3 ਸਾਲਾਂ ਤੋਂ ਫਰਾਰ ਸੀ ਜ਼ਮਾਨਤ ''ਤੇ ਰਿਹਾਅ ਕਤਲ ਦਾ ਦੋਸ਼ੀ, ਪੰਜਾਬ ਤੋਂ ਗ੍ਰਿਫ਼ਤਾਰ
Wednesday, Aug 06, 2025 - 01:19 PM (IST)

ਪਾਲਘਰ- ਮਹਾਰਾਸ਼ਟਰ ਦੇ ਪਾਲਘਰ 'ਚ 2016 ਦੇ ਇਕ ਕਤਲ ਕੇਸ 'ਚ ਤਿੰਨ ਸਾਲਾਂ ਤੋਂ ਫਰਾਰ ਇਕ ਦੋਸ਼ੀ ਨੂੰ ਪੰਜਾਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀ ਸ਼ੰਕਰ ਜਗਦੀਸ਼ ਮੁਖੀਆ ਉਰਫ਼ ਸਮੋਸਾਵਾਲਾ ਵਾਰ-ਵਾਰ ਆਪਣਾ ਨਾਮ ਅਤੇ ਪਛਾਣ ਬਦਲ ਕੇ ਪੁਲਸ ਦੇ ਰਾਡਾਰ ਤੋਂ ਬਚਦਾ ਰਿਹਾ। ਸੀਨੀਅਰ ਪੁਲਸ ਇੰਸਪੈਕਟਰ ਸਮੀਰ ਅਹਿਰਰਾਓ ਨੇ ਕਿਹਾ ਕਿ ਉਸ ਨੂੰ 15 ਸਤੰਬਰ, 2016 ਨੂੰ ਨਾਲਾਸੋਪਾਰਾ ਖੇਤਰ 'ਚ ਦਿਲੀਪ ਬਾਸਨੇਤ ਦੇ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਸੀ। ਇਹ ਘਟਨਾ ਉਦੋਂ ਵਾਪਰੀ, ਜਦੋਂ ਦੋਸ਼ੀ ਨੇ ਕਿਸਾਨ ਦੀ ਪਤਨੀ ਵਿਰੁੱਧ ਕਥਿਤ ਤੌਰ 'ਤੇ ਅਸ਼ਲੀਲ ਟਿੱਪਣੀਆਂ ਕਰਨ ਤੋਂ ਬਾਅਦ ਬਾਸਨੇਤ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਸੀ।
ਪੁਲਸ ਦੀ ਇਕ ਰਿਲੀਜ਼ 'ਚ ਕਿਹਾ ਗਿਆ ਹੈ ਕਿ ਵਾਲਿਵ ਪੁਲਸ ਨੇ ਭਾਰਤੀ ਦੰਡਾਵਲੀ ਦੀ ਧਾਰਾ 302 (ਕਤਲ) ਦੇ ਅਧੀਨ ਮਾਮਲਾ ਦਰਜ ਕੀਤਾ ਸੀ ਅਤੇ ਅਦਾਲਤ ਨੇ ਮੁਖੀਆ ਨੂੰ ਕੈਦ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਇਸ 'ਚ ਜੇਲ੍ਹ ਦੀ ਮਿਆਦ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਰਿਲੀਜ਼'ਚ ਕਿਹਾ ਗਿਆ ਹੈ ਕਿ ਉਸ ਨੂੰ 2022 'ਚ (ਕੋਰੋਨਾ ਦੌਰਾਨ) ਠਾਣੇ ਸੈਂਟਰਲ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਕੀਤਾ ਗਿਆ ਸੀ ਪਰ 7 ਮਈ 2022 ਨੂੰ ਪੈਰੋਲ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਅਪਰਾਧੀ ਜੇਲ੍ਹ ਨਹੀਂ ਪਰਤਿਆ ਅਤੇ ਲਾਪਤਾ ਹੋ ਗਿਆ। ਪੁਲਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 224 (ਕਿਸੇ ਵਿਅਕਤੀ ਵਲੋਂ ਉਸ ਨੂੰ ਜਾਇਜ਼ ਤੀਰੇਕ ਨਾਲ ਫੜਨ 'ਚ ਰੁਕਾਵਟ) ਦੇ ਅਧੀਨ ਇਕ ਵੱਖ ਮਾਮਲਾ ਦਰਜ ਕੀਤਾ ਗਿਆ। ਹਾਲ ਹੀ 'ਚ ਇਕ ਭਰੋਸੇਯੋਗ ਸੂਚਨਾ ਦੇ ਆਧਾਰ 'ਤੇ ਇਕ ਵਿਸ਼ੇਸ਼ ਪੁਲਸ ਦਲ ਪੰਜਾਬ ਭੇਜਿਆ ਗਿਆ। ਪੁਲਸ ਨੇ ਦੱਸਿਆ ਕਿ ਦੋਸ਼ੀ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਪਾਇਆ ਗਿਆ ਅਤੇ ਸੋਮਵਾਰ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e