ਇਕ ਖੁੱਲ੍ਹੀ ਚਿੱਠੀ ਭਾਈ ਦੁਸ਼ਯੰਤ ਚੌਟਾਲਾ ਦੇ ਨਾਂ

09/30/2020 3:00:11 AM

ਯੋਗੇਂਦਰ ਯਾਦਵ

ਦੁਸ਼ਯੰਤ ਭਾਈ ਦੋ ਸਾਲ ਪਹਿਲਾਂ ਜਦੋਂ ਤੁਹਾਡੇ ਨਾਲ ਇਕ ਜਨਤਕ ਪ੍ਰੋਗਰਾਮ ’ਚ ਛੋਟੀ ਜਿਹੀ ਮੁਲਾਕਾਤ ਹੋਈ ਸੀ ਤਾਂ ਤੁਸੀਂ ਕਿਹਾ ਸੀ ਕਿ ਤੁਸੀਂ ਮੇਰੀ ਬਹੁਤ ਇੱਜ਼ਤ ਕਰਦੇ ਹੋ ਅਤੇ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਆਪਣੇ ਸੁਝਾ ਦਿੰਦਾ ਰਹਾਂ। ਉਸ ਅਧਿਕਾਰ ਨਾਲ ਅੱਜ ਤੁਹਾਨੂੰ ਇਹ ਚਿੱਠੀ ਲਿਖ ਰਿਹਾ ਹਾਂ। ਜੇ ਅੱਜ ਈਮਾਨਦਾਰੀ ਨਾਲ ਜਨਤਕ ਤੌਰ ’ਤੇ ਨਾ ਬੋਲਿਆ ਤਾਂ ਮੈਂ ਆਪਣੇ ਫਰਜ਼ਾਂ ਦੀ ਪਾਲਣਾ ਕਰਨ ’ਚ ਅਸਫਲ ਹੋਵਾਂਗਾ।

ਇਹ ਚਿੱਠੀ ਹਰਿਆਣਾ ਦੇ ਉਪ ਮੁੱਖ ਮੰਤਰੀ ਨੂੰ ਨਹੀਂ, ਚੌਧਰੀ ਦੇਵੀ ਲਾਲ ਦੇ ਪੜਪੋਤਰੇ ਦੇ ਨਾਂ ਸੰਬੋਧਿਤ ਹੈ। ਇਨੈਲੋ ਅਤੇ ਭਾਜਪਾ ਦੀ ਸਿਆਸਤ ਨਾਲ ਮੇਰੇ ਜੋ ਵੀ ਮਤਭੇਦ ਹੋਣ ਪਰ ਚੌਧਰੀ ਦੇਵੀ ਲਾਲ ਲਈ ਮੇਰੇ ਮਨ ’ਚ ਸ਼ਰਧਾ ਰਹੀ ਹੈ। ਮੈਂ ਉਨ੍ਹਾਂ ਨੂੰ ਪਹਿਲੀ ਕਲਮ ਨਾਲ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦਾ ਵਾਅਦਾ ਕਰਦੇ ਸੁਣਿਆ ਸੀ, ਉਸ ਨੂੰ ਪੂਰਾ ਕਰਦਿਅਾਂ ਦੇਖਿਆ ਸੀ। ਉਪ ਪ੍ਰਧਾਨ ਮੰਤਰੀ ਬਣਨ ਪਿਛੋਂ ਵੀ ਕਿਸਾਨ ਦਾ ਦੁੱਖ-ਸੁੱਖ ਸਭ ਤੋਂ ਉੱਪਰ ਸੀ। ਮੇਰੇ ਵਾਂਗ ਲੱਖਾਂ ਕਿਸਾਨ ਵਰਕਰਾਂ ਨੇ ਉਨ੍ਹਾਂ ਨੂੰ ਚੌਧਰੀ ਛੋਟੂ ਰਾਮ ਅਤੇ ਚੌਧਰੀ ਚਰਨ ਸਿੰਘ ਦੀ ਪ੍ਰੰਪਰਾ ਦੀ ਇਕ ਕੜੀ ਵਜੋਂ ਦੇਖਿਆ ਹੈ।

ਤੁਹਾਨੂੰ ਉਸ ਸਿਆਸੀ ਵਿਰਾਸਤ ਦਾ ਹੱਕਦਾਰ ਸਮਝ ਕੇ ਹਰਿਆਣਾ ਦੇ ਲੱਖਾਂ ਕਿਸਾਨਾਂ ਨੇ ਭਾਜਪਾ ਅਤੇ ਕਾਂਗਰਸ ਨੂੰ ਰੱਦ ਕਰ ਕੇ ਤੁਹਾਡੀ ਪਾਰਟੀ ਨੂੰ ਵੋਟਾਂ ਪਾਈਅਾਂ। ਚੋਣਾਂ ਪਿਛੋਂ ਜਦੋਂ ਤੁਸੀਂ ਉਸੇ ਭਾਜਪਾ ਨਾਲ ਕੁਰਸੀ ’ਤੇ ਬੈਠ ਗਏ ਤਾਂ ਉਨ੍ਹਾਂ ਦੇ ਮਨ ’ਚ ਖਟਕਾ ਹੋਇਆ। ਹਜ਼ਾਰਾਂ ਵਰਕਰਾਂ ਦਾ ਮੋਹ ਭੰਗ ਹੋਇਆ ਪਰ ਤੁਸੀਂ ਵਾਅਦਾ ਕੀਤਾ ਕਿ ਤੁਸੀਂ ਇਸ ਕੁਰਸੀ ’ਤੇ ਕਿਸਾਨਾਂ ਦੀ ਖਾਤਿਰ ਬੈਠੇ ਹੋ, ਕਿਸਾਨ ਦੇ ਹਿਤਾਂ ਨਾਲ ਕੋਈ ਸਮਝੌਤਾ ਨਹੀਂ ਹੋਣ ਦਿਓਗੇ ਨਹੀਂ ਤਾਂ ਕੁਰਸੀ ਨੂੰ ਲੱਤ ਮਾਰ ਦਿਓਗੇ। ਅੱਜ ਜਦੋਂ ਤੁਹਾਡੇ ਉਸ ਦਾਅਵੇ ਦੀ ਪ੍ਰੀਖਿਆ ਹੋ ਰਹੀ ਹੈ ਤਾਂ ਕਿਸਾਨ ਨਾਲੋਂ ਵਧ ਪਿਆਰੀ ਕੁਰਸੀ ਤੁਹਾਨੂੰ ਲੱਗ ਰਹੀ ਹੈ।।

ਅੱਜ ਹਰਿਆਣਾ ਦਾ ਕਿਸਾਨ ਤੁਹਾਨੂੰ ਪੁੱਛਦਾ ਹੈ– ਕੇਂਦਰ ਸਰਕਾਰ ਨੇ ਜਿਹੜੇ ਤਿੰਨ ਕਾਨੂੰਨ ਬਣਾਏ ਹਨ, ਕੀ ਉਨ੍ਹਾਂ ਨੂੰ ਦੇਸ਼ ਦੇ ਕਿਸਾਨਾਂ ਦੇ ਅੰਦੋਲਨ ਨੇ ਕਦੇ ਮੰਗਿਆ ਸੀ। ਕੀ ਚੌਧਰੀ ਸਾਹਿਬ ਨੇ ਕਦੇ ਖੇਤੀਬਾੜੀ ’ਚ ਕੰਪਨੀ ਰਾਜ ਲਿਆਉਣ ਦੀ ਹਮਾਇਤ ਕੀਤੀ ਸੀ? ਕੀ ਇਨੈਲੋ ਜਾਂ ਤੁਹਾਡੀ ਪਾਰਟੀ ਨੇ ਆਪਣੇ ਮੈਨੀਫੈਸਟੋ ’ਚ ਕਦੇ ਵੀ ਇਨ੍ਹਾਂ ਪ੍ਰਸਤਾਵਾਂ ਦਾ ਜ਼ਿਕਰ ਕੀਤਾ ਸੀ? ਜੇ ਇਹ ਕਾਨੂੰਨ ਕਿਸਾਨ ਦੇ ਹੱਕ ’ਚ ਹਨ ਤਾਂ ਸਰਕਾਰ ਇਨ੍ਹਾਂ ਨੂੰ ਕੋਰੋਨਾ ਮਹਾਮਾਰੀ ਦੌਰਾਨ ਆਰਡੀਨੈਂਸ ਦੇ ਚੋਰ ਦਰਵਾਜ਼ੇ ਰਾਹੀਂ ਕਿਉਂ ਲਿਆਈ? ਕੀ ਸਰਕਾਰ ਨੇ ਇਨ੍ਹਾਂ ਕਾਨੂੰਨਾਂ ਨੂੰ ਪਾਸ ਕਰਨ ਤੋਂ ਪਹਿਲਾਂ ਇਕ ਵੀ ਕਿਸਾਨ ਸੰਗਠਨ ਨਾਲ ਸਲਾਹ-ਮਸ਼ਵਰਾ ਕੀਤਾ ਸੀ? ਕੀ ਤੁਹਾਡੀ ਪਾਰਟੀ ਕੋਲੋਂ ਪੁੱਛਿਆ ਗਿਆ ਸੀ? ਜੇ ਇਹ ਕਾਨੂੰਨ ਕਿਸਾਨਾਂ ਦੇ ਭਲੇ ਲਈ ਤਾਂ ਦੇਸ਼ ਦਾ ਇਕ ਵੀ ਲੋਕ ਆਧਾਰ ਵਾਲਾ ਕਿਸਾਨ ਸੰਗਠਨ ਇਨ੍ਹਾਂ ਦੇ ਹੱਕ ’ਚ ਕਿਉਂ ਖੜ੍ਹਾ ਨਹੀਂ ਹੋਇਆ? ਖੁਦ ਭਾਜਪਾ ਅਤੇ ਸੰਘ ਪਰਿਵਾਰ ਦਾ ਭਾਰਤੀ ਕਿਸਾਨ ਸੰਘ ਅਤੇ ਉਨ੍ਹਾਂ ਦਾ ਸਹਿਯੋਗੀ ਅਕਾਲੀ ਦਲ ਇਸ ਦਾ ਵਿਰੋਧ ਕਿਉਂ ਕਰ ਰਿਹਾ ਹੈ? ਜੇ ਜਦੋਂ ਇਹ ਆਰਡੀਨੈਂਸ ਆਏ, ਉਸ ਸਮੇਂ ਅਕਾਲੀ ਦਲ ਅਤੇ ਜਜਪਾ ਮਿਲ ਕੇ ਇਨ੍ਹਾਂ ਦਾ ਵਿਰੋਧ ਕਰਦੇ ਤਾਂ ਕੀ ਭਾਜਪਾ ਦੀ ਹਿੰਮਤ ਸੀ ਕਿ ਉਹ ਇਨ੍ਹਾਂ ਕਾਨੂੰਨਾਂ ਨੂੰ ਪਾਸ ਕਰਦੀ? ਹਰਿਆਣਾ ਦਾ ਕਿਸਾਨ ਸ਼ਰਮਸਾਰ ਹੋ ਕੇ ਪੁੱਛਦਾ ਹੈ ਕਿ ਜਦੋਂ ਪੂਰੇ ਦੇਸ਼ ’ਚ ਭਾਜਪਾ ਨੂੰ ਇਕ ਵੀ ਕਿਸਾਨ ਨੇਤਾ ਇਨ੍ਹਾਂ ਕਾਨੂੰਨਾਂ ਦੇ ਹੱਕ ’ਚ ਬੋਲਣ ਵਾਲਾ ਨਹੀਂ ਮਿਲਿਆ, ਉਸ ਸਮੇਂ ਸ਼ਿਖੰਡੀ ਦੀ ਭੂਮਿਕਾ ’ਚ ਚੌਧਰੀ ਦੇਵੀ ਲਾਲ ਦੇ ਖਾਨਦਾਨ ਦੀ ਅਗਲੀ ਪੀੜ੍ਹੀ ਕਿਉਂ ਖੜ੍ਹੀ ਹੈ?

ਕਿਉਂਕਿ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਹੈ, ਇਸ ਲਈ ਪਿਛਲੇ ਕੁਝ ਦਿਨਾਂ ਤੋਂ ਤੁਸੀਂ ਵਾਰ-ਵਾਰ ਇਕ ਹੀ ਗੱਲ ਦੁਹਰਾ ਰਹੇ ਹੋ ਕਿ ਹਰਿਆਣਾ ਦੇ ਕਿਸਾਨ ਦੀ ਫਸਲ ਸਰਕਾਰ ਵਲੋਂ ਨਿਰਧਾਰਿਤ ਐੱਮ.ਐੱਸ.ਪੀ. (ਘੱਟੋ-ਘੱਟ ਸਮਰਥਨ ਮੁੱਲ) ’ਤੇ ਹੀ ਵਿਕੇਗੀ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਅਸਲ ਸਵਾਲ ਇਸ ਸਾਲ ਦੀ ਐੱਮ. ਐੱਸ.ਪੀ. ਦਾ ਨਹੀਂ, ਹਮੇਸ਼ਾ ਲਈ ਕੰਪਨੀ ਰਾਜ ਦੇ ਖਤਰੇ ਦਾ ਹੈ। ਇਸ ’ਤੇ ਵੀ ਹਰਿਆਣਾ ਦਾ ਕਿਸਾਨ ਤੁਹਾਡੇ ਕੋਲੋਂ ਕੁਝ ਸਵਾਲ ਪੁੱਛਦਾ ਹੈ। ਕੀ ਤੁਹਾਨੂੰ ਭਾਜਪਾ ਸਰਕਾਰ ਵਲੋਂ ਤੈਅ ਕੀਤੀ ਅੰਸ਼ਕ ਲਾਗਤ ਦਾ ਡਿਓਢੇ ਮੁੱਲ ਦੇਣ ਵਾਲੇ ਐੱਮ. ਐੱਸ. ਪੀ. ਦਾ ਫਾਰਮੂਲਾ ਪ੍ਰਵਾਨ ਹੋ ਗਿਆ ਹੈ? ਕੀ ਤੁਹਾਡੀ ਪਾਰਟੀ ਨੇ ਸਵਾਮੀਨਾਥਨ ਕਮਿਸ਼ਨ ਦੇ ਪੂਰਨ ਲਾਗਤ ਦੇ ਡਿਓਢੇ ਮੁੱਲ ਦੇ ਫਾਰਮੂਲੇ ਦੀ ਮੰਗ ਨੂੰ ਛੱਡ ਦਿੱਤਾ ਹੈ? ਕੀ ਤੁਸੀਂ ਕੇਂਦਰ ਸਰਕਾਰ ਦੇ ਮੁੱਲ ਕਮਿਸ਼ਨ (ਸੀ.ਏ.ਸੀ.ਪੀ.) ਦੀ ਤਾਜ਼ਾ ਰਿਪੋਰਟ ਨਹੀਂ ਪੜ੍ਹੀ ਜੋ ਕਣਕ ਅਤੇ ਚੌਲ ਦੀ ਸਰਕਾਰੀ ਖਰੀਦ ਘਟਾਉਣ ਦੀ ਗੱਲ ਕਰਦੀ ਹੈ? ਉਂਝ ਵੀ ਜੇ 2-3 ਸਾਲਾਂ ’ਚ ਸਰਕਾਰੀ ਮੰਡੀ ਹੀ ਖਤਮ ਹੋ ਜਾਵੇਗੀ ਤਾਂ ਕਿਸਾਨ ਨੂੰ ਐੱਮ.ਐੱਸ.ਪੀ. ਕਿਥੋਂ ਮਿਲੇਗਾ?

ਜੇ ਇਸ ਸਾਲ ਦੀ ਗੱਲ ਵੀ ਕਰੀਏ ਤਾਂ ਕੀ ਤੁਸੀਂ ਹਰਿਆਣਾ ਸਰਕਾਰ ਦਾ ਬਿਆਨ ਨਹੀਂ ਪੜ੍ਹਿਆ ਕਿ ਸਿਰਫ ਉਨ੍ਹਾਂ ਕਿਸਾਨਾਂ ਦੀ ਝੋਨੇ ਦੀ ਅਤੇ ਬਾਜਰੇ ਦੀ ਫਸਲ ਅੈੱਮ.ਐੱਸ.ਪੀ. ’ਤੇ ਖਰੀਦੀ ਜਾਵੇਗੀ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਕਰਵਾਈ ਹੋਈ ਹੈ। ‘ਮੇਰੀ ਫਸਲ ਮੇਰਾ ਵੇਰਵਾ’ ਪੋਰਟਲ ’ਤੇ ਰਜਿਸਟ੍ਰੇਸ਼ਨ ਬੰਦ ਹੋਣ ਕਾਰਨ ਜਿਹੜੇ ਕਿਸਾਨ ਰਜਿਸਟ੍ਰੇਸ਼ਨ ਨਹੀਂ ਕਰਵਾ ਸਕੇ, ਉਨ੍ਹਾਂ ਨੂੰ ਐੱਮ.ਐੱਸ.ਪੀ. ਕਿਵੇਂ ਮਿਲੇਗੀ? ਬਾਜਰਾ ਦੇ ਕਿਸਾਨਾਂ ’ਤੇ ਪ੍ਰਤੀ ਏਕੜ 8 ਕੁਇੰਟਲ ਦੀ ਹੱਦ ਲੱਗੀ ਰਹੇ ਪਰ ਕਿਸਾਨ ਆਪਣੀ ਪੂਰੀ ਫਸਲ ਐੱਮ.ਐੱਸ.ਪੀ. ’ਤੇ ਕਿਵੇਂ ਵੇਚਣਗੇ? ਫਲ, ਸਬਜ਼ੀ ਦੇ ਕਿਸਾਨ ਦਾ ਕੀ ਹੋਵੇਗਾ ਜਿਸ ਲਈ ਐੱਮ.ਐੱਸ. ਪੀ. ਦਾ ਐਲਾਨ ਵੀ ਨਹੀਂ ਹੁੰਦਾ। ਜੇ ਤੁਸੀਂ ਆਪਣੀ ਗੱਲ ਦੇ ਪੱਕੇ ਹੋ ਤਾਂ ਘੱਟੋ-ਘੱਟ ਹਰਿਆਣਾ ਸਰਕਾਰ ਲਿਖ ਕੇ ਇਹ ਗਾਰੰਟੀ ਕਿਉਂ ਨਹੀਂ ਦਿੰਦੀ ਕਿ ਸੂਬੇ ਦੇ ਹਰ ਕਿਸਾਨ ਦੀ ਫਸਲ ਦਾ ਇਕ ਦਾਣਾ ਵੀ ਐੱਮ.ਐੱਸ.ਪੀ. ਤੋਂ ਹੇਠਾਂ ਨਹੀਂ ਖਰੀਦਿਆ ਜਾਵੇਗਾ।

ਦੁਸ਼ਯੰਤ ਭਾਈ, ਸੱਚ ਤੁਸੀਂ ਵੀ ਜਾਣਦੇ ਹੋ, ਮੈਂ ਵੀ ਜਾਣਦਾ ਹਾਂ, ਹਰਿਆਣਾ ਦਾ ਹਰ ਕਿਸਾਨ ਵੀ ਜਾਣਦਾ ਹੈ। ਸੱਚ ਇਹ ਹੈ ਕਿ ਕੁਰਸੀ ਦਾ ਲਾਲਚ ਕਿਸਾਨ ਦੇ ਹਿਤਾਂ ’ਤੇ ਭਾਰੀ ਪੈ ਰਿਹਾ ਹੈ। ਸੱਚ ਤਾਂ ਇਹ ਹੈ ਕਿ ਹਰ ਰੋਜ਼ ਤੁਹਾਡੇ ਲਈ ਚੌਧਰੀ ਦੇਵੀ ਲਾਲ ਦੀ ਵਿਰਾਸਤ ’ਤੇ ਦਾਅਵੇਦਾਰੀ ਅਤੇ ਹੱਕ ਜਤਾਉਣ ਦਾ ਸਮਾਂ ਜਾ ਰਿਹਾ ਹੈ। ਸੱਚ ਇਹ ਵੀ ਹੈ ਕਿ ਕਿਸਾਨ ਹੁਣ ਚੌਕਸ ਹੈ। ਉਹ ਜਾਣਦਾ ਹੈ ਕਿ ਕੁਰਸੀ ਨਾਲ ਚਿਪਕਣ ਵਾਲੇ ਕਿਸਾਨਾਂ ਦ ੇ ਹਿਤੈਸ਼ੀ ਨਹੀਂ ਹੋ ਸਕਦੇ। ਸੱਚ ਇਹ ਹੈ ਕਿ ਜੇ ਅੱਜ ਅਸਤੀਫਾ ਦੇ ਕੇ ਤੁਸੀਂ ਕਿਸਾਨਾਂ ਦੇ ਹੱਕ ’ਚ ਖੜ੍ਹੇ ਨਾ ਹੋਏ ਤਾਂ ਕਿਸਾਨ ਤੁਹਾਡੇ ਮੂੰਹ ’ਚੋਂ ਦੇਵੀ ਲਾਲ ਜੀ ਦਾ ਨਾਂ ਸੁਣਨਾ ਵੀ ਪਸੰਦ ਨਹੀਂ ਕਰੇਗਾ।

ਇਸ ਲਈ ਮੈਂ ਵੱਡੇ ਭਰਾ ਦੇ ਅਧਿਕਾਰ ਨਾਲ ਕਹਿੰਦਾ ਹਾਂ –ਦੁਸ਼ਯੰਤ, ਸੱਤਾ ਦਾ ਲਾਲਚ ਛੱਡ ਕੇ ਆਪਣੀ ਆਤਮਾ ਕੋਲੋਂ ਪੁੱਛੋ ਕਿ ਜੇ ਅੱਜ ਚੌਧਰੀ ਦੇਵੀ ਲਾਲ ਜੀ ਹੁੰਦੇ ਤਾਂ ਕੀ ਕਹਿੰਦੇ? ਬਹੁਤ ਦੇਰ ਹੋ ਚੁੱਕੀ ਹੈ ਪਰ ਹੁਣ ਵੀ ਕਿਸਾਨ ਦੀ ਆਵਾਜ਼, ਕਿਸਾਨ ਦੇ ਰਹਿਨੁਮਾ ਰਹੇ ਦੇਵੀ ਲਾਲ ਜੀ ਦੀ ਆਵਾਜ਼ ਸੁਣ ਕੇ ਉਪ-ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ ਦੇ ਕੇ ਸਰਕਾਰ ਤੋਂ ਵੱਖ ਹੋ ਕੇ ਕਿਸਾਨਾਂ ਦੇ ਹੱਕ ’ਚ ਖੜ੍ਹੇ ਹੋ ਸਕਦੇ ਹੋ? ਜੇ ਅੱਜ ਕੁਰਸੀ ਛੱਡਣ ਦੀ ਹਿੰਮਤ ਦਿਖਾਓਗੇ ਤਾਂ ਹੋ ਸਕਦਾ ਹੈ ਕਿ ਕੱਲ ਇਸ ਦੇਸ਼ ਦਾ ਕਿਸਾਨ ਇਸ ਤੋਂ ਵੀ ਵੱਡੀ ਕੁਰਸੀ ਤੁਹਾਨੂੰ ਬਖਸ਼ ਦੇਵੇ। ਨਹੀਂ ਤਾਂ ਹਰਿਆਣਾ ਦਾ ਕਿਸਾਨ ਤੁਹਾਨੂੰ ਕਦੇ ਵੀ ਮੁਆਫ ਨਹੀਂ ਕਰੇਗਾ। ਤੁਸੀਂ ਖੁਦ ਨੂੰ ਵੀ ਕਦੇ ਮੁਆਫ ਨਹੀਂ ਕਰ ਸਕੋਗੇ।

ਤੁਹਾਨੂੰ ਆਪਣੇ ਹੀ ਪੜਦਾਦਾ ਜੀ ਦੀ ਆਵਾਜ਼ ਸੁਣਾਉਣ ਲਈ ਹਰਿਆਣਾ ਦੇ ਕਿਸਾਨ 6 ਅਕਤੂਬਰ ਤੋਂ ਤੁਹਾਡੇ ਘਰ ਦੇ ਸਾਹਮਣੇ ਡੇਰਾ ਲਾਉਣ ਲਈ ਆਉਣਗੇ। ਮੈਂ ਵੀ ਉਨ੍ਹਾਂ ਕਿਸਾਨਾਂ ਦੇ ਨਾਲ ਰਹਾਂਗਾ। ਉਮੀਦ ਹੈ ਕਿ ਉਸ ਤੋਂ ਪਹਿਲਾਂ ਹੀ ਤੁਸੀਂ ਉਨ੍ਹਾਂ ਦੀ ਆਵਾਜ਼ ਨੂੰ ਸੁਣ ਕੇ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਵਿਰੁੱਧ ਉਪ ਮੁੱਖ ਮੰਤਰੀ ਦੇ ਅਹੁਦੇ ਨੂੰ ਛੱਡ ਚੁੱਕੇ ਹੋਵੋਗੇ ਅਤੇ ਕਿਸਾਨਾਂ ਦੇ ਦਰਮਿਆਨ ਆ ਕੇ ਬੈਠੋਗੇ।

ਤੁਹਾਡਾ ਹਿਤ ਅਭਿਲਾਸ਼ੀ

ਯੋਗੇਂਦਰ ਯਾਦਵ


Bharat Thapa

Content Editor

Related News