾਂ ਦੀ ਮੌਤ ਹੋ ਰਹੀ ਹੈ। ਇਸ ਤੋਂ ਵੀ ਵੱਧ ਕੇ ਚਿੰਤਾ ਦੀ ਗੱਲ ਹੈ ਕਿ ਇਨਫੈਕਸ਼ਨ ਦਾ ‘ਪੀਕ’ ਅਜੇ ਆਉਣਾ ਬਾਕੀ ਹੈ।

ਇਸ ਦਰਮਿਆਨ ਜਿਥੇ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਇਕ ਸਦੀ ਦੇ ਬਾਅਦ ਆਈ ਇਸ ਸਭ ਤੋਂ ਵੱਡੀ ਬਿਪਤਾ ਦਾ ਆਪਣੇ-ਆਪਣੇ ਢੰਗ ਨਾਲ ਸਾਹਮਣਾ ਕਰ ਰਹੀਆਂ ਹਨ ਅਤੇ ਕੇਂਦਰ ਸਰਕਾਰ ਨੇ ਵੱਖ-ਵੱਖ ਸ਼ਰਤਾਂ ਦੇ ਨਾਲ ਅਨਲਾਕ-4 ਦਾ ਐਲਾਨ ਕੀਤਾ ਹੈ ਪਰ ਵਿਸ਼ਵ ਸਿਹਤ ਸੰਗਠਨ ਨੇ ਲਾਕਡਾਊਨ ਖੋਲ੍ਹਣ ਦੇ ਵਿਰੁੱਧ ਚਿਤਾਵਨੀ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ ਦੇ ਮਹਾਨਿਰਦੇਸ਼ਕ ‘ਟੇਡ੍ਰੋਸ ਅਧਨੋਮ ਗਬਰੇਯਸਸ’ ਦੇ ਅਨੁਸਾਰ, ‘‘ਕੋਰੋਨਾ ਮਹਾਮਾਰੀ ਦੇ ਦਰਮਿਆਨ ਅਜੇ ਲਾਕਡਾਊਨ ਖੋਲ੍ਹਣਾ ਤਬਾਹਕੁੰਨ ਹੋਵੇਗਾ। ਲਾਕਡਾਊਨ ਖੋਲ੍ਹਣ ਦੇ ਪ੍ਰਤੀ ਗੰਭੀਰ ਦੇਸ਼ਾਂ ਨੂੰ ਇਸਦੇ ਇਨਫੈਕਸ਼ਨ ਨੂੰ ਕੰਟਰੋਲ ਕਰਨ ਦੇ ਮਾਮਲੇ ’ਚ ਵੀ ਗੰਭੀਰ ਹੋਣਾ ਚਾਹੀਦਾ ਹੈ।’’

ਇਸ ਮਹਾਮਾਰੀ ਦੀ ਭਿਆਨਕਤਾ ਦਾ ਅਨੁਮਾਨ ਇਲਾਹਾਬਾਦ ਹਾਈਕੋਰਟ ਦੇ ਮਾਣਯੋਗ ਜੱਜਾਂ ਵਲੋਂ ਉੱਤਰ ਪ੍ਰਦੇਸ਼ ’ਚ ਇਕ ਸੁਰੱਖਿਆਤਮਕ ਕਦਮ ਦੇ ਰੂਪ ’ਚ ਹੁੱਕਾ ਬਾਰ ’ਤੇ ਰੋਕ ਲਗਾਉਂਦੇ ਹੋਏ ਕੀਤੀ ਗਈ ਟਿੱਪਣੀ ਤੋਂ ਲਗਾਇਆ ਜਾ ਸਕਦਾ ਹੈ :

‘‘ਅਸੀਂ ਸੰਘਣੇ ਹਨੇਰੇ ਜੰਗਲ ਦੇ ਵਿਚਕਾਰ ਖੜ੍ਹੇ ਹਾਂ। ਕੱਲ ਕੀ ਹੋਵੇਗਾ, ਇਸਦਾ ਕੋਈ ਪਤਾ ਨਹੀਂ। ਲਾਕਡਾਊਨ ਦੇ ਬਾਵਜੂਦ ‘ਕੋਰੋਨਾ’ ਦਾ ਇਨਫੈਕਸ਼ਨ ਜੰਗਲ ਦੀ ਅੱਗ ਵਾਂਗ ਫੈਲ ਰਿਹਾ ਹੈ ਜੋ ਮਨੁੱਖੀ ਜੀਵਨ ਲਈ ਖਤਰਾ ਬਣ ਗਿਆ ਹੈ।’’

ਜਿਥੋਂ ਤੱਕ ਪੰਜਾਬ ਦਾ ਸਬੰਧ ਹੈ, ਇਥੇ ‘ਕੋਰੋਨਾ’ ਇਨਫੈਕਟਿਡਾਂ ਦੀ ਮੌਤ ਦਰ 2.7 ਫੀਸਦੀ ਹੈ ਜੋ ਗੁਆਂਢੀ ਸੂਬਿਆਂ ਦੀ ਤੁਲਨਾ ’ਚ ਕਿਤੇ ਵੱਧ ਹੈ ਅਤੇ ਮੌਤਾਂ ਦੇ ਮਾਮਲੇ ’ਚ ਮਹਾਰਾਸ਼ਟਰ, ਤਮਿਲਨਾਡੂ, ਦਿੱਲੀ, ਉੱਤਰ ਪ੍ਰਦੇਸ਼, ਗੁਜਰਾਤ, ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਬੰਗਾਲ ਦੇ ਬਾਅਦ ਪੰਜਾਬ ਨੌਵੇਂ ਸਥਾਨ ’ਤੇ ਹੈ।

ਇਸੇ ਦਰਮਿਆਨ ਇਕ ਪ੍ਰੇਸ਼ਾਨ ਕਰਨ ਵਾਲੇ ਘਟਨਾਕ੍ਰਮ ਦੇ ਅਧੀਨ ਕੋਰੋਨਾ ਨੰੂੰ ਲੈ ਕੇ ਕੁਝ ਲੋਕਾਂ ਵਲੋਂ ਕੁਝ ਹਸਪਤਾਲਾਂ ’ਚ ਰੋਗੀਅ ਾਂ ਦੇ ਅੰਗ ਕੱਢਣ ਸਬੰਧੀ ਉਡਾਈਆਂ ਜਾ ਰਹੀਆਂ ਅਫਵਾਹਾਂ ਨੇ ਸਿਹਤ ਅਧਿਕਾਰੀਆਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ।

ਕੁਝ ਥਾਵਾਂ ’ਤੇ ਕੋਵਿਡ ਰੋਗੀਆਂ ਨੂੰ ਆਈਸੋਲੇਟ ਕਰਵਾਉਣ ਗਈਆਂ ਸਿਹਤ ਅਤੇ ਪੁਲਸ ਵਿਭਾਗ ਦੀਆਂ ਟੀਮਾਂ ’ਤੇ ਪਿੰਡਾਂ ਵਾਲਿਆਂ ਵਲੋਂ ਇੱਟਾਂ-ਪੱਥਰਾਂ ਨਾਲ ਹਮਲਾ ਕੀਤੇ ਜਾਣ ਦੀਆਂ ਖਬਰਾਂ ਵੀ ਪ੍ਰਾਪਤ ਹੋਈਆਂ ਹਨ। ਇਸ ਲਈ ਆਪਣੀ ਜਾਨ ਜੋਖਮ ’ਚ ਪਾ ਕੇ ਦੂਜਿਆਂ ਦੇ ਪ੍ਰਾਣਾਂ ਦੀ ਰੱਖਿਆ ਕਰਨ ਵਾਲੇ ਕੋਰੋਨਾ ਯੋਧਿਆਂ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ।

ਕੁਦਰਤੀ ਪ੍ਰਕੋਪ ਅਤੇ ਇਨਸਾਨੀ ਲਾਪ੍ਰਵਾਹੀ ਨਾਲ ਵਧ ਰਹੇ ਇਸ ਸੰਕਟ ਦੇ ਦਰਮਿਆਨ ਵਾਸ਼ਿੰਗਟਨ ਯੂਨੀਵਰਸਿਟੀ ਦੇ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਅੈਂਡ ਇਵੈਲਿਊਏਸ਼ਨ (ਆਈ. ਐੱਚ. ਐੱਮ. ਈ.) ਨੇ ਵੀ ਆਪਣੇ ਇਕ ਅਧਿਅੈਨ ’ਚ ਕਿਹਾ ਕਿ ਭਾਰਤ ਦੇ ਕੋਲ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਘੱਟ ਕਰਨ ਦਾ ਅਜੇ ਵੀ ਇਕ ਮੌਕਾ ਹੈ।

ਇਸ ਅਧਿਐਨ ’ਚ ਦੱਸਿਆ ਗਿਆ ਹੈ ਕਿ ਵੱਡੇ ਪੱਧਰ ’ਤੇ ਮਾਸਕ ਦੀ ਵਰਤੋਂ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰ ਕੇ 1 ਦਸੰਬਰ ਤੱਕ 2 ਲੱਖ ਤੋਂ ਵੱਧ ਮੌਤਾਂ ਟਾਲਣ ’ਤ ਸਫਲਤਾ ਹਾਸਲ ਕੀਤੀ ਜਾ ਸਕਦੀ ਹੈ।

ਅਧਿਐਨ ਦੇ ਅਨੁਸਾਰ ਭਾਰਤ ’ਚ ਸੁਰੱਖਿਆ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਮ੍ਰਿਤਕਾਂ ਦੀ ਗਿਣਤੀ 1 ਦਸੰਬਰ ਤੱਕ 4.92 ਲੱਖ ਤੱਕ ਪਹੁੰਚ ਸਕਦੀ ਹੈ ਪਰ ਜੇਕਰ ਲਾਕਡਾਊਨ ਦੀ ਪਾਲਣਾ ਸਖਤੀ ਨਾਲ ਕੀਤੀ ਜਾਵੇ ਅਤੇ 95 ਫੀਸਦੀ ਲੋਕ ਮਾਸਕ ਲਗਾਉਣ ਤਾਂ ਇਨ੍ਹਾਂ ਦੀ ਗਿਣਤੀ ਘੱਟ ਕੇ 2.91 ਲੱਖ ਦੇ ਨੇੜੇ-ਤੇੜੇ ਰਹਿ ਸਕਦੀ ਹੈ।

ਜਿਵੇਂ ਕਿ ਅਸੀਂ ਸਮੇਂ-ਸਮੇਂ ’ਤੇ ਲਿਖਦੇ ਰਹਿੰਦੇ ਹਾਂ ਕਿ ਲੋਕਾਂ ਵਲੋਂ ਇਸ ਆਫਤ ਤੋਂ ਬਚਾਅ ਲਈ ਨਿਰਧਾਰਤ ਸੁਰੱਖਿਆ ਉਪਾਵਾਂ ਦੀ ਅਣਦੇਖੀ ਕਰਨ ਦੇ ਕਾਰਨ ਕੋਰੋਨਾ ਦੇ ਕੇਸਾਂ ’ਚ ਵਾਧਾ ਹੋ ਰਿਹਾ ਹੈ, ਇਸ ਲਈ ਉਕਤ ਚਿਤਾਵਨੀ ’ਤੇ ਅਮਲ ਕਰ ਕੇ ਲੋਕਾਂ ਨੂੰ ਇਸ ਮਹਾਮਾਰੀ ਦਾ ਪ੍ਰਸਾਰ ਰੋਕਣ ’ਚ ਸਹਿਯੋਗ ਕਰਨਾ ਚਾਹੀਦਾ ਹੈ। ਅਫਵਾਹਾਂ ਫੈਲਾਉਣ, ਕੋਰੋਨਾ ਯੋਧਿਆਂ ਨਾਲ ਸਹਿਯੋਗ ਨਾ ਕਰਨ ਅਤੇ ਉਨ੍ਹਾਂ ਦੇ ਕੰਮ ’ਚ ਅੜਿੱਕਾ ਪਾਉਣ ਨੂੰ ਕਿਸੇ ਵੀ ਨਜ਼ਰੀਏ ਤੋਂ ਉੱਚਿਤ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਤਰ੍ਹਾਂ ਦੇ ਕਦਮਾਂ ਨਾਲ ਸਦੀ ਦੀ ਇਸ ਸਭ ਤੋਂ ਵੱਡੀ ਆਫਤ ਦੇ ਵਿਰੱੁਧ ਸਾਡਾ ਸੰਘਰਸ਼ ਕਮਜ਼ੋਰ ਹੀ ਹੋਵੇਗਾ।

-ਵਿਜੇ ਕੁਮਾਰ


Bharat Thapa

Content Editor

Related News