‘ਝੋਨੇ ਤੇ ਬਾਸਮਤੀ ਦੀ ਕੁਆਲਿਟੀ ਪੈਦਾਵਾਰ ਲਈ ਖਾਦਾ ਤੇ ਜ਼ਹਿਰਾਂ ਦਾ ਇਸਤੇਮਾਲ ਘਟਾਓ’

Tuesday, Jun 30, 2020 - 05:49 PM (IST)

‘ਝੋਨੇ ਤੇ ਬਾਸਮਤੀ ਦੀ ਕੁਆਲਿਟੀ ਪੈਦਾਵਾਰ ਲਈ ਖਾਦਾ ਤੇ ਜ਼ਹਿਰਾਂ ਦਾ ਇਸਤੇਮਾਲ ਘਟਾਓ’

ਕਿਸਾਨਾਂ ਦਾ ਫਸਲਾਂ ਦੀ ਕਾਸ਼ਤ ਵਿੱਚ ਮੁਨਾਫਾ ਵਧਾਉਣ ਲਈ ਜਿਥੇ ਖੇਤੀ ਖਰਚੇ ਘਟਾਉਣ ਦੀ ਜ਼ਰੂਰਤ ਹੈ, ਉਥੇ ਕੁਆਲਿਟੀ ਪੈਦਾਵਾਰ ਹਾਸਿਲ ਕਰਨ ਦੀ ਵੀ ਜ਼ਰੂਰਤ ਹੈ। ਇਸ ਗੱਲ ਦਾ ਪ੍ਰਗਟਾਵਾ ਡਾ .ਸੁਰਿੰਦਰ ਸਿੰਘ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਧੀਨ ਕੰਮ ਕਰ ਰਹੇ ਸਮੂਹ ਖੇਤੀਬਾੜੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਮੀਟਿੰਗ ਵਿੱਚ ਕੀਤਾ। ਉਨ੍ਹਾਂ ਖੇਤੀਬਾੜੀ ਵਿਭਾਗ ਅਧੀਨ ਕੰਮ ਕਰ ਰਿਹੇ ਸਮੂਹ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਜਾਗਰੂਕ ਕਰਨ ਕਿ ਫਸਲਾਂ ਵਿੱਚ ਰਸਾਇਣਾਂ ਦਾ ਵਧੇਰੇ ਇਸਤੇਮਾਲ ਕਰਨ ਨਾਲ ਜਿਥੇ ਖੇਤੀ ਖਰਚੇ ਵੱਧਦੇ ਹਨ, ਉਥੇ ਉਪਜ ਦੀ ਕੁਆਲਿਟੀ ਵੀ ਘੱਟਦੀ ਹੈ। 

ਡਾ. ਸਿੰਘ ਨੇ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਕਿ ਕਿਸਾਨਾਂ ਨੂੰ ਘੱਟ ਤੋਂ ਘੱਟ ਜ਼ਹਿਰਾਂ ਦਾ ਇਸਤੇਮਾਲ ਕਰਦੇ ਹੋਏ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਲਈ ਪ੍ਰੇਰਿਆ ਜਾਵੇ ।ਇਸ ਮਕਸਦ ਲਈ ਖੇਤੀਬਾੜੀ ਵਿਭਾਗ ਜਲੰਧਰ ਵੱਲੋਂ ਝੋਨੇ ਅਤੇ ਬਾਸਮਤੀ ਵਿੱਚ ਨੁਕਸਾਨ ਕਰਨ ਵਾਲੇ ਕੀੜੇ /ਬੀਮਾਰੀਆਂ ਅਤੇ ਕਿਸਾਨਾਂ ਦਾ ਫਾਇਦਾ ਕਰਨ ਵਾਲੇ ਮਿੱਤਰ ਕੀੜਿਆਂ ਸਬੰਧੀ ਬਣਾਇਆ ਗਿਆ ਮੈਗਜੀਨ ਵੱਧ ਤੋਂ ਵੱਧ ਕਿਸਾਨਾਂ ਨੂੰ ਉਨ੍ਹਾਂ ਦੇ ਵਾਟਸਐਪ ਜਾ ਫੇਸਬੁੱਕ ਰਾਹੀਂ ਭੇਜਿਆ ਜਾਵੇ। ਡਾ. ਸਿੰਘ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਜਲੰਧਰ ਵਿੱਚ ਇਸ ਸਾਲ ਬਾਸਮਤੀ ਹੇਠ ਤਕਰੀਬਨ 22000 ਹੈਕਟੇਅਰ ਰਕਬਾ ਬੀਜਣ ਦੀ ਯੋਜਨਾ ਹੈ। ਪੰਜਾਬ ਸਰਕਾਰ ਵੱਲੋਂ ਇਸ ਫਸਲ ਤੋਂ ਚੌਖੀ ਆਮਦਨ ਹਾਸਿਲ ਕਰਨ ਲਈ ਕੁਆਲਿਟੀ ਬਾਸਮਤੀ ਦੀ ਪੈਦਾਵਾਰ ਕਰਨ ਵਾਸਤੇ ਕਿਸਾਨਾਂ ਨੂੰ ਕਿਹਾ ਜਾ ਰਿਹਾ ਹੈ। 

ਡਾ.ਸਿੰਘ ਨੇ ਕਿਹਾ ਕਿ ਝੋਨੇ ਅਤੇ ਬਾਸਮਤੀ ਵਿੱਚ ਖਾਦਾਂ/ਦਵਾਈਆਂ ਅਤੇ ਖਾਸ ਕਰਕੇ ਸੂਖਮ ਤੱਤ ਵਾਲੀਆਂ ਖਾਦਾਂ ਦਾ ਇਸਤੇਮਾਲ ਮਾਹਿਰਾ ਦੀ ਸਲਾਹ ਅਨੁਸਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੀ ਤਰਾਂ ਇਸ ਸਾਲ ਖੇਤੀਬਾੜੀ ਵਿਭਾਗ ਵੱਲੋਂ 9 ਵੱਖ-ਵੱਖ ਤਰਾਂ ਦੀਆਂ ਜ਼ਹਿਰਾਂ ਨੂੰ ਬਾਸਮਤੀ ਦੀ ਫਸਲ ’ਤੇ ਨਾ ਵਰਤਣ ਲਈ ਕਿਹਾ ਜਾ ਰਿਹਾ ਹੈ। ਇਹ ਜ਼ਹਿਰਾਂ ਹਨ- ਐਸੀਫੇਟ, ਟ੍ਰਾਇਜ਼ੋਫਾਸ, ਥਾਇਆਮਿਥੋਕਸਮ, ਕਾਰਬੈਂਡਾਜ਼ਿਮ, ਟ੍ਰਾਈਸਈਕਲਾਜ਼ੋਲ, ਬਿਪਰੋਫਿਜ਼ਨ, ਕਾਰਬੋਫਿਉਰੋਨ,ਪ੍ਰੋਪੀਕੋਨਾਜ਼ੋਲ, ਥਾਇਉਫਿਨੇਟ ਮਿਥਾਇਲ। ਇਨ੍ਹਾਂ ਜ਼ਹਿਰਾਂ ਦੇ ਇਸਤੇਮਾਲ ਨਾਲ ਬਾਸਮਤੀ ਦੀ ਉਪਜ ਦੀ ਕੁਆਲਿਟੀ ਖਰਾਬ ਹੁੰਦੀ ਹੈ ਅਤੇ ਅੰਤਰਰਾਸ਼ਟਰੀ ਮੰਡੀ ਵਿੱਚ ਇਸ ਫਸਲ ਦੀ ਵਿਕਰੀ ਕਰਨੀ ਔਖੀ ਹੋ ਜਾਂਦੀ ਹੈ। ਕਈ ਵਾਰ ਇਨ੍ਹਾਂ ਜ਼ਹਿਰਾਂ ਕਰਕੇ ਬਾਸਮਤੀ ਦੀ ਕੰਨਸਾਇਨਮੈਂਟ ਵਾਪਿਸ ਵੀ ਭੇਜੀ ਗਈ ਸੀ। ਸੋ ਸਮੂਹ ਬਾਸਮਤੀ ਦੇ ਕਾਸ਼ਤਕਾਰ ਭਰਾਵਾਂ ਨੂੰ ਬੇਨਤੀ ਹੈ ਕਿ ਉਹ ਬਾਸਮਤੀ ਦੀ ਫਸਲ ਦੀ ਵਧੇਰੇ ਕਾਸ਼ਤ ਕਰਦੇ ਹੋਏ ਇਨ੍ਹਾਂ ਦਰਸਾਈਆਂ ਗਈਆਂ ਜ਼ਹਿਰਾਂ ਦਾ ਇਸਤੇਮਾਲ ਭਵਿੱਖ ਵਿੱਚ ਬਾਸਮਤੀ ’ਤੇ ਬਿਲਕੁੱਲ ਨਾ ਕਰਨ। ਦਵਾਈ ਵਿਕਰੇਤਾ ਇਨ੍ਹਾਂ ਦਵਾਈਆਂ ਨੂੰ ਸਟੋਰ ਵੀ ਨਾ ਕਰਨ। 

PunjabKesari

ਮੀਟਿੰਗ ਵਿੱਚ ਡਾ. ਸੁਰਿੰਦਰ ਕੁਮਾਰ, ਜ਼ਿਲਾ ਕਿਸਾਨ ਸਿਖਲ਼ਾਈ ਅਫਸਰ ਜਲੰਧਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਝੋਨੇ ਅਤੇ ਬਾਸਮਤੀ ਦੀ ਫਸਲ ’ਤੇ ਤਕਰੀਬਨ 1-10 ਤਰ੍ਹਾ ਦੇ ਵੱਖ-ਵੱਖ ਮਿੱਤਰ ਕੀੜੇ ਸਾਡੀ ਫਸਲ ਦੀ ਰਾਖੀ ਕਰਦੇ ਹਨ, ਜਿਨ੍ਹਾਂ ਵਿੱਚ ਮੱਕੜੀ, ਡਰੈਗਨ ਫਲਾਈ, ਲਾਲ ਭੁੰਡੀ, ਡੇਮਸਲ ਫਲਾਈ, ਬੀਟਲ ਆਦਿ ਸਾਡੇ ਮਿੱਤਰ ਕੀੜੇ ਹਨ ਕਿਸਾਨਾਂ ਨੂੰ ਚਾਹੀਦਾ ਹੈ ਕਿ ਜੇਕਰ ਖੇਤ ਵਿੱਚ ਹਾਨੀਕਾਰਕ ਕੀੜੇ ਅਤੇ ਮਿੱਤਰ ਕੀੜਿਆਂ ਦੀ ਅਨੁਪਾਤ 2:1 ਤੋਂ ਵੱਧ ਹੋਵੇ ਤਾਂ ਹੀ ਜ਼ਹਿਰਾ ਦੀ ਸਪਰੇ ਕਰਨ ਬਾਰੇ ਸੋਚਨਾ ਚਾਹੀਦਾ ਹੈ, ਕਿਉਂਕਿ ਸਾਡੇ ਮਿੱਤਰ ਕੀੜੇ ਹਾਨੀਕਾਰਕ ਕੀੜਿਆਂ ਨੂੰ ਮਾਰਨ ਦੀ ਸਮੱਰਥਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਜ਼ਹਿਰਾਂ ਦਾ ਇਸਤੇਮਾਲ ਲੋੜ ਅਨੁਸਾਰ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਿਸ਼ਾਂ ਅਨੁਸਾਰ ਕਰਨਾ ਚਾਹੀਦਾ ਹੈ।

ਮੀਟੰਗ ਵਿੱਚ ਡਾ.ਜਸਵੰਤ ਰਾਏ ਖੇਤੀਬਾੜੀ ਅਫਸਰ ਸਦਰ ਮੁਕਾਮ, ਡਾ.ਰਣਜੀਤ ਸਿੰਘ ਚੋਹਾਨ ਖੇਤੀਬਾੜੀ ਅਫਸਰ ਰੁੜਕਾਂ ਕਲਾਂ, ਡਾ.ਅਰੁਣ ਕੋਹਲੀ ਖੇਤੀਬਾੜੀ ਅਫਸਰ ਜਲੰਧਰ ਪੱਛਮੀ ਅਤੇ ਨੂਰਮਹਿਲ ਨੇ ਕਿਹਾ ਕਿ ਬਾਸਮਤੀ ਵਿੱਚ 9 ਵੱਖ-ਵੱਖ ਤਰਾਂ ਦੀਆਂ ਜ਼ਹਿਰਾਂ ਬਾਰੇ ਦਵਾਈ ਵਿਕਰੇਤਾਵਾਂ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਇਨ੍ਹਾਂ ਦਵਾਈਆਂ ਦੀ ਵਿਕਰੀ ਬਾਸਮਤੀ ਕਾਸ਼ਤਕਾਰਾਂ ਨੂੰ ਨਾ ਕਰਨ ਅਤੇ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਇਨ੍ਹਾਂ 9 ਤਰਾਂ ਦੀਆਂ ਦਵਾਈਆਂ ਨੂੰ ਨਾ ਵਰਤਣ ਲਈ ਵੀ ਪ੍ਰੇਰਣ। ਮੀਟਿੰਗ ਵਿੱਚ ਡਾ.ਗੁਰਚਰਨ ਸਿੰਘ, ਡਾ.ਮਨਦੀਪ ਸਿੰਘ, ਡਾ.ਦਿਨੇਸ਼ ਕੁਮਾਰ, ਡਾ.ਸੁਰਜੀਤ ਸਿੰਘ, ਡਾ.ਅਮਰੀਕ ਸਿੰਘ, ਖੇਤੀਬਾੜੀ ਵਿਕਾਸ ਅਫਸਰ ਤੋਂ ਇਲਾਵਾ, ਡਾ.ਬਲਕਾਰ ਚੰਦ ਖੇਤੀਬਾੜੀ ਵਿਕਾਸ ਅਫਸਰ ਟ੍ਰੈਨਿੰਗ, ਡਾ.ਮੀਨਾਕਸ਼ੀ ਕੋਸ਼ਲ, ਡਾ.ਦਾਨਿਸ਼, ਡਾ. ਰਮਨਦੀਪ, ਡਾ. ਜਸਬੀਰ ਸਿੰਘ ਅਤੇ ਡਾ.ਲਖਬੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਮੈਡਮ ਰਮਨਦੀਪ ਅਤੇ ਡਾ.ਵਿਪੁਲ ਛਾਬੜਾ ਡੀ.ਪੀ.ਡੀ.ਨੇ ਆਪਣੇ ਵਿਚਾਰ ਰੱਖੇ ।

ਡਾ.ਨਰੇਸ਼ ਕੁਮਾਰ ਗੁਲਾਟੀ, 
ਸੰਪਰਕ ਅਫਸਰ ਕਮ ਖੇਤੀਬਾੜੀ ਅਫਸਰ ਜਲੰਧਰ


author

rajwinder kaur

Content Editor

Related News