ਹਵਾਈ ਸਫਰ ਹੋ ਰਿਹਾ ਖਤਰਿਆਂ ਭਰਿਆ: ਆਪਸੀ ਟੱਕਰ, ਇੰਜਣ ’ਚ ਅੱਗ, ਔਰਤਾਂ ਨਾਲ ਛੇੜਛਾੜ
Friday, Aug 25, 2023 - 03:07 AM (IST)
ਰੇਲ ਅਤੇ ਬੱਸ ਯਾਤਰਾ ਦੀ ਤੁਲਨਾ ’ਚ ਜਹਾਜ਼ ਯਾਤਰਾ ਨੂੰ ਵੱਧ ਸਹੂਲਤ ਵਾਲਾ ਮੰਨਿਆ ਜਾਂਦਾ ਹੈ ਪਰ ਹੁਣ ਪਿਛਲੇ ਕੁਝ ਸਮੇਂ ਤੋਂ ਜਹਾਜ਼ ਯਾਤਰਾਵਾਂ ’ਚ ਵੀ ਕਈ ਸਮੱਸਿਆਵਾਂ ਆਉਣ ਲੱਗੀਆਂ ਹਨ।
ਜਹਾਜ਼ ’ਚ ਯਾਤਰੀਆਂ ਵੱਲੋਂ ਮਾਰਾਮਾਰੀ, ਚਾਲਕ ਦਲ ਦੇ ਮੈਂਬਰਾਂ ਅਤੇ ਮਹਿਲਾ ਯਾਤਰੀਆਂ ਨਾਲ ਛੇੜਛਾੜ ਅਤੇ ਉਨ੍ਹਾਂ ’ਤੇ ਪਿਸ਼ਾਬ ਕਰਨ ਆਦਿ ਦੇ ਇਲਾਵਾ ਜਹਾਜ਼ਾਂ ਦੇ ਇੰਜਣਾਂ ’ਚ ਅੱਗ ਲੱਗਣ ਤਕ ਦੀਆਂ ਘਟਨਾਵਾਂ ਹੋ ਰਹੀਆਂ ਹਨ।
* 23 ਅਗਸਤ ਨੂੰ ਦਿੱਲੀ ਹਵਾਈ ਅੱਡੇ ’ਤੇ ਏਅਰ ਟ੍ਰੈਫਿਕ ਕੰਟ੍ਰੋਲਰ ਦੀ ਭੁੱਲ ਕਾਰਨ ਇਕ ਹੀ ਰਨਵੇ ’ਤੇ ‘ਵਿਸਤਾਰਾ’ ਦੇ 2 ਜਹਾਜ਼ ਪਹੁੰਚ ਗਏ। ਰਨਵੇ ਨੰਬਰ 29 ਐੱਲ ’ਤੇ ਉਤਰੇ ਜਹਾਜ਼ ਨੂੰ ਏਅਰ ਟ੍ਰੈਫਿਕ ਕੰਟ੍ਰੋਲਰ ਨੇ ਰਨਵੇ 29 ਆਰ ਤੋਂ ਹੁੰਦੇ ਹੋਏ ਪਾਰਕਿੰਗ ’ਚ ਜਾਣ ਦਾ ਸਿਗਨਲ ਦਿੱਤਾ ਸੀ। ਇਸੇ ਦੌਰਾਨ ਏਅਰ ਟ੍ਰੈਫਿਕ ਕੰਟ੍ਰੋਲਰ ਨੇ ਇਕ ਹੋਰ ਜਹਾਜ਼ ਨੂੰ ਰਨਵੇ 29 ਆਰ ਤੋਂ ਉਡਾਣ ਭਰਨ ਦੀ ਪ੍ਰਵਾਨਗੀ ਦੇ ਦਿੱਤੀ।
ਜਹਾਜ਼ ਉਡਾਣ ਭਰਨ ਹੀ ਵਾਲਾ ਸੀ ਕਿ ਪਹਿਲੇ ਜਹਾਜ਼ ਦੀ ਪਾਇਲਟ ਸੋਨੂੰ ਗਿੱਲ ਦੀ ਨਜ਼ਰ ਦੂਜੇ ਜਹਾਜ਼ ’ਤੇ ਪਈ ਤੇ ਤੁਰੰਤ ਏਅਰ ਟ੍ਰੈਫਿਕ ਕੰਟ੍ਰੋਲਰ ਨੂੰ ਸਾਵਧਾਨ ਕਰ ਕੇ ਉਸ ਨੂੰ ਉਡਾਣ ਭਰਨ ਤੋਂ ਰੁਕਵਾਇਆ। ਜ਼ਰਾ ਵੀ ਦੇਰ ਹੁੰਦੀ ਤਾਂ ਦੋਵਾਂ ਜਹਾਜ਼ਾਂ ਦੀ ਟੱਕਰ ਹੋ ਜਾਣ ਨਾਲ 300 ਯਾਤਰੀਆਂ ਤੇ ਕਰੂ ਮੈਂਬਰਾਂ ਦੀ ਜਾਨ ਖਤਰੇ ’ਚ ਪੈ ਸਕਦੀ ਸੀ।
* 18 ਅਗਸਤ, 2023 ਨੂੰ ਸਪਾਈਸ ਜੈੱਟ ਦੀ ਦਿੱਲੀ-ਮੁੰਬਈ ਉਡਾਣ ’ਚ ਇਕ ਯਾਤਰੀ ਨੇ ਇਕ ਮਹਿਲਾ ਫਲਾਈਟ ਅਟੈਂਡੈਂਟ ਨੂੰ ਤੰਗ ਅਤੇ ਪ੍ਰੇਸ਼ਾਨ ਕੀਤਾ।
* 18 ਅਗਸਤ ਨੂੰ ਹੀ ਮਾਲਦੀਵ ਦੀ ਰਾਜਧਾਨੀ ਮਾਲੇ ਤੋਂ ਬੈਂਗਲੁਰੂ ਆ ਰਹੇ ‘ਇੰਡੀਗੋ’ ਜਹਾਜ਼ ’ਚ ਇਕ ਯਾਤਰੀ ਨੇ ਜਹਾਜ਼ ਦੀ ਏਅਰਹੋਸਟੈੱਸ ਨੂੰ ਗਲਤ ਢੰਗ ਨਾਲ ਛੂਹਿਆ।
* 4 ਅਗਸਤ, 2023 ਨੂੰ ਪਟਨਾ ਤੋਂ ਦਿੱਲੀ ਲਈ ਉਡਾਣ ਭਰਦੇ ਹੀ ‘ਇੰਡੀਗੋ’ ਜਹਾਜ਼ ਦਾ ਇਕ ਇੰਜਣ ਖਰਾਬ ਹੋ ਗਿਆ ਅਤੇ ਜਹਾਜ਼ ਨੂੰ ਵਾਪਸ ਪਟਨਾ ਹਵਾਈ ਅੱਡੇ ’ਤੇ ਉਤਾਰਨਾ ਪਿਆ।
* 28 ਜੁਲਾਈ, 2023 ਨੂੰ ‘ਇੰਡੀਗੋ’ ਦੀ ਦਿੱਲੀ ਤੋਂ ਮੁੰਬਈ ਦੀ ਉਡਾਣ ’ਚ ਇਕ ਮਹਿਲਾ ਡਾਕਟਰ ਨੂੰ ਗਲਤ ਢੰਗ ਨਾਲ ਛੂਹਣ ਦੇ ਦੋਸ਼ ’ਚ ਇਕ ਪ੍ਰੋਫੈਸਰ ਨੂੰ ਗ੍ਰਿਫਤਾਰ ਕੀਤਾ ਗਿਆ। (ਮਹਿਲਾ ਯਾਤਰੀਆਂ ਨਾਲ ਛੇੜਛਾੜ ਬਾਰੇ ਅਸੀਂ ਆਪਣੇ 30.12.2022 ਦੇ ਸੰਪਾਦਕੀ ‘ਹੁਣ ਜਹਾਜ਼ਾਂ ’ਚ ਵੀ ਹੋਣ ਲੱਗੀ ਗੁੰਡਾਗਰਦੀ’ ’ਚ ਵੀ ਵਰਨਣ ਕੀਤਾ ਸੀ।)
* 31 ਜੁਲਾਈ, 2023 ਨੂੰ ਤਿਰੂਚਿਰਾਪੱਲੀ (ਤਮਿਲਨਾਡੂ) ਤੋਂ ਸ਼ਾਰਜਾਹ ਜਾਣ ਵਾਲੀ ‘ਏਅਰ ਇੰਡੀਆ ਐਕਸਪ੍ਰੈੱਸ’ ਦੀ ਉਡਾਣ ਨੂੰ ਤਕਨੀਕੀ ਖਰਾਬੀ ਕਾਰਨ ਤਿਰੂਵਨੰਤਪੁਰਮ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।
* 24 ਜੂਨ, 2023 ਨੂੰ ਮੁੰਬਈ-ਦਿੱਲੀ ਏਅਰ ਇੰਡੀਆ ਦੀ ਉਡਾਣ ’ਚ ਯਾਤਰਾ ਕਰ ਰਹੇ ਇਕ ਯਾਤਰੀ ਨੂੰ ਜਹਾਜ਼ ਦੀ ਸੀਟ ਨੰਬਰ 17 ਐੱਫ ’ਤੇ ਪਿਸ਼ਾਬ ਕਰਨ ਅਤੇ ਥੁੱਕਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।
* 19 ਜੂਨ, 2022 ਨੂੰ ਪਟਨਾ ਤੋਂ ਦਿੱਲੀ ਲਈ ਉਡਾਣ ਭਰਨ ਵਾਲੇ ਸਪਾਈਸ ਜੈੱਟ ਜਹਾਜ਼ ਦੇ ਇੰਜਣ ’ਚ ਅੱਗ ਲੱਗ ਗਈ ਜਿਸ ’ਚ ਯਾਤਰੀ ਵਾਲ-ਵਾਲ ਬਚੇ।
ਬੱਸਾਂ ਅਤੇ ਰੇਲਗੱਡੀਆਂ ਵਾਂਗ ਹੀ ਜਹਾਜ਼ਾਂ ’ਚ ਵੀ ਅਜਿਹੀਆਂ ਘਟਨਾਵਾਂ ਦਾ ਹੋਣਾ ਚਿੰਤਾਜਨਕ ਹੈ। ਇਸ ਲਈ ਇਨ੍ਹਾਂ ਦੇ ਲਈ ਜ਼ਿੰਮੇਵਾਰ ਕਰਮਚਾਰੀਆਂ ਅਤੇ ਯਾਤਰੀਆਂ ਦੋਵਾਂ ਦੇ ਵਿਰੁੱਧ ਸਖਤ ਕਦਮ ਉਠਾਉਣੇ ਅਤੇ ਜਾਗਰੂਕ ਸਟਾਫ ਨੂੰ ਪੁਰਸਕ੍ਰਿਤ ਕਰਨ ਦੀ ਲੋੜ ਹੈ।
- ਵਿਜੇ ਕੁਮਾਰ