ਬਦਲੀ ਪੋਰਟਲ ਤੇ ਸਟੇਸ਼ਨ ਚੋਣ ਤੁਰੰਤ ਦੇਣ ਦੀ ਮੰਗ

Monday, Aug 04, 2025 - 11:43 AM (IST)

ਬਦਲੀ ਪੋਰਟਲ ਤੇ ਸਟੇਸ਼ਨ ਚੋਣ ਤੁਰੰਤ ਦੇਣ ਦੀ ਮੰਗ

ਸੰਗਰੂਰ (ਸਿੰਗਲਾ) : ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਸੁਖਵਿੰਦਰ ਗਿਰ ਨੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਦਿਖਾਈ ਜਾ ਰਹੀ ਨਲਾਇਕੀ ਦੀ ਨਿਖੇਧੀ ਕਰਦਿਆਂ ਬਦਲੀ ਪੋਰਟਲ ਤੇ ਸਟੇਸ਼ਨ ਚੋਣ ਤੁਰੰਤ ਦੇਣ ਦੀ ਮੰਗ ਕੀਤੀ।

ਉਨ੍ਹਾਂ ਦੱਸਿਆ ਕਿ ਈ ਪੰਜਾਬ ਪੋਰਟਲ ਉੱਪਰ ਬਦਲੀ ਪ੍ਰਕਿਰਿਆ 6 ਜੂਨ ਤੋਂ ਸ਼ੁਰੂ ਕਰਕੇ ਜੁਲਾਈ ਮਹੀਨੇ ਦੇ ਲਗਭਗ ਪੂਰਾ ਬੀਤ ਜਾਣ ਦੇ ਬਾਵਜੂਦ ਅਧਿਆਪਕਾਂ ਲਈ ਸਟੇਸ਼ਨ ਚੋਣ ਕਰਨ ਲਈ ਨਹੀਂ ਖੋਲ੍ਹਿਆ ਜਾ ਸਕਿਆ ਹੈ ਜਿਸ ਕਾਰਣ ਲੰਬੇ ਸਮੇਂ ਤੋਂ ਬਦਲੀਆਂ ਉਡੀਕ ਰਹੇ ਅਧਿਆਪਕ ਮਾਨਸਿਕ ਤੌਰ ''ਤੇ ਪ੍ਰੇਸ਼ਾਨ ਮਹਿਸੂਸ ਕਰ ਰਹੇ ਹਨ। ਉਹ ਜੱਥੇਬੰਦੀਆਂ ਦੇ ਆਗੂਆਂ ਅਤੇ ਆਪਣੇ ਆਪਣੇ ਸ੍ਰੋਤਾਂ ਤੋਂ ਬਦਲੀ ਪੋਰਟਲ ਦੇ ਸਟੇਸ਼ਨ ਚੋਣ ਲਈ ਖੋਲ੍ਹੇ ਜਾਣ ਬਾਰੇ ਸੂਚਨਾ ਲੈਣਾ ਚਾਹੁੰਦੇ ਹਨ ਪਰ ਪਿਛਲੇ ਸਮੇਂ ਵਿਚ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਖ-ਵੱਖ ਜੱਥੇਬੰਦੀਆਂ ਅਤੇ ਹੋਰਨਾਂ ਸ੍ਰੋਤਾਂ ਨੂੰ ਦਿੱਤੀ ਗਈ ਸੂਚਨਾ ਅੱਜ ਤੱਕ ਝੂਠੀ ਸਾਬਤ ਹੋਈ ਹੈ ਜਿਸ ਕਾਰਣ ਅਧਿਆਪਕਾਂ ਸਿੱਖਿਆ ਵਿਭਾਗ ਦੀ ਕਾਰਜਸ਼ੈਲੀ ਤੋਂ ਨਿਰਾਸ਼ ਹਨ।

ਇਸ ਮੌਕੇ ਡੈਮੋਕ੍ਰੈਟਿਕ ਟੀਚਰਜ਼ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਸੂਬਾ ਆਗੂ ਮੇਘ ਰਾਜ ਅਤੇ ਦਲਜੀਤ ਸਫੀਪੁਰ, ਜ਼ਿਲਾ ਆਗੂ ਅਮਨ ਵਸ਼ਿਸ਼ਟ ਨੇ ਕਿਹਾ ਕਿ ਵਿਭਾਗ ਵੱਲੋਂ ਸਮੇਂ ਸਿਰ ਬਦਲੀਆਂ ਨਾ ਕਰਨਾ ਅਤੇ ਬਦਲੀਆਂ ਦੀ ਥਾਂ ਡੈਪੂਟੇਸ਼ਨਾਂ ਕਰਨਾ ਵਿਭਾਗ ਵਿਚ ਰਾਜਨੀਤਕ ਦਖ਼ਲ-ਅੰਦਾਜ਼ੀ ਦਾ ਹੀ ਸਬੂਤ ਹੈ। ਜ਼ਿਲ੍ਹਾ ਪ੍ਰੈੱਸ ਸਕੱਤਰ ਕਰਮਜੀਤ ਨਦਾਮਪੁਰ, ਜ਼ਿਲਾ ਵਿੱਤ ਸਕੱਤਰ ਕਮਲਜੀਤ ਬਨਭੌਰਾ, ਜ਼ਿਲਾ ਆਗੂ ਕੁਲਵੰਤ ਖਨੌਰੀ, ਦੀਨਾ ਨਾਥ ਸੁਖਬੀਰ ਖਨੌਰੀ, ਬਲਵਿੰਦਰ ਸਤੌਜ, ਰਾਜ ਸੈਣੀ, ਮਨੋਜ ਲਹਿਰਾ, ਰਵਿੰਦਰ ਦਿੜਬਾ ਨੇ ਮੰਗ ਕੀਤੀ ਕਿ ਬਦਲੀ ਪੋਰਟਲ ਸਟੇਸ਼ਨ ਚੋਣ ਲਈ ਤੁਰੰਤ ਖੋਲ੍ਹਿਆ ਜਾਵੇ ਅਤੇ ਈ. ਟੀ. ਟੀ. ਤੋਂ ਮਾਸਟਰ ਕਾਡਰ, ਮਾਸਟਰ ਕਾਡਰ ਤੋਂ ਲੈਕਚਰਾਰ ਕਾਡਰ ਅਤੇ ਪੀ. ਟੀ. ਆਈ. ਤੋਂ ਡੀ. ਪੀ. ਈ. ਵਜੋਂ ਦੁਰੇਡੇ ਸਟੇਸ਼ਨਾਂ ''ਤੇ ਤਰੱਕੀਆਂ ਲੈਣ ਵਾਲੇ ਅਧਿਆਪਕਾਂ ਨੂੰ ਵੀ ਬਦਲੀਆਂ ਦਾ ਮੌਕਾ ਦਿੱਤਾ ਜਾਵੇ।

 


author

Gurminder Singh

Content Editor

Related News