ਆਪਣਾ ਰਾਕੇਟ ਧਰਤੀ ’ਤੇ ਡਿੱਗਣ ’ਤੇ ਚੀਨ ਦੀ ਚੁੱਪੀ ਤੋਂ ਅਮਰੀਕਾ ਨਾਰਾਜ਼
Saturday, Aug 06, 2022 - 12:09 PM (IST)
ਵਾਸ਼ਿੰਗਟਨ - ਚੀਨ ਪੁਲਾੜ ’ਚ ਆਪਣਾ ਖੁਦ ਦਾ ਸਪੇਸ ਸਟੇਸ਼ਨ ਬਣਾ ਰਿਹਾ ਹੈ, ਜਿਸ ਦੇ ਲਈ ਉਹ ਆਪਣੇ ਵਿਸ਼ਾਲ ਰਾਕੇਟਾਂ ਨਾਲ ਸਪੇਸ ਸਟੇਸ਼ਨ ਦੇ ਛੋਟੇ-ਛੋਟੇ ਟੁਕੜਿਆਂ ਨੂੰ ਸਮੇਂ-ਸਮੇਂ ’ਤੇ ਪੁਲਾੜ ’ਚ ਭੇਜਦਾ ਹੈ ਅਤੇ ਉਨ੍ਹਾਂ ਨੂੰ ਜੋੜਦਾ ਜਾ ਰਿਹਾ ਹੈ ਜਿਸ ਨਾਲ ਉਹ ਵੱਡਾ ਸਪੇਸ ਸਟੇਸ਼ਨ ਪੁਲਾੜ ’ਚ ਬਣਾ ਸਕੇਗਾ। ਇਸ ਸਪੇਸ ਸਟੇਸ਼ਨ ਦਾ ਨਾਂ ਚੀਨ ਨੇ ਥਿਆਨਕੁੰਗ ਰੱਖਿਆ ਹੈ। ਪੁਲਾੜ ’ਚ ਕੌਮਾਂਤਰੀ ਸਪੇਸ ਸਟੇਸ਼ਨ ਦੇ ਬਾਅਦ ਦੂਜਾ ਸਪੇਸ ਸਟੇਸ਼ਨ ਹੋਵੇਗਾ, ਜੋ ਮਨੁੱਖ ਵੱਲੋਂ ਬਣਾਇਆ ਹੋਵੇਗਾ। ਯੂਨਾਈਟਿਡ ਕਿੰਗਡਮ ’ਚ ਇਕ ਖੋਜ ਦੌਰਾਨ ਪਤਾ ਲੱਗਾ ਕਿ ਪੁਲਾੜ ’ਚ ਫੈਲੇ ਅਤੇ ਮਨੁੱਖ ਰਾਹੀਂ ਭੇਜੇ ਗਏ ਉਪਗ੍ਰਹਿਆਂ ਦੇ ਕਚਰੇ ਵਾਪਸ ਧਰਤੀ ’ਤੇ ਡਿੱਗਣ ਦੇ ਦੌਰਾਨ ਘਟਨਾਵਾਂ ਨਾਲ ਹੋਣ ਵਾਲੇ ਹਾਦਸਿਆਂ ਦਾ ਖਦਸ਼ਾ ਵਧਦਾ ਜਾ ਰਿਹਾ ਹੈ। ਦਰਅਸਲ ਪੁਲਾੜ ’ਚ ਭੇਜੇ ਜਾਣ ਵਾਲੇ ਰਾਕੇਟਾਂ ਦੇ ਸਪੋਰਟ ਸਿਸਟਮ ਦੇ ਧਰਤੀ ’ਤੇ ਡਿੱਗਣ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ ਜਿਸ ਨਾਲ ਧਰਤੀ ’ਤੇ ਰਹਿਣ ਵਾਲਿਆਂ ਲਈ ਖਤਰਾ ਵਧਦਾ ਜਾ ਰਿਹਾ ਹੈ।
ਪਿਛਲੇ ਸ਼ਨੀਵਾਰ ਨੂੰ ਚੀਨ ਵੱਲੋਂ ਪੁਲਾੜ ’ਚ ਆਪਣਾ ਸਪੇਸ ਸਟੇਸ਼ਨ ਬਣਾਉਣ ਲਈ ਵਰਤੇ ਗਏ ਸਭ ਤੋਂ ਸ਼ਕਤੀਸ਼ਾਲੀ ਅਤੇ ਵੱਡੇ ਰਾਕੇਟ (ਲਾਂਗਮਾਰਚ-5 ਬੀ) ਦਾ ਸੜਿਆ ਹੋਇਆ ਹਿੱਸਾ ਧਰਤੀ ’ਤੇ ਡਿੱਗਿਆ ਹੈ। 176 ਫੁੱਟ ਲੰਬਾ ਅਤੇ 23 ਟਨ ਭਾਰੀ ਰਾਕੇਟ ਦਾ ਬਚਿਆ ਹੋਇਆ ਹਿੱਸਾ ਫਿਲੀਪੀਨਜ਼ ਦੇ ਇਕ ਟਾਪੂ ਕੋਲ ਡਿੱਗਿਆ ਹੈ। ਮਲੇਸ਼ੀਆ ਦੇ ਇਕ ਵਿਅਕਤੀ ਨੇ ਇਸ ਦਾ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪੋਸਟ ਵੀ ਕਰ ਦਿੱਤਾ ਸੀ। ਧਰਤੀ ਦੇ ਵਾਤਾਵਰਣ ’ਚ ਵਾਪਸ ਆਉਂਦੇ ਸਮੇਂ ਉਂਝ ਤਾਂ ਰਾਕੇਟ ਦੇ ਹਿੱਸੇ ਰਸਤੇ ’ਚ ਹੀ ਸੜ ਜਾਂਦੇ ਹਨ ਪਰ ਇਸ ਵਾਰ ਵੱਡੇ ਸਾਰੇ ਰਾਕੇਟ ਦਾ ਵੱਡਾ ਹਿੱਸਾ ਸੜ ਨਹੀਂ ਸਕਿਆ ਅਤੇ ਧਰਤੀ ’ਤੇ ਆ ਡਿੱਗਿਆ ਪਰ ਇਸ ਨਾਲ ਕਿਸੇ ਦੀ ਜਾਨ ਨੂੰ ਕੋਈ ਖਤਰਾ ਨਹੀਂ ਹੋਇਆ। ਚੀਨ ਨੇ ਲਾਂਗਮਾਰਚ-5ਬੀ ਨੂੰ ਦੱਖਣੀ ਚੀਨ ਦੇ ਹੈਨਾਨ ਸੂਬੇ ਦੇ ਲਾਂਚ ਸਟੇਸ਼ਨ ਤੋਂ ਪੁਲਾੜ ’ਚ ਭੇਜਿਆ ਸੀ, ਜਿਸ ਨੇ ਥਿਆਨਕੁੰਗ ਪੁਲਾੜ ਸਟੇਸ਼ਨ ਨਾਲ ਜਾ ਕੇ ਜੁੜਨਾ ਸੀ।
ਚੀਨ ਪੁਲਾੜ ’ਚ ਰਾਕੇਟ ਤਾਂ ਭੇਜਦਾ ਹੈ ਪਰ ਉਸ ਕੋਲ ਉਹ ਮੁਹਾਰਤ ਨਹੀਂ, ਜੋ ਅਮਰੀਕਾ, ਯੂਰਪੀ ਸੰਘ, ਭਾਰਤ ਅਤੇ ਕਈ ਦੂਜੇ ਦੇਸ਼ਾਂ ਕੋਲ ਹੈ ਿਕਉਂਕਿ ਇਨ੍ਹਾਂ ਦੋਵਾਂ ਦੇਸ਼ਾਂ ਦੇ ਰਾਕੇਟ ਦੇ ਟੁਕੜੇ ਕਦੀ ਧਰਤੀ ’ਤੇ ਨਹੀਂ ਡਿੱਗਦੇ ਪਰ ਚੀਨ ਦੇ ਰਾਕੇਟਾਂ ਦਾ ਧਰਤੀ ’ਤੇ ਡਿੱਗਣ ਦਾ ਇਕ ਸਿਲਸਿਲਾ ਜਿਹਾ ਚੱਲ ਪਿਆ ਹੈ। ਜੇਕਰ ਅਸੀਂ ਪਿਛਲੇ 6 ਸਾਲਾਂ ਦੀ ਰਿਪੋਰਟ ਦੇਖੀਏ ਤਾਂ ਚੀਨ ਦਾ ਇਹ ਤੀਜਾ ਰਾਕੇਟ ਹੈ ਜੋ ਧਰਤੀ ’ਤੇ ਡਿੱਗਿਆ ਹੈ। ਸਾਲ 2016 ’ਚ ਥਿਆਨਕੁੰਗ-1 ਦਾ ਮਲਬਾ ਪ੍ਰਸ਼ਾਂਤ ਮਹਾਸਾਗਰ ’ਚ ਡਿੱਗਿਆ ਸੀ। ਉਸ ਸਮੇਂ ਚੀਨ ਨੇ ਇਸ ਗੱਲ ਨੂੰ ਮੰਨਿਆ ਸੀ ਕਿ ਇਸ ਰਾਕੇਟ ਦਾ ਕੰਟਰੋਲ ਉਨ੍ਹਾਂ ਦੇ ਹੱਥਾਂ ਤੋਂ ਨਿਕਲ ਗਿਆ ਸੀ। ਇਸ ਦੇ ਬਾਅਦ ਦੂਜੀ ਘਟਨਾ ਮਈ 2020 ਦੀ ਹੈ ਜਦੋਂ ਚੀਨ ਦਾ ਲਾਂਗਮਾਰਚ-1ਬੀ, 18 ਟਨ ਦਾ ਇਕ ਰਾਕੇਟ ਬੇਕਾਬੂ ਹੋ ਕੇ ਪੱਛਮੀ ਅਫਰੀਕੀ ਦੇਸ਼ ਆਈਵਰੀ ਕੋਸਟ ’ਤੇ ਜਾ ਡਿੱਗਿਆ ਸੀ, ਜਿਸ ਨਾਲ ਉਥੇ ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਸੀ। ਸੰਯੋਗ ਨਾਲ ਇਸ ਘਟਨਾ ’ਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਸੀ।
ਇਸ ਹਾਦਸੇ ਦੇ ਬਾਰੇ ’ਚ ਨਾਸਾ ਦੇ ਉੱਚ ਅਧਿਕਾਰੀ ਬਿਲ ਨੇਲਸਨ ਨੇ ਚੀਨ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਦੁਨੀਆ ਦੇ ਸਾਰੇ ਪੁਲਾੜ ਅਭਿਆਨਕਰਤਾ ਦੇਸ਼ਾਂ ਨੂੰ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਕਿ ਉਹੋ ਅਜਿਹੀਆਂ ਤਕਨੀਕਾਂ ਦੀ ਵਰਤੋਂ ਕਰਨ ਜਿਸ ਨਾਲ ਧਰਤੀ ’ਤੇ ਕੋਈ ਦੁਰਘਟਨਾ ਨਾ ਹੋ ਸਕੇ। ਇਸ ਦੇ ਨਾਲ ਹੀ ਸਾਰੇ ਦੇਸ਼ਾਂ ਨੂੰ ਆਪਣੀ ਪੁਲਾੜ ਮੁਹਿੰਮ ਨਾਲ ਜੁੜੀਆਂ ਜਾਣਕਾਰੀਆਂ ਇਕ-ਦੂਜੇ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਪਿਛਲੇ ਸਾਲ ਵੀ ਨਾਸਾ ਤੇ ਦੂਜੀਆਂ ਸਪੇਸ ਏਜੰਸੀਆਂ ਨੇ ਚੀਨ ਨੂੰ ਉਸ ਦੀਆਂ ਅਪਾਰਦਰਸ਼ੀ ਪੁਲਾੜ ਨੀਤੀਆਂ ਲਈ ਖੂਬ ਖਰੀਆਂ-ਖੋਟੀਆਂ ਸੁਣਾਈਆਂ ਸਨ ਜਦੋਂ ਚੀਨ ਨੇ ਆਪਣੇ ਪੁਲਾੜ ਮਲਬੇ ਦੇ ਡਿੱਗਣ ਦੀ ਕੋਈ ਲੋਕੇਸ਼ਨ ਅਤੇ ਟੀਚਾਬੱਧ ਥਾਂ ਦੇ ਬਾਰੇ ’ਚ ਕੁਝ ਵੀ ਨਹੀਂ ਦੱਸਿਆ ਸੀ ਪਰ ਪੇਈਚਿੰਗ ਵੱਲੋਂ ਇਸ ਬਾਰੇ ਇਕ ਵੀ ਸ਼ਬਦ ਨਹੀਂ ਬੋਲਿਆ ਗਿਆ।
ਹਾਲਾਂਕਿ ਇਹ ਉਹ ਰਾਕੇਟ ਹਨ ਜੋ ਚੀਨ ਦੀ ਸਰਹੱਦ ਤੋਂ ਬਾਹਰ ਦੁਨੀਆ ਦੇ ਦੂਜੇ ਹਿੱਸੇ ’ਚ ਡਿੱਗੇ ਸਨ ਜਿਸ ਨੂੰ ਚੀਨ ਨੂੰ ਮੰਨਣਾ ਉਸ ਦੀ ਮਜਬੂਰੀ ਬਣ ਗਿਆ ਸੀ ਪਰ ਕਈ ਅਜਿਹੇ ਵੀ ਰਾਕੇਟ ਹਨ ਜੋ ਚੀਨ ਦੀ ਸਰਹੱਦ ’ਚ ਡਿੱਗੇ ਜਿਨ੍ਹਾਂ ਬਾਰੇ ਚੀਨ ਨੇ ਕਦੀ ਕੋਈ ਬਿਆਨ ਜਾਰੀ ਨਹੀਂ ਕੀਤਾ। ਚੀਨੀ ਮੀਡੀਆ ਵੀ ਉਨ੍ਹਾਂ ਹਾਦਸਿਆਂ ਨੂੰ ਲੁਕਾ ਗਿਆ। ਲਾਂਗਮਾਰਚ-5ਬੀ ਦੇ ਮਲਬੇ ਦੇ ਬੇਕਾਬੂ ਹੋ ਕੇ ਧਰਤੀ ’ਤੇ ਡਿੱਗਣ ਦੀ ਘਟਨਾ ਨੂੰ ਨਾਸਾ ਨੇ ਪ੍ਰਕਾਸ਼ਿਤ ਕੀਤਾ ਅਤੇ ਚੀਨ ਦੀ ਆਲੋਚਨਾ ਵੀ ਕੀਤੀ। ਨਾਸਾ ਨੇ ਕਿਹਾ ਕਿ ਚੀਨ ਕਦੀ ਆਪਣੇ ਰਾਕੇਟ ਲਾਂਚ ਦੀ ਜਾਣਕਾਰੀ ਦੁਨੀਆ ਨੂੰ ਨਹੀਂ ਦਿੰਦਾ। ਜਦੋਂ ਵੀ ਕੋਈ ਰਾਕੇਟ ਉਸ ਦੇ ਹੱਥੋਂ ਬੇਕਾਬੂ ਹੋ ਕੇ ਧਰਤੀ ’ਤੇ ਡਿੱਗਦਾ ਹੈ ਤਾਂ ਚੀਨ ਨਾ ਤਾਂ ਇਸ ਗੱਲ ਦੀ ਜਾਣਕਾਰੀ ਦਿੰਦਾ ਹੈ ਅਤੇ ਨਾ ਹੀ ਉਸ ਇਲਾਕੇ ਵਿਸ਼ੇਸ਼ ਦੇ ਲੋਕਾਂ ਨੂੰ ਇਸ ਗੱਲ ਤੋਂ ਸੁਚੇਤ ਕਰਦਾ ਹੈ। ਚੀਨ ਨੂੰ ਆਪਣੀ ਵਨਥਿਆਨ ਸਾਇੰਸ ਲੈਬ ਨੂੰ ਥਿਆਨਕੁੰਗ ਪੁਲਾੜ ਸਟੇਸ਼ਨ ਨਾਲ ਜੋੜਨਾ ਸੀ, ਜਿਸ ਦੇ ਲਈ ਚੀਨ ਨੇ ਆਪਣਾ ਸਭ ਤੋਂ ਤਾਕਤਵਰ ਰਾਕੇਟ ਲਾਂਗਮਾਰਚ-5ਬੀ ਭੇਜਿਆ। ਇਸ ’ਚ ਇਕ ਕੋਰ ਬੂਸਟਰ ਹੈ ਜਿਸ ਦੀ ਲੰਬਾਈ 100 ਫੁੱਟ ਤੋਂ ਵੱਧ ਹੈ। ਇਸ ਦੇ ਇਲਾਵਾ ਵੀ ਇਸ ’ਚ 4 ਹੋਰ ਬੂਸਟਰ ਲੱਗੇ ਰਹਿੰਦੇ ਹਨ ਜੋ ਪੁਲਾੜ ਗੱਡੀ ਨੂੰ ਨਿਰਧਾਰਿਤ ਪੰਧ ’ਚ ਸਥਾਪਿਤ ਕਰਨ ’ਚ ਮਦਦ ਕਰਦੇ ਹਨ। ਇਸ ਵਾਰ ਇਹ ਕੋਰ ਬੂਸਟਰ ਵਾਲਾ ਹਿੱਸਾ ਚੀਨ ਦੇ ਕੰਟਰੋਲ ਤੋਂ ਬਾਹਰ ਹੋ ਕੇ ਧਰਤੀ ’ਤੇ ਜਾ ਡਿੱਗਾ।
ਚੀਨ ਦਾ ਮਲਬਾ ਡਿੱਗਣ ਦੀ ਥਾਂ ’ਚ ਬੰਗਾਲ ਦੀ ਖਾੜੀ ’ਚ ਬੰਗਲਾਦੇਸ਼ ਦੀ ਸਮੁੰਦਰੀ ਸਰਹੱਦ ਦੇ ਨੇੜੇ ਤੋਂ ਲੈ ਕੇ ਪੂਰਾ ਦੱਖਣੀ ਪ੍ਰਸ਼ਾਂਤ ਮਹਾਸਾਗਰ ਦਾ ਖੇਤਰ ਆਉਂਦਾ ਹੈ ਜਿਸ ’ਚ ਪਾਪੂਆ ਨਿਊ ਗਿਨੀ, ਇੰਡੋਨੇਸ਼ੀਆ, ਫਿਲੀਪੀਨਜ਼, ਮਲੇਸ਼ੀਆ, ਵੀਅਤਨਾਮ, ਮਿਆਂਮਾਰ, ਕੰਬੋਡੀਆ, ਸਿੰਗਾਪੁਰ ਵਰਗੇ ਦੇਸ਼ਾਂ ਦੀ ਲੋਕੇਸ਼ਨ ਸ਼ਾਮਲ ਹੈ। ਚੀਨ ਆਪਣੀ ਇਸ ਗਲਤੀ ਨੂੰ ਸੁਧਾਰ ਸਕਦਾ ਹੈ ਜਿਸ ਦੇ ਲਈ ਉਸ ਨੂੰ ਤਕਨੀਕੀ ਤੌਰ ’ਤੇ ਉੱਨਤ ਰਾਕੇਟ ਬਣਾਉਣੇ ਹੋਣਗੇ ਪਰ ਅਜਿਹਾ ਕਰਨ ’ਚ ਵੱਧ ਧਨ ਲੱਗਦਾ ਹੈ ਜੋ ਚੀਨ ਖਰਚ ਨਹੀਂ ਕਰਨਾ ਚਾਹੁੰਦਾ। ਚੀਨ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਕਿ ਉਸ ਦੇ ਪੁਲਾੜ ਮਲਬੇ ਨਾਲ ਕਿਸੇ ਦੀ ਜਾਨ ਚਲੀ ਜਾਵੇ ਜਾਂ ਕਿਸੇ ਦੇਸ਼ ਨੂੰ ਜਾਨੀ-ਮਾਲੀ ਨੁਕਸਾਨ ਪਹੁੰਚੇ। ਚੀਨ ਇਸ ਤੋਂ ਬਚਣ ਲਈ ਦੁਬਾਰਾ ਵਰਤੋਂ ’ਚ ਲਿਆਂਦੇ ਜਾਣ ਵਾਲੇ ਰਾਕੇਟਾਂ ਦੀ ਵਰਤੋਂ ਕਰ ਸਕਦਾ ਹੈ। ਇਨ੍ਹਾਂ ’ਚ ਉੱਨਤ ਤਕਨੀਕ ਦੀ ਵਰਤੋਂ ਨਾਲ ਬੂਸਟਰ ਨੂੰ ਹਵਾਈ ਜਹਾਜ਼ ਵਾਂਗ ਧਰਤੀ ’ਤੇ ਉਤਾਰਿਆ ਜਾ ਸਕਦਾ ਹੈ ਪਰ ਇਹ ਬੜਾ ਖਰਚੀਲਾ ਕੰਮ ਹੈ ਜਿਸ ਨੂੰ ਚੀਨ ਕਿਸੇ ਵੀ ਕੀਮਤ ’ਤੇ ਨਹੀਂ ਕਰਨਾ ਚਾਹੁੰਦਾ।