ਕਈ ਤਰ੍ਹਾਂ ਦੇ ਨੁਕਸਾਨ ਕਰਦੀ ਹੈ ਝੋਨੇ ਦਾ ਰੰਗ ‘ਗੂੜਾ ਹਰਾ’ ਦੀ ਦੌੜ ’ਚ ਵਰਤੀ ਬੇਲੋੜੀ ‘ਯੂਰੀਆ ਖਾਦ’

07/21/2020 10:06:16 AM

ਗੁਰਦਾਸਪੁਰ (ਹਰਮਨਪ੍ਰੀਤ) - ਝੋਨੇ ਅਤੇ ਬਾਸਮਤੀ ਦੀ ਫਸਲ ਵਿਚ ਨਾਈਟ੍ਰੋਜਨ ਤੱਤ ਵਾਲੀਆਂ ਖਾਦਾਂ ਦੀ ਬੇਲੋੜੀ ਵਰਤੋਂ ਕਈ ਪੱਖਾਂ ਤੋਂ ਨੁਕਸਾਨਦੇਹ ਸਿੱਧ ਹੁੰਦੀ ਹੈ। ਮਾਹਿਰਾਂ ਅਨੁਸਾਰ ਝੋਨੇ ਅਤੇ ਬਾਸਮਤੀ ਵਿਚ ਨਾਈਟ੍ਰੋਜਨ ਤੱਤ ਵਾਲੀਆਂ ਖਾਦਾਂ ਦੀ ਬੇਲੋੜੀ ਵਰਤੋਂ ਫ਼ਸਲ ’ਤੇ ਕਈ ਬੀਮਾਰੀਆਂ ਦੇ ਹਮਲੇ ਦਾ ਕਾਰਣ ਬਣਨ ਦੇ ਇਲਾਵਾ ਕੀੜਿਆਂ ਦੇ ਹਮਲੇ ਨੂੰ ਵੀ ਉਤਸ਼ਾਹਿਤ ਕਰਦੀ ਹੈ। ਇਸ ਲਈ ਇਸ ਫਸਲ ਵਿਚ ਯੂਰੀਆ ਦੀ ਵਰਤੋਂ ਬਹੁਤ ਸੰਜਮ ਨਾਲ ਕਰਨ ਦੀ ਲੋੜ ਹੈ।

ਕਈ ਤਰ੍ਹਾਂ ਦੇ ਨੁਕਸਾਨ ਕਰਦੀ ਹੈ ਯੂਰੀਆ ਦੀ ਬੇਲੋੜੀ ਵਰਤੋਂ
ਝੋਨੇ ਤੇ ਬਾਸਮਤੀ ਵਿਚ ਖਾਸ ਤੌਰ ’ਤੇ ਝੁਲਸ ਰੋਗ, ਭੂਰੇ ਧੱਬਿਆਂ ਦਾ ਰੋਗ, ਤਣੇ ਦੁਆਲੇ ਪੱਤਿਆਂ ਦਾ ਝੁਲਸ ਰੋਗ, ਤਣੇ ਦੇ ਗਲਣ ਦਾ ਰੋਗ, ਝੂਠੀ ਕਾਂਗਿਆਰੀ ਅਤੇ ਬੰਟ ਵਰਗੀਆਂ ਬੀਮਾਰੀਆਂ ਦਾ ਹਮਲਾ ਵੀ ਜ਼ਿਆਦਾ ਹੁੰਦਾ ਹੈ। ਏਨਾ ਹੀ ਨਹੀਂ ਨਾਈਟ੍ਰੋਜਨ ਦੀ ਜ਼ਿਆਦਾ ਵਰਤੋਂ ਕਾਰਣ ਫ਼ਸਲ ਦੇ ਪੱਤੇ ਨਰਮ ਹੋ ਜਾਂਦੇ ਹਨ ਜਿਸ ਕਾਰਣ ਇਨ੍ਹਾਂ ਦੇ ਕੀੜਿਆਂ-ਮਕੌੜਿਆਂ ਦਾ ਹਮਲਾ ਵੀ ਵਧਦਾ ਹੈ।

ਖੇਡ ਰਤਨ ਪੰਜਾਬ ਦੇ : ਏਸ਼ੀਆ ਦਾ ਬੈਸਟ ਅਥਲੀਟ ‘ਗੁਰਬਚਨ ਸਿੰਘ ਰੰਧਾਵਾ’

ਫਸਲ ਦਾ ਰੰਗ ਹਰਾ ਕਰਨ ਲਈ ਯੂਰੀਆ ਦੀ ਵਰਤੋਂ ਕਰਦੇ ਹਨ ਕਿਸਾਨ
ਅਕਸਰ ਇਹ ਦੇਖਣ ਵਿਚ ਆਉਂਦਾ ਹੈ ਕਿ ਕਿਸਾਨ ਦੇਖੋ-ਦੇਖੀ ਆਪਣੀ ਫ਼ਸਲ ਦਾ ਰੰਗ ਗੂੜ੍ਹਾ ਹਰਾ ਕਰਨ ਦੇ ਲਾਲਚ ਵਿਚ ਯੂਰੀਆ ਦੀ ਬੇਹਿਸਾਬੀ ਵਰਤੋਂ ਕਰਦੇ ਹਨ। ਜਦੋਂ ਕਿ ਕਿਸਾਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਨਾਈਟ੍ਰੋਜਨ ਖਾਦ ਬੂਟੇ ਦਾ ਰੰਗ ਹਰਾ ਜ਼ਰੂਰ ਕਰ ਦਿੰਦੀ ਹੈ ਪਰ ਇਸ ਦੀ ਜ਼ਿਆਦਾ ਵਰਤੋਂ ਕਾਰਣ ਬੂਟਾ ਬਹੁਤ ਜਲਦੀ ਵਧਦਾ ਹੈ। ਨਾਈਟ੍ਰੋਜਨ ਖਾਦ ਬੂਟੇ ਦੀਆਂ ਜੜ੍ਹਾਂ ਦਾ ਵਿਕਾਸ ਨਹੀਂ ਕਰਦੀ ਅਤੇ ਬੂਟੇ ਦਾ ਤਣਾ ਕਮਜ਼ੋਰ ਰਹਿ ਜਾਣ ਕਾਰਨ ਫ਼ਸਲ ਥੋੜ੍ਹੀ ਜਿਹੀ ਹਨ੍ਹੇਰੀ ਆਉਣ ’ਤੇ ਹੀ ਫ਼ਸਲ ਵਿਛ ਜਾਂਦੀ ਹੈ। ਇਸ ਲਈ ਨਾਈਟ੍ਰੋਜਨ ਖਾਦ ਦੀ ਵਰਤੋਂ ਮਿੱਟੀ ਪਰਖ ਕਰਵਾ ਕੇ ਮਾਹਿਰਾਂ ਦੀ ਸਿਫ਼ਾਰਸ਼ ਅਨੁਸਾਰ ਹੀ ਕਰਨੀ ਚਾਹੀਦੀ ਹੈ।

ਫਲਦਾਰ ਬੂਟਿਆਂ ਦੇ ਵੱਡੇ ਨੁਕਸਾਨ ਦਾ ਕਾਰਣ ਬਣਦੀ ਹੈ ਬਰਸਾਤਾਂ ਦੇ ਦਿਨਾਂ ’ਚ ਵਰਤੀ ਲਾਪਰਵਾਹੀ

PunjabKesari

ਨਾਈਟ੍ਰੋਜਨ ਦੀ ਕਮੀ ਦੀਆਂ ਨਿਸ਼ਾਨੀਆਂ
ਨਾਈਟ੍ਰੋਜਨ ਤੱਤ ਦੀ ਕਮੀ ਨਾਲ ਬੂਟੇ ਦੇ ਹੇਠਲੇ ਪੱਤੇ ਪੀਲੇ ਦਿਖਾਈ ਦਿੰਦੇ ਹਨ ਜਦੋਂ ਕਿ ਨਵੇਂ ਨਿਕਲ ਰਹੇ ਪੱਤਿਆਂ ਦਾ ਰੰਗ ਠੀਕ ਰਹਿੰਦਾ ਹੈ। ਇਸ ਦੀ ਘਾਟ ਕਾਰਨ ਹੇਠਲਾ ਪੱਤਾ ਨੋਕ ਤੋਂ ਪੀਲਾ ਪੈ ਕੇ ਪੱਤੇ ਦੀ ਵਿਚਕਾਰਲੀ ਨਾੜ ਦੇ ਨਾਲ-ਨਾਲ ਪੀਲਾ ਪੈਂਦਾ ਹੋਇਆ ਅੰਦਰ ਵੱਲ ਨੂੰ ਵਧਣ ਸ਼ੁਰੂ ਹੋ ਜਾਂਦਾ ਹੈ।

30 ਸਾਲ ਦੀ ਉਮਰ ਤੋਂ ਬਾਅਦ ਜਨਾਨੀਆਂ ਲਈ ਬਦਾਮ ਖਾਣੇ ਜਾਣੋ ਕਿਉਂ ਜ਼ਰੂਰੀ ਹਨ

ਪੱਤਾ ਰੰਗ ਚਾਰਟ ਦੀ ਵਰਤੋਂ ਹੋ ਸਕਦੀ ਹੈ ਲਾਹੇਵੰਦ
ਝੋਨੇ ਦੇ ਖੇਤ ਵਿਚ ਖਾਦਾਂ ਦੀ ਸੁਚੱਜੀ ਵਰਤੋਂ ‘ਪੱਤਾ ਰੰਗ ਚਾਰਟ’ ਦੀ ਵਰਤੋਂ ਕੀਤੀ ਜਾ ਸਕਦੀ ਹੈ। ‘ਪੱਤਾ ਰੰਗ ਚਾਰਟ’ ਪਲਾਸਟਿਕ ਦੀ ਬਣੀ ਹੋਈ 8 ਬਾਈ 3 ਇੰਚ ਦੀ ਇਕ ਪੱਟੀ ਹੈ, ਜਿਸ ’ਤੇ ਹਰੇ ਰੰਗ ਦੀਆਂ 6 ਟਿੱਕੀਆਂ ਬਣੀਆਂ ਹੁੰਦੀਆਂ ਹਨ। ਇਕ ਨੰਬਰ ਵਾਲੀ ਟਿੱਕੀ ਦਾ ਰੰਗ ਹਲਕਾ ਹਰਾ ਹੁੰਦਾ ਹੈ ਜਦੋਂ ਕਿ 6 ਨੰਬਰ ਵਾਲੀ ਟਿੱਕੀ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ। ਇਨ੍ਹਾਂ ਟਿੱਕੀਆਂ ਉੱਪਰ ਬਾਰੀਕ-ਬਾਰੀਕ ਉੱਭਰਵੀਆਂ ਨਾੜੀਆਂ ਬਣੀਆਂ ਹੁੰਦੀਆਂ ਹਨ ਜਿਸ ਨਾਲ ਇਹ ਟਿੱਕੀਆਂ ਦੇਖਣ ਵਿਚ ਪੱਤਿਆਂ ਵਾਂਗ ਹੀ ਲੱਗਦੀਆਂ ਹਨ। ਝੋਨੇ ਦੇ ਖੇਤ ਵਿਚ ਆਖ਼ਰੀ ਕੱਦੂ ਕਰਨ ਸਮੇਂ 25 ਕਿੱਲੋ ਯੂਰੀਆ ਪ੍ਰਤੀ ਏਕੜ ਪਾਉਣ ਉਪਰੰਤ ਝੋਨਾ ਲਗਾਉਣ ਦੇ ਦੋ-ਦੋ ਹਫ਼ਤਿਆਂ ਬਾਅਦ ਉੱਪਰੋਂ ਖੁੱਲ੍ਹੇ ਹੋਏ ਦੂਜੇ ਅਤੇ ਰੋਗ ਰਹਿਤ ਪੱਤੇ ਦਾ ਰੰਗ ਚਾਰਟ ਨਾਲ ਮਿਲਾ ਕੇ ਫ਼ਸਲ ਵਿਚ ਨਾਈਟ੍ਰੋਜਨ ਖਾਦ ਦੀ ਲੋੜ ਦਾ ਪਤਾ ਲਗਾਇਆ ਜਾ ਸਕਦਾ ਹੈ। ਜਿਸ ਹਫ਼ਤੇ 10 ਵਿਚੋਂ 6 ਜਾਂ ਇਸ ਤੋਂ ਵੱਧ ਪੱਤਿਆਂ ਦਾ ਰੰਗ ਚਾਰਟ ਦੀ ਟਿੱਕੀ ਨੰਬਰ 4 ਤੋਂ ਫਿੱਕਾ ਹੋਵੇ ਤਾਂ 25 ਕਿੱਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਦੇਣਾ ਚਾਹੀਦਾ ਹੈ। ਜੇਕਰ 6 ਜਾਂ ਇਸ ਤੋਂ ਵੱਧ ਪੱਤਿਆਂ ਦਾ ਰੰਗ 4 ਨੰਬਰ ਟਿੱਕੀ ਤੋਂ ਗੂੜ੍ਹਾ ਹੋਵੇ ਤਾਂ ਯੂਰੀਆ ਖਾਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ।

ਡੇਅਰੀ ਫਾਰਮਿੰਗ ਦੇ ਲਾਹੇਵੰਦ ਧੰਦੇ ਦਾ ਲੱਕ ਤੋੜ ਰਹੀ ਹੈ ਦੁੱਧ ’ਚ ‘ਮਿਲਾਵਟਖੋਰੀ’

PunjabKesari

ਕਈ ਅਹਿਮ ਗੱਲਾਂ ਦਾ ਧਿਆਨ ਰੱਖਣ ਦੀ ਹੁੰਦੀ ਹੈ ਲੋੜ
ਰੰਗ ਮਿਲਾਉਣ ਵੇਲੇ ਪੱਤਿਆਂ ਨੂੰ ਬੂਟੇ ਨਾਲੋਂ ਤੋੜਨਾ ਨਹੀਂ ਚਾਹੀਦਾ ਅਤੇ ਹਰ ਵਾਰੀ ਰੰਗ ਮਿਲਾਉਣ ਸਮੇਂ ਇਕੋ ਹੀ ਸਮਾਂ ਰੱਖਣਾ ਚਾਹੀਦਾ ਹੈ ਜਿਸ ਵਿਚ ਸਵੇਰੇ 9-10 ਵਜੇ ਜਾਂ ਸ਼ਾਮ 4-5 ਵਜੇ ਸਮੇਂ ਨੂੰ ਤਰਜ਼ੀਹ ਦੇਣੀ ਚਾਹੀਦੀ ਹੈ। ਰੰਗ ਮਿਲਾਉਣ ਵਾਲੇ ਵਿਅਕਤੀ ਦਾ ਪਰਛਾਵਾਂ ਪੱਤੇ ਅਤੇ ਚਾਰਟ ’ਤੇ ਪੈਣਾ ਚਾਹੀਦਾ ਹੈ। ਜਦੋਂ ਝੋਨਾ ਨਿੱਸਰ ਜਾਵੇ ਤਾਂ ਇਸ ਚਾਰਟ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ ਅਤੇ ਨਾ ਹੀ ਖੇਤ ਵਿਚ ਹੋਰ ਖਾਦ ਪਾਉਣੀ ਚਾਹੀਦੀ ਹੈ।

ਖੇਤੀਬਾੜੀ ਦੀਆਂ ਹੋਰ ਖਬਰਾਂ ਪੜ੍ਹਨ ਅਤੇ ਖੇਤੀਬਾੜੀ ਨਾਲ ਸਬੰਧਿਤ ਵੀਡੀਓ ਦੇਖਣ ਲਈ ਤੁਸੀਂ ਜਗਬਾਣੀ ਖੇਤੀਬਾੜੀ ਫੇਸਬੁੱਕ ਪੇਜ ’ਤੇ ਵੀ ਸਾਡੇ ਨਾਲ ਜੁੜ ਸਕਦੇ ਹੋ..., ਜਿਸ ਦੇ ਲਈ ਤੁਸੀਂ ਇਸ ਲਿੰਕ ’ਤੇ ਕਲਿੱਕ ਕਰੋ ‘ਜਗਬਾਣੀ ਖੇਤੀਬਾੜੀ’


rajwinder kaur

Content Editor

Related News