ਨਸ਼ਾ ਤਸਕਰ ਦੀ ਨਾਜਾਇਜ਼ ਕਾਬਜ਼ ਜਗ੍ਹਾ ''ਤੇ ਚੱਲਿਆ ਪੀਲਾ ਪੰਜਾਬ

Saturday, Aug 02, 2025 - 02:29 PM (IST)

ਨਸ਼ਾ ਤਸਕਰ ਦੀ ਨਾਜਾਇਜ਼ ਕਾਬਜ਼ ਜਗ੍ਹਾ ''ਤੇ ਚੱਲਿਆ ਪੀਲਾ ਪੰਜਾਬ

ਮਾਛੀਵਾੜਾ ਸਾਹਿਬ (ਵਿਪਨ, ਟੱਕਰ) : ਮਾਛੀਵਾੜਾ ਪੁਲਸ ਥਾਣਾ ਅਧੀਨ ਪੈਂਦੇ ਪਿੰਡ ਚੱਕੀ ਵਿਖੇ ਪੁਲਸ ਪ੍ਰਸ਼ਾਸਨ ਵਲੋਂ ਨਸ਼ਾ ਤਸਕਰ ਦੀ ਨਾਜਾਇਜ਼ ਕਾਬਜ ਜਗ੍ਹਾ ’ਤੇ ‘ਪੀਲਾ ਪੰਜਾ’ ਚਲਾ ਕੇ ਇਹ ਕਬਜ਼ਾ ਹਟਾ ਦਿੱਤਾ ਗਿਆ। ਅੱਜ ਵਿਸ਼ੇਸ਼ ਤੌਰ ’ਤੇ ਪੁਲਸ ਜ਼ਿਲ੍ਹਾ ਖੰਨਾ ਦੇ ਐੱਸ. ਐੱਸ. ਪੀ. ਡਾ. ਜੋਤੀ ਯਾਦਵ ਭਾਰੀ ਫੋਰਸ ਬਲ ਸਮੇਤ ਪਿੰਡ ਚੱਕੀ ਵਿਖੇ ਪੁੱਜੇ। ਉਨ੍ਹਾਂ ਦੀ ਨਿਗਰਾਨੀ ਹੇਠ ਇਹ ਨਾਜਾਇਜ਼ ਕਬਜ਼ਾ ਜੇ. ਸੀ. ਬੀ. ਦੀ ਮਦਦ ਨਾਲ ਹਟਵਾ ਦਿੱਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ. ਐੱਸ. ਪੀ. ਡਾ. ਜੋਤੀ ਯਾਦਵ ਨੇ ਕਿਹਾ ਕਿ ਪਿੰਡ ਚੱਕੀ ਦਾ ਸੁਖਪ੍ਰੀਤ ਸਿੰਘ ਨਾਮਕ ਵਿਅਕਤੀ ਜਿਸ ’ਤੇ 2 ਮਾਮਲੇ ਦਰਜ ਹਨ, ਜਿਸ ਤੋਂ ਹੈਰੋਇਨ ਬਰਾਮਦ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਇਸ ਵਿਅਕਤੀ ਨੇ ਪਿੰਡ 'ਚ ਸ਼ਾਮਲਾਤ ਜਗ੍ਹਾ 'ਚ ਕਬਜ਼ਾ ਕੀਤਾ ਹੋਇਆ ਸੀ ਅਤੇ ਪੰਚਾਇਤ ਵਿਭਾਗ ਦੀ ਰਿਪੋਰਟ ਦੇ ਆਧਾਰ ’ਤੇ ਜੇ. ਸੀ. ਬੀ. ਮਸ਼ੀਨ ਨਾਲ ਇਹ ਨਾਜਾਇਜ਼ ਕਬਜ਼ਾ ਹਟਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਸ ਜ਼ਿਲ੍ਹਾ ਖੰਨਾ 'ਚ ਹੁਣ ਤੱਕ ਕਰੀਬ 12 ਨਸ਼ਾ ਤਸਕਰ ਜਿਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੀਆਂ ਜ਼ਮੀਨਾਂ ’ਤੇ ਨਾਜਾਇਜ਼ ਕਬਜੇ ਕੀਤੇ ਸਨ, ਉਨ੍ਹਾਂ ’ਤੇ ‘ਪੀਲਾ ਪੰਜਾ’ ਚਲਾ ਕੇ ਸਖ਼ਤ ਕਾਰਵਾਈ ਕੀਤੀ ਗਈ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲਸ ਜ਼ਿਲ੍ਹਾ ਖੰਨਾ ਵਿਚ 1 ਮਾਰਚ ਤੋਂ ਲੈ ਕੇ ਹੁਣ ਤੱਕ 370 ਮਾਮਲੇ ਦਰਜ ਕੀਤੇ ਹਨ ਅਤੇ 450 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਨਸ਼ਾ ਤਸਕਰਾਂ ਤੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਵੀ ਬਰਾਮਦ ਹੋਏ ਹਨ। ਐੱਸ. ਐੱਸ. ਪੀ. ਨੇ ਕਿਹਾ ਕਿ ਕਈ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਵੀ ਅਟੈਚ ਕਰ ਦਿੱਤੀਆਂ ਗਈਆਂ ਹਨ ਅਤੇ ਇਹ ਸਖ਼ਤ ਕਾਰਵਾਈ ਆਉਣ ਵਾਲੇ ਸਮੇਂ 'ਚ ਵੀ ਜਾਰੀ ਰਹੇਗੀ। ਡਾ. ਜੋਤੀ ਯਾਦਵ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਬੜੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ। ਇਸ ਮੌਕੇ ਐੱਸ. ਡੀ. ਐੱਮ. ਰਜਨੀਸ਼ ਅਰੋੜਾ, ਐੱਸ. ਪੀ. ਤੇਜਵੀਰ ਸਿੰਘ ਹੁੰਦਲ, ਡੀ. ਐੱਸ. ਪੀ. ਤਰਲੋਚਨ ਸਿੰਘ, ਡੀ. ਐੱਸ. ਪੀ. ਕਰਮਵੀਰ ਤੂਰ, ਥਾਣਾ ਮੁਖੀ ਹਰਵਿੰਦਰ ਸਿੰਘ, ਸਮਰਾਲਾ ਥਾਣਾ ਮੁਖੀ ਪਵਿੱਤਰ ਸਿੰਘ ਵੀ ਮੌਜੂਦ ਸਨ।


author

Babita

Content Editor

Related News