ਭਾਰਤੀ-ਅਮਰੀਕੀ ਸ਼ਖਸ 'ਤੇ ਲਾਕਡਾਊਨ ਦੌਰਾਨ ਸਾਮਾਨ ਮਹਿੰਗਾ ਵੇਚਣ ਦਾ ਦੋਸ਼

5/9/2020 9:32:50 AM

ਵਾਸ਼ਿੰਗਟਨ (ਬਿਊਰੋ): ਅਮਰੀਕਾ ਵਿਚ ਇਕ ਮਸ਼ਹੂਰ ਭਾਰਤੀ ਮੂਲ ਦੇ ਕਰਿਆਨਾ ਸਟੋਰ ਦੇ ਮਾਲਕ 'ਤੇ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਸਾਮਾਨ ਦੀ ਵੱਧ ਕੀਮਤ ਲੈਣ ਦਾ ਦੋਸ਼ ਲੱਗਾ ਹੈ। ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਬਾਅਦ ਇਕ ਜਾਂਚ ਦਫਤਰ ਨੇ ਖੁਲਾਸਾ ਕੀਤਾ ਕਿ ਕੈਲੀਫੋਰਨੀਆ ਦੇ ਪਲਿਸਟਨ ਵਿਚ ਲੋਕਪ੍ਰਿਅ ਆਪਣਾ ਬਾਜ਼ਾਰ ਦੇ ਮਾਲਕ ਰਾਜਵਿੰਦਰ ਸਿੰਘ ਨੇ 4 ਮਾਰਚ ਨੂੰ ਰਾਜਪਾਲ ਵੱਲੋਂ ਐਮਰਜੈਂਸੀ ਐਲਾਨ ਕਰਨ ਦੇ ਬਾਅਦ ਵਸਤਾਂ ਦੀਆਂ ਕੀਮਤਾਂ ਵਿਚ ਕਥਿਤ ਤੌਰ 'ਤੇ ਵਾਧਾ ਕੀਤਾ ਸੀ। ਕੈਲੀਫੋਰਨੀਆ ਅਟਾਰਨੀ ਜਨਰਲ ਜੇਵੀਯਰ ਬੇਕੇਰਾ ਅਤੇ ਅਲਮੇਡਾ ਕਾਊਂਟੀ ਜ਼ਿਲ੍ਹਾ ਅਟਾਰਨੀ ਨੈਨਸੀ ਓ ਮਾਲੀ ਵੱਲੋਂ ਜਾਰੀ ਇਕ ਸੰਯੁਕਤ ਬਿਆਨ ਵਿਚ ਕਿਹਾ ਗਿਆ ਕਿ ਗਾਹਕਾਂ ਵੱਲੋਂ ਪ੍ਰਦਾਨ ਕੀਤੇ ਗਏ ਸਬੂਤਾਂ ਦੇ ਆਧਾਰ 'ਤੇ ਜਾਂਚ ਵਿਚ ਪੁਸ਼ਟੀ ਕੀਤੀ ਗਈ ਕਿ ਕਈ ਖਾਧ ਪਦਾਰਥਾਂ ਦੀਆਂ ਕੀਮਤਾਂ ਐਮਰਜੈਂਸੀ ਸਥਿਤੀ ਦੇ ਦੌਰਾਨ 10 ਫੀਸਦੀ ਤੋਂ ਵਧੇਰੇ ਸਨ ਅਤੇ ਕੁਝ ਦੀ ਕੀਮਤ ਤਾਂ 200 ਫੀਸਦੀ ਤੋਂ ਵੀ ਵੱਧ ਸੀ। ਸ਼ਿਕਾਇਤ ਵਿਚ ਸੂਚੀਬੱਧ ਖਾਧ ਪਦਾਰਥਾਂ ਵਿਚ ਪੀਲੇ ਪਿਆਜ਼, ਅਦਰਕ, ਹਰੀ ਬੀਨਜ਼, ਇੰਸਟੈਂਟ ਨੂਡਲਜ਼, ਚਾਹਰ ਮਿਰਚ ਅਤੇ ਅਨਾਰ ਸ਼ਾਮਲ ਹਨ।

ਬੇਕੇਰ ਨੇ ਕਿਹਾ,''ਅਸੀਂ ਚੀਜ਼ਾਂ ਦੇ ਭਾਅ ਨੂੰ ਗੰਭੀਰਤਾ ਨਾਲ ਲੈਂਦੇ ਹਾਂ ਅਤੇ ਜਨਤਕ ਸਿਹਤ ਐਮਰਜੈਂਸੀ ਦੌਰਾਨ ਕਾਨੂੰਨ ਤੋੜਨ ਵਾਲਿਆਂ ਦੇ ਵਿਰੁੱਧ ਗੰਭੀਰਤਾ ਨਾਲ ਕਾਰਵਾਈ ਕਰਨ ਲਈ ਵਚਨਬੱਧ ਹਾਂ।'' ਰਾਜਵਿੰਦਰ ਨੂੰ ਕਾਊਂਟੀ ਜੇਲ ਵਿਚ ਇਕ ਸਾਲ ਤੋਂ ਘੱਟ ਕੈਦ ਦੀ ਸਜ਼ਾ ਜਾਂ 10,000 ਅਮਰੀਕੀ ਡਾਲਰ ਤੋਂ ਵੱਧ ਦਾ ਜ਼ੁਰਮਾਨਾ ਲੱਗ ਸਕਦਾ ਹੈ। ਕੈਲੀਫੋਰਨੀਆ ਦਾ ਕਾਨੂੰਨ ਇਕ ਰਾਜ ਜਾਂ ਸਥਾਨਕ ਐਮਰਜੈਂਸੀ ਦੇ ਐਲਾਨ ਤੋਂ ਪਹਿਲਾਂ ਕਿਸੇ ਵਸਤੂ ਦੀ ਕੀਮਤ 10 ਫੀਸਦੀ ਤੋਂ ਵੱਧ ਵਸੂਲਣ 'ਤੇ ਪਾਬੰਦੀ ਲਗਾਉਂਦਾ ਹੈ। ਇੱਥੇ ਦੱਸ ਦਈਏ ਕਿ ਅਮਰੀਕਾ ਵਿਚ 78,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 13 ਲੱਖ ਪੀੜਤ ਹਨ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਦੇ ਮੁਤਾਬਕ ਗਲੋਬਲ ਪੱਧਰ 'ਤੇ 2,74,000 ਤੋਂ ਵਧੇਰੇ ਲੋਕ ਮਾਰੇ ਗਏ ਹਨ ਅਤੇ 39 ਲੱਖ ਤੋਂ ਵਧੇਰੇ ਪੀੜਤ ਹਨ।


Vandana

Content Editor Vandana