ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਖ਼ਤਰੇ ਦੇ ਨਿਸ਼ਾਨ 'ਤੇ ਪੁੱਜਾ ਇਸ ਦਰਿਆ ਦਾ ਪਾਣੀ, ਟੁੱਟਣ ਲੱਗੇ ਆਰਜੀ ਬੰਨ੍ਹ

Wednesday, Jul 23, 2025 - 01:17 PM (IST)

ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਖ਼ਤਰੇ ਦੇ ਨਿਸ਼ਾਨ 'ਤੇ ਪੁੱਜਾ ਇਸ ਦਰਿਆ ਦਾ ਪਾਣੀ, ਟੁੱਟਣ ਲੱਗੇ ਆਰਜੀ ਬੰਨ੍ਹ

ਸੁਲਤਾਨਪੁਰ ਲੋਧੀ (ਧੀਰ)-ਪਹਾੜੀ ਖੇਤਰਾਂ ’ਚ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਦਰਿਆ ਬਿਆਸ ’ਚ ਪਾਣੀ ਦਾ ਪੱਧਰ ਵਧ ਚੁੱਕਾ ਹੈ। ਪਾਣੀ ਮੁੜ ਤੋਂ ਉਛਾਲ ਮਾਰ ਕੇ ਕਿਨਾਰਿਆਂ ਤੋਂ ਬਾਹਰ ਨਿਕਲ ਰਿਹਾ ਹੈ। ਮੰਡ ਇਲਾਕੇ ’ਚ ਆਰਜੀ ਬੰਨ੍ਹ ਟੁੱਟਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਮੰਡ ਨਿਵਾਸੀਆਂ ਨੂੰ ਇਸ ਵਾਰ ਫਿਰ ਹੜ੍ਹ ਦਾ ਖ਼ਤਰਾ ਮੰਡਰਾਉਣ ਲਗ ਪਿਆ ਹੈ। ਕਿਸਾਨਾਂ ਦੇ ਮੱਥੇ ’ਤੇ ਚਿੰਤਾ ਦੀਆਂ ਲਕੀਰਾਂ ਤੇਜ਼ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਦੋ ਦਿਨਾਂ ਤੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿਚ ਲਗਾਤਾਰ ਪੈ ਰਹੇ ਮੀਂਹ ਕਾਰਨ ਡੈਮਾਂ ’ਚ ਪਾਣੀ ਦਾ ਪੱਧਰ ਬਹੁਤ ਵੱਧ ਗਿਆ ਹੈ, ਜਿਸ ਕਾਰਨ ਅੱਜ ਪੰਜਾਬ ਵਿਚ ਪੰਡੋਹ ਡੈਮ ਦੇ 5 ਗੇਟ ਖੋਲ੍ਹਣ ਕਾਰਨ ਦਰਿਆ ਬਿਆਸ ’ਚ ਪਾਣੀ ਦਾ ਪੱਧਰ ਬਹੁਤ ਵਧ ਗਿਆ ਹੈ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੇ ਪਾਣੀ ਦਾ ਪੱਧਰ ਇੰਝ ਹੀ ਵੱਧਦਾ ਰਿਹਾ ਤਾਂ ਹੜ੍ਹ ਦਾ ਖ਼ਤਰਾ ਵਧ ਸਕਦਾ ਹੈ।

ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ! ਸਹਿਮੇ ਲੋਕ, ਪਈਆਂ ਭਾਜੜਾਂ

PunjabKesari

ਉਨ੍ਹਾਂ ਕਿਹਾ ਕਿ ਫ਼ਸਲ ਨੂੰ ਬਚਾਉਣ ਲਈ ਕਿਸਾਨਾਂ ਵੱਲੋਂ ਲਗਾਏ ਆਰਜੀ ਬੰਨ੍ਹ ਵੀ ਟੁੱਟਣੇ ਸ਼ੁਰੂ ਹੋ ਗਏ ਹਨ ਅਤੇ ਇਹ ਫ਼ਸਲ ਨੂੰ ਭਾਰੀ ਨੁਕਸਾਨ ਪਹੁੰਚਾ ਸਕਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਮੰਡ ਖੇਤਰ ਦੇ ਕਿਸਾਨਾਂ ਲਈ ਸਾਉਣ ਅਤੇ ਭਾਦੋਂ ਦਾ ਮਹੀਨਾ ਬਹੁਤ ਹੀ ਚਿੰਤਾਜਨਕ ਹੁੰਦਾ ਹੈ ਅਤੇ ਇਨ੍ਹਾਂ ਮਹੀਨਿਆਂ ’ਚ ਪਈ ਭਾਰੀ ਮੀਂਹ ਨਾਲ ਜਿੱਥੇ ਹੜ੍ਹ ਆਉਣ ’ਤੇ ਝੋਨੇ ਦੀ ਫ਼ਸਲ ਦਾ ਵੱਡੇ ਪੱਧਰ ’ਤੇ ਭਾਰੀ ਨੁਕਸਾਨ ਹੁੰਦਾ ਹੈ, ਉੱਥੇ ਹੀ ਕਿਸਾਨ ਕਰਜ਼ੇ ਦੇ ਬੋਝ ਹੇਠਾਂ ਵੀ ਆ ਜਾਂਦਾ ਹੈ ਅਤੇ ਹਾਲਾਤ ਦੋਬਾਰਾ ਠੀਕ ਹੋਣ ਲਈ 2 ਤੋਂ 3 ਸਾਲ ਲੱਗ ਜਾਂਦੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹਾਲੇ ਤਾਂ ਕਿਸਾਨ 2023 ਦੇ ਆਏ ਹੜ੍ਹ ਤੋਂ ਪੂਰੀ ਤਰ੍ਹਾਂ ਉਭਰ ਕੇ ਠੀਕ ਸਥਿਤੀ ਵਿਚ ਨਹੀਂ ਪਹੁੰਚੇ ਹਨ ਤਾਂ ਹੁਣ ਇਸ ਸਾਲ ਫਿਰ ਤੋਂ ਭਾਰੀ ਮੀਂਹ ਅਤੇ ਬੱਦਲ ਫਟਣ ਕਾਰਨ ਹੜ੍ਹ ਦਾ ਖ਼ਤਰਾ ਲਗਾਤਾਰ ਮੰਡਰਾ ਰਿਹਾ ਹੈ।

ਲੋਕਾਂ ’ਤੇ ਮੁਸੀਬਤ ਆਉਣ ’ਤੇ ਪ੍ਰਸ਼ਾਸਨ ਤੇ ਮੌਜੂਦਾ ਸਰਕਾਰ ਦਾ ਆਗੂ ਨੇੜੇ ਵੀ ਨਹੀਂ ਆਉਂਦਾ : ਪਰਮਜੀਤ ਬਾਊਪੁਰ
ਪਹਾੜੀ ਖੇਤਰਾਂ ’ਚ ਪੈ ਰਹੇ ਤਾਬੜਤੋੜ ਮੀਂਹ ਕਾਰਨ ਦਰਿਆ ਬਿਆਸ ’ਚ ਵਧ ਰਹੇ ਪਾਣੀ ਦੇ ਪੱਧਰ ਨੇ ਕਿਸਾਨਾਂ ਦੀ ਰਾਤ ਦੀ ਨੀਂਦ ਵੀ ਉਡਾ ਦਿੱਤੀ ਹੈ। ਕਿਸਾਨਾਂ ਵੱਲੋਂ ਅੱਜ ਆਪਣੇ ਪੱਧਰ ’ਤੇ ਪਿੰਡ ਬਾਊਪੁਰ ਦੇ ਬੰਨ੍ਹ ’ਤੇ ਮਿੱਟੀ ਦੇ ਬੋਰੇ ਭਰੇ ਜਾ ਰਹੇ ਹਨ। ਕਿਸਾਨ ਆਗੂ ਪਰਮਜੀਤ ਸਿੰਘ ਬਾਊਪੁਰ ਦਾ ਕਹਿਣਾ ਹੈ ਕਿ ਸਰਕਾਰ ਜਾਂ ਪ੍ਰਸ਼ਾਸਨ ਦੇ ਭਰੋਸੇ ਦੇ ਬਾਵਜੂਦ ਕਿਸਾਨਾਂ ਵੱਲੋਂ ਅੱਜ ਬੰਨ੍ਹ ’ਤੇ ਵੱਡੀ ਗਿਣਤੀ ਵਿਚ ਮਿੱਟੀ ਦੇ ਬੋਰੇ ਭਰੇ ਜਾ ਰਹੇ ਹਨ ਤਾਂ ਕਿ ਲੋੜ ਮੁਤਾਬਕ ਉਨ੍ਹਾਂ ਬੋਰਿਆਂ ਨਾਲ ਬੰਨ੍ਹ ਨੂੰ ਲੱਗਦੇ ਖਤਰੇ ਨੂੰ ਰੋਕ ਕੇ ਫਸਲਾਂ ਦੀ ਰਾਖੀ ਕੀਤੀ ਜਾ ਸਕੇ।

PunjabKesari

ਇਹ ਵੀ ਪੜ੍ਹੋ: ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਐਕਸ਼ਨ 'ਚ ਜਲੰਧਰ ਪ੍ਰਸ਼ਾਸਨ, DC ਵੱਲੋਂ ਸਖ਼ਤ ਹੁਕਮ ਜਾਰੀ, 31 ਤਾਰੀਖ਼ ਤੱਕ...
ਕਿਸਾਨ ਆਗੂ ਨੇ ਕਿਹਾ ਪ੍ਰਸ਼ਾਸਨ ਅਤੇ ਮੌਜੂਦਾ ਸਰਕਾਰ ਦੇ ਆਗੂ ਦੇ ਸਾਰੇ ਦਾਅਵੇ ਬਾਅਦ ’ਚ ਖੋਖਲੇ ਸਾਬਤ ਹੁੰਦੇ ਹਨ। ਲੋਕਾਂ ’ਤੇ ਮੁਸੀਬਤ ਆਉਣ ’ਤੇ ਕੋਈ ਨੇੜੇ ਨਹੀਂ ਲੱਗਦਾ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਤਾਂ ਹਰ ਸਾਲ ਹੀ ਪੂਰੇ ਪ੍ਰਬੰਧ ਕਰਨ ਦੇ ਦਾਅਵੇ ਕਰਦੀ ਹੈ। ਇਸ ਮੌਕੇ ਸੁਖਦੇਵ ਸਿੰਘ, ਹਰਬੇਲ ਸਿੰਘ, ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਗੁਰਤਾਜ ਸਿੰਘ ਆਦਿ ਵੀ ਹਾਜ਼ਰ ਸਨ।

ਹਰੀਕੇ ਹੈੱਡ ਤੋਂ ਸਮੇਂ-ਸਮੇਂ ’ਤੇ ਪਾਣੀ ਰਿਲੀਜ਼ ਕਰਨ ਦੀ ਮੰਗ
ਪਹਾੜਾਂ ’ਚ ਬੱਦਲ ਫਟਣ ਕਾਰਨ ਦਰਿਆ ਬਿਆਸ ਦਾ ਪਾਣੀ ਪੱਧਰ ਵਧਣ ਦੇ ਕਾਰਨ ਮੰਡ ਖੇਤਰ ਦੇ ਨਾਲ ਲੱਗਦੇ ਪਿੰਡ ਆਹਲੀ ਕਲਾ ਅਤੇ ਆਹਲੀ ਖੁਰਦ ਦੀ ਸੰਗਤ ਵੱਲੋਂ ਅੱਜ ਵੱਡੇ ਕੰਢੇ ਉੱਪਰ ਬਣੇ ਬੰਨ੍ਹ ਦੀ ਟਰੈਕਟਰਾਂ ਨਾਲ ਮਿੱਟੀ ਪਾਈ ਤਾਂ ਕਿ ਜੋ ਦਰਿਆ ਦੇ ਕੰਢਿਆਂ ਨੂੰ ਪਾਣੀ ਦੇ ਪੱਧਰ ਵਧਣ ਕਾਰਨ ਖੋਰਾ ਲੱਗਣਾ ਸ਼ੁਰੂ ਹੋ ਚੁੱਕਾ ਹੈ, ਉਸ ਨੂੰ ਰੋਕਿਆ ਜਾਵੇ।

ਕਿਸਾਨ ਆਗੂ ਰਸ਼ਪਾਲ ਸਿੰਘ ਸੰਧੂ ਆਹਲੀ, ਸ਼ਮਿੰਦਰ ਸਿੰਘ ਸਰਪੰਚ, ਸਰਵਨ ਸਿੰਘ ਬਾਊਪੁਰ, ਗੁਰਜੰਟ ਸਿੰਘ ਚੇਅਰਮੈਨ, ਬਲਵਿੰਦਰ ਸਿੰਘ, ਤਰਲੋਚਨ ਸਿੰਘ ਉੱਪਲ, ਨਿਰਵੈਰ ਸਿੰਘ ਸੰਧੂ, ਸਤਨਾਮ ਸਿੰਘ, ਰਣਜੀਤ ਸਿੰਘ ਆਹਲੀ ਖੁਰਦ, ਵਿਰਸਾ ਸਿੰਘ ਸੰਧੂ, ਗੁਰਸੇਵਕ ਸਿੰਘ, ਗੁਰਦੌਰ ਸਿੰਘ ਬਲੋਗੀਆ, ਮਲਕੀਤ ਸਿੰਘ ਪ੍ਰਧਾਨ ਆਹਲੀ ਖੁਰਦ, ਸੇਵਕ ਸਿੰਘ, ਗੁਰਪ੍ਰੀਤ ਸਿੰਘ, ਬਲਰਾਜ ਸਿੰਘ, ਕਾਰਜ ਸਿੰਘ, ਰਣਜੋਧ ਸਿੰਘ, ਜੋਗਿੰਦਰ ਸਿੰਘ, ਗੁਰਵਿੰਦਰ ਸਿੰਘ ਫੌਜੀ, ਜਸਵਿੰਦਰ ਸਿੰਘ, ਬੰਤਾ ਸਿੰਘ, ਜਗੀਰ ਸਿੰਘ, ਰਣਜੋਧ ਸਿੰਘ ਉੱਪਲ, ਪ੍ਰਤਾਪ ਸਿੰਘ, ਗੁਰਮੇਜ ਸਿੰਘ, ਸੁਖਚੈਨ ਸਿੰਘ ਲੰਗਰ ਇੰਚਾਰਜ, ਗੱਜਣ ਸਿੰਘ, ਸੁਬੇਗ ਸਿੰਘ, ਸਕੱਤਰ ਸਿੰਘ, ਸੁਖਜਿੰਦਰ ਸਿੰਘ, ਪ੍ਰਿਤਪਾਲ ਸਿੰਘ, ਬਲਵਿੰਦਰ ਸਿੰਘ ਆਦਿ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਦਰਿਆ ਬਿਆਸ ਵਿਚ ਵਧ ਰਹੇ ਪਾਣੀ ਨੂੰ ਹਰੀਕੇ ਹੈੱਡ ਤੋਂ ਸਮੇਂ-ਸਮੇਂ ’ਤੇ ਰਿਲੀਜ਼ ਕੀਤਾ ਜਾਵੇ ਤਾਂ ਕਿ ਬੰਨ੍ਹ ਦੇ ਕੰਢਿਆਂ ਨੂੰ ਖੁਰਨ ਤੋਂ ਰੋਕਿਆ ਜਾਵੇ।

ਇਹ ਵੀ ਪੜ੍ਹੋ: ਬਾਰਿਸ਼ ਕਾਰਨ ਕਪੂਰਥਲਾ ਦੀ ਪੁਰਾਣੀ ਸਬਜ਼ੀ ਮੰਡੀ 'ਚ ਵੱਡਾ ਹਾਦਸਾ, 100 ਸਾਲ ਪੁਰਾਣੀ ਬਿਲਡਿੰਗ ਡਿੱਗੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News