ਘੁੰਮਦਿਆਂ-ਫਿਰਦਿਆਂ ਤੱਕੇ ਬਾਬੇ ਦੀਆਂ ਪੈੜਾਂ ਦੇ ਨਿਸ਼ਾਨ

09/21/2019 10:18:31 AM

ਘੁੰਮਦਿਆਂ-ਫਿਰਦਿਆਂ ਤੱਕੇ ਬਾਬੇ ਦੀਆਂ ਪੈੜਾਂ ਦੇ ਨਿਸ਼ਾਨ

ਦੇਵਪ੍ਰਯਾਗ

ਗੁਰੂਦੋਂਗਮਾਰ ਦੀ ਯਾਤਰਾ ਮੇਰੇ ਜੀਵਨ ਦੇ ਅਖੀਰਲੇ ਪੜਾਅ ਦੀ ਤਕਰੀਬਨ ਆਖਰੀ ਯਾਤਰਾ ਸੀ। ਹੁਣ ਮੈਂ ਆਪਣੇ ਜੀਵਨ ਦੀ ਬਿਲਕੁਲ ਪਹਿਲੀ ਯਾਤਰਾ ਬਾਰੇ ਲਿਖ ਰਿਹਾ ਹਾਂ, ਜਿਸ ਦੌਰਾਨ ਮੈਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਬਾਰੇ ਕੁਝ ਸੋਝੀ ਆਈ ਅਤੇ ਨਾਲ ਹੀ ਉਤਸ਼ਾਹ ਪ੍ਰਾਪਤ ਹੋਇਆ।

PunjabKesari

ਇਹ ਉਸ ਸਮੇਂ ਦੀ ਗੱਲ ਹੈ, ਜਦੋਂ ਮੈਂ ਕੇਵਲ 17-18 ਸਾਲ ਦਾ ਸਾਂ। ਵਿਹਲਾ ਸਾਂ ਅਤੇ ਐਵੇਂ ਦਿਨ ਬਿਤਾਉਣ ਅਤੇ ਸੈਰ ਕਰਨ ਦੇ ਵਿਚਾਰ ਨਾਲ ਹਰਿਦੁਆਰ, ਰਿਸ਼ੀਕੇਸ਼ ਵੱਲ ਤੁਰ ਪੈਂਦਾ ਹਾਂ। ਰਿਸ਼ੀਕੇਸ਼ ਪਹੁੰਚ ਕੇ ਲਕਸ਼ਮਣ ਝੂਲਾ ਪਾਰ ਕਰਦਾ ਹਾਂ ਤਾਂ ਮੱਧ ਪ੍ਰਦੇਸ਼ ਤੋਂ ਆਏ ਯਾਤਰੀਆਂ ਦੇ ਇਕ ਸਮੂਹ ਨੂੰ ਇਕ ਦੁਕਾਨ ਤੋਂ ਚਾਹ ਪੀਂਦਿਆਂ ਵੇਖਦਾ ਹਾਂ। ਵੀਹ-ਪੱਚੀ ਕੁ ਆਦਮੀ-ਤੀਵੀਆਂ, ਧੋਤੀਆਂ ਅਤੇ ਘੱਗਰੇ ਪਾਏ ਹੋਏ। ਉਨ੍ਹਾਂ 'ਚੋਂ ਇਕ ਆਦਮੀ, ਜੋ ਉਨ੍ਹਾਂ ਦਾ ਰਾਈਡ ਲੱਗਦਾ ਹੈ, ਉਸ ਨੇ ਕਮੀਜ਼-ਪੈਂਟ ਪਾਈ ਹੋਈ ਹੈ। ਮੈਂ ਵੀ ਉਸੇ ਥਾਂ ਚਾਹ ਪੀਣ ਲੱਗਦਾ ਹਾਂ। ਪਤਾ ਲੱਗਦਾ ਹੈ ਕਿ ਇਹ ਸਾਰੇ ਪੈਦਲ ਮਾਰਗ ਤੋਂ ਹੁੰਦਿਆਂ ਬਦਰੀਨਾਥ ਜਾ ਰਹੇ ਹਨ। ਉਦੋਂ ਤੱਕ ਰਿਸ਼ੀਕੇਸ਼-ਬਦਰੀਨਾਥ ਵਾਲੀ ਸੜਕ ਹਾਲੇ ਪੂਰੀ ਨਹੀਂ ਸੀ ਬਣੀ ਅਤੇ ਜੋ ਬਣੀ, ਉਹ ਕਈ ਥਾਵਾਂ ਤੋਂ ਟੁੱਟ ਗਈ ਸੀ। ਮੇਰੇ ਕਹਿਣ 'ਤੇ ਉਹ ਮੈਨੂੰ ਵੀ ਆਪਣੀ ਜੁੰਡਲੀ 'ਚ ਸ਼ਾਮਲ ਕਰ ਲੈਂਦੇ ਹਨ। ਇਸ ਤੋਂ ਬਾਅਦ ਚਾਰ ਦਿਨ ਤੱਕ ਗੰਗਾ ਦੇ ਕੰਢੇ-ਕੰਢੇ ਧਰਮਸ਼ਾਲਾ, ਚੋਟੀਆਂ 'ਚ ਰੁਕਦਿਆਂ ਚਾਰ ਦਿਨ ਬਾਅਦ ਅਸੀਂ ਦੇਵਪ੍ਰਯਾਗ ਜਾ ਪਹੁੰਚਦੇ ਹਾਂ। ਇਥੋਂ ਉਨ੍ਹਾਂ ਦਾ ਸਫਰ ਬਦਰੀਨਾਥ ਵੱਲ ਜਾਰੀ ਰਹਿੰਦਾ ਹੈ ਅਤੇ ਮੈਂ ਉਦੋਂ ਵਾਪਸ ਮੁੜ ਜਾਣ ਦੇ ਇਰਾਦੇ ਨਾਲ ਇਕ ਚਾਰ-ਪੰਜ ਸੌ ਸਾਲ ਪੁਰਾਣੀ ਧਰਮਸ਼ਾਲਾ 'ਚ ਰੁਕ ਜਾਂਦਾ ਹਾਂ।

ਧਰਮਸ਼ਾਲਾ 'ਚ ਇਕ ਪਾਂਡਾ ਆਇਆ ਅਤੇ ਮੇਰੇ ਤੋਂ ਮੇਰੇ ਜਨਮ ਸਥਾਨ, ਜਾਤੀ, ਗੋਤਰ ਆਦਿ ਬਾਰੇ ਪੁੱਛਗਿੱਛ ਕਰ ਕੇ ਚਲਾ ਗਿਆ। ਕੁਝ ਦੇਰ ਬਾਅਦ ਉਹ ਇਕ ਵਹੀ-ਖਾਤਾ ਲੈ ਕੇ ਆ ਗਿਆ। ਇਨ੍ਹਾਂ ਪਾਂਡਿਆਂ ਕੋਲ ਹਰ ਆਏ-ਗਏ ਯਾਤਰੀ ਬਾਰੇ 'ਰਿਕਾਰਡ' ਹੁੰਦਾ ਹੈ। ਉਸ ਨੇ ਆਖਿਆ ਕਿ ਉਹ ਨੈਰੋਵਾਲ ਦੇ ਬਾਵਿਆਂ ਦਾ ਪਾਂਡਾ ਹੈ। ਮੇਰੇ ਕਹਿਣ 'ਤੇ ਉਸ ਨੇ ਆਪਣੀ ਦੋ-ਤਿੰਨ ਸੌ ਸਾਲ ਪੁਰਾਣੀ ਵਹੀ ਖੋਲ੍ਹੀ ਅਤੇ ਪਿਛਲੇ ਤਿੰਨ-ਚਾਰ ਸੌ ਸਾਲਾਂ ਤੋਂ ਕੌਣ-ਕੌਣ ਸਾਡੇ ਵੈਰੋਵਾਲ ਦੇ ਬਾਵਿਆਂ 'ਚੋਂ ਇਸ ਪਾਸਿਓਂ ਯਾਤਰਾ ਕਰਦਿਆਂ ਲੰਘਦਾ ਰਿਹਾ, ਦੱਸਣ ਲੱਗਾ, ਆਖਰੀ ਵਰਣਨ ਬਾਵਾ ਹਰਕਿਸ਼ਨ ਸਿੰਘ ਦਾ-ਜਿਸ ਬਾਰੇ ਲਿਖਿਆ ਸੀ ਕਿ ਉਹ ਬਦਰੀਨਾਥ ਤੋਂ ਹਰਿਦੁਆਰ ਦੇ ਵਾਪਸੀ ਸਫਰ ’ਚ ਇਥੋਂ ਹੋ ਕੇ ਲੰਘਿਆ ਸੀ।

ਮੇਰੇ ਪੁੱਛਣ ’ਤੇ ਕਿ ਉਹ ਬਦਰੀਨਾਥ ਕਿਵੇਂ ਪਹੁੰਚੇ? ਉਸ ਨੇ ਵਹੀ ’ਚੋਂ ਪੜ੍ਹਦਿਆਂ ਦੱਸਿਆ ਕਿ ਉਹ ਉਥੇ ਕੈਲਾਸ਼ ਮਾਨਸਰੋਵਰ ਅਤੇ ਤਿੱਬਤ ਦੀ ਰਾਜਧਾਨੀ ਲਹਾਸਾ ਤੋਂ ਆਏ ਸਨ, ਉਸ ਦੇ ਇਹ ਕੁਝ ਦੱਸਣ 'ਤੇ ਮੈਂ ਉਸ ਵੇਲੇ ਤਾਂ ਨਹੀਂ, ਬਾਅਦ 'ਚ ਅਨੁਮਾਨ ਲਾਇਆ ਸੀ ਕਿ ਮੇਰੇ ਉਹ ਪੜਦਾਦਾ ਗੁਰੂ ਜੀ ਦੇ ਪਦਚਿੰਨ੍ਹਾਂ 'ਤੇ ਤੁਰਦਿਆਂ ਦੇਵਪ੍ਰਯਾਗ ਪਹੁੰਚੇ ਸਨ। ਹੁਣ ਮੈਂ ਕਹਿ ਸਕਦਾ ਹਾਂ ਕਿ ਆਪਣੇ ਪੜਦਾਦੇ ਦੀ ਇਸ ਯਾਤਰਾ ਨੇ ਮੇਰੇ ਅੰਦਰ ਜਾਗ ਰਹੇ ਯਾਤਰੀ ਨੂੰ ਉਤਸ਼ਾਹ ਨਾਲ ਭਰ ਦਿੱਤਾ ਅਤੇ ਉਸ ਤੋਂ ਬਾਅਦ ਅੱਜ ਤੱਕ ਯਾਨੀ 68 ਸਾਲ ਤੱਕ ਸਾਰੇ ਹਿੰਦੋਸਤਾਨ, ਹਿਮਾਲਿਆ ਅਤੇ ਹਿੰਦੋਸਤਾਨ ਦੇ ਬਾਹਰ ਘੁੰਮਦਿਆਂ-ਫਿਰਦਿਆਂ ਗੁਰੂ ਜੀ ਦੇ ਨਾਮ ਨਾਲ ਜੁੜੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਦਾ ਰਿਹਾ ਅਤੇ ਜਿਨ੍ਹਾਂ ਦਾ ਜ਼ਿਕਰ ਮੈਂ ਅਗਲੇ ਪੰਨਿਆਂ ’ਚ ਕਰਨ ਵਾਲਾ ਹਾਂ।

ਬਿਦਰ, ਨਾਨਕ ਝੀਰਾ

PunjabKesari

ਇਸ ਵਾਰੀ ਜਦੋਂ ਮੈਂ ਆਪਣੀ ਪਤਨੀ ਨਾਲ ਬੈਠ ਕੇ ਨੰਦੇੜ ਜਾਣ ਦਾ ਪ੍ਰੋਗਰਾਮ ਬਣਾਇਆ ਤਾਂ ਨਾਲ ‘ਬਿਦਰ’ ਅਤੇ ਕੁਝ ਹੋਰ ਇਤਿਹਾਸਕ-ਮਿਥਿਹਾਸਕ ਸਥਾਨਾਂ ਨੂੰ ਵੀ ਜੋੜ ਲਿਆ। ਉਸ ਪ੍ਰੋਗਰਾਮ ਅਨੁਸਾਰ ਅਸੀਂ ਇਕ ਦਿਨ ‘ਸੱਚਖੰਡ’ ਐਕਸਪ੍ਰੈੱਸ ’ਚ ਬੈਠਦੇ ਅਤੇ ਨੰਦੇੜ ਸਟੇਸ਼ਨ ਤੋਂ 50, 60 ਕਿਲੋਮੀਟਰ ਪਹਿਲਾਂ ਪਰਭਾਨੀ ਨਾਂ ਦੇ ਸਟੇਸ਼ਨ ’ਤੇ ਜਾ ਉੱਤਰਦੇ ਹਾਂ। ਨੰਦੇੜ ਜਾਣ ਤੋਂ ਪਹਿਲਾਂ ਸਾਡਾ ਵਿਚਾਰ ਬਿਦਰ ਵਿਚ 'ਨਾਨਕ ਝੀਰਾ' ਗੁਰਦੁਆਰੇ ਦੇ ਦਰਸ਼ਨ ਕਰਨ ਦੇ ਨਾਲ-ਨਾਲ ਕੁਝ ਇਤਿਹਾਸਕ ਸਥਾਨ ਵੇਖਣ ਦਾ ਹੈ। ਬਿਦਰ ਲਈ ਇਥੋਂ ਪੈਸੰਜਰ ਗੱਡੀ ਚੱਲਦੀ ਹੈ। ਗੱਡੀ ਦੇ ਡੱਬਿਆਂ ’ਚ ਕੋਈ ਭੀੜ ਨਹੀਂ।

ਗੱਡੀ 'ਚ ਬੈਠਿਆਂ ਬਾਰੀ ’ਚੋਂ ਝਾਕਦਿਆਂ ਬਾਹਰ ਕਾਲੀ ਮਿੱਟੀ ਦੇ ਖੇਤਾਂ ’ਚ ਕਪਾਹ, ਕਮਾਦ ਅਤੇ ਕਿਤੇ-ਕਿਤੇ ਦਾਲ ਦੀਆਂ ਫਸਲਾਂ ਨਜ਼ਰ ਆ ਰਹੀਆਂ ਹਨ। ਕੁਝ ਆਦਿਵਾਸੀ ਬਸਤੀਆਂ, ਬੱਚੇ ਇਧਰ-ਓਧਰ ਖੇਡਦੇ ਅਤੇ ਤੀਵੀਆਂ ਕਿਸੇ ਨਦੀ ਕੰਢੇ ਕੱਪੜੇ ਧੋਂਦੀਆਂ ਨਜ਼ਰ ਆ ਰਹੀਆਂ ਹਨ। ਨੰਦੇੜ ਮਹਾਰਾਸ਼ਟਰ ਵਿਚ ਹੈ ਅਤੇ ਬਿਦਰ ਕਰਨਾਟਕ ਵਿਚ। ਨਵੀਆਂ ਚੜ੍ਹਦੀਆਂ ਸਵਾਰੀਆਂ ਦੀ ਬੋਲੀ ਅਤੇ ਪਹਿਰਾਵਾ ਬਦਲਦਾ ਜਾ ਰਿਹਾ ਹੈ। ਡਾਇਰੀ ਲਿਖਣ ਵਾਲੀ ਕੁੜੀ ਦੇ ਉੱਤਰਨ ਤੋਂ ਦੋ ਘੰਟੇ ਬਾਅਦ ਅਸੀਂ ਬਿਦਰ ਦੇ ਸਟੇਸ਼ਨ 'ਤੇ ਜਾ ਉਤਰਦੇ ਅਤੇ ਇਕ ਹੋਟਲ ’ਚ ਜਾ ਟਿਕਦੇ ਹਾਂ।

ਬਿਦਰ ਇਕ ਇਤਿਹਾਸਕ ਸ਼ਹਿਰ ਹੈ, ਜਿਸ ਵਿਚ ਨਾਨਕ ਝੀਰਾ ਗੁਰਦੁਆਰੇ ਤੋਂ ਇਲਾਵਾ ਬਾਹਮਨੀ ਅਤੇ ਸ਼ਾਹਿਦਸ਼ਾਹੀ ਸੁਲਤਾਨਾ ਦੇ ਕਿਲੇ-ਮਹੱਲ ਅਤੇ ਮਕਬਰੇ ਆਦਿ ਹਨ। ਅਗਲੀ ਸਵੇਰ ਅਸੀਂ ‘ਨਾਨਕ ਝੀਰਾ’ ਗੁਰਦੁਆਰੇ ਦੇ ਦਰਸ਼ਨ ਕਰਨ ਪਹੁੰਚ ਜਾਂਦੇ ਹਾਂ। ਬੱਸ ਅੱਡੇ ਤੋਂ ਇਕ-ਡੇਢ ਕਿਲੋਮੀਟਰ ਦੂਰ ਇਹ ਗੁਰਦੁਆਰਾ ਇਕ ਖੁੱਲ੍ਹੀ ਥਾਵੇਂ ਬਣਿਆ ਹੋਇਆ ਹੈ। ਗੁਰਦੁਆਰੇ ਤੋਂ ਇਲਾਵਾ ਲਾਇਬ੍ਰ੍ਰੇਰੀ, ਦਫਤਰ, ਯਾਤਰੀ ਨਿਵਾਸ, ਇਕ ਛੋਟਾ ਜਿਹਾ ਸਰੋਵਰ ਅਤੇ ਪਾਣੀ ਦਾ ਇਕ ਚੁਬੱਚਾ ਹੈ, ਜਿਥੇ ਇਕ ਚਸ਼ਮੇ ਤੋਂ ਪਾਣੀ ਫੁੱਟ ਕੇ ਇਸ ਵਿਚ ਮਿਲਦਾ ਜਾਂਦਾ ਹੈ।

ਕਿਹਾ ਜਾਂਦਾ ਹੈ ਕਿ ਗੁਰੂ ਨਾਨਕ ਦੇਵ ਜੀ ਆਪਣੀ ਦੂਸਰੀ ਅਤੇ ਦੱਖਣ ਦੀ ਉਦਾਸੀ ਦੌਰਾਨ ਅਕੋਲਾ, ਓਂਕਾਰੇਸ਼ਵਰ ਆਦਿ ਸਥਾਨਾਂ ਤੋਂ ਹੁੰਦੇ ਹੋਏ ਇਥੇ ਆਏ ਸਨ। ਕਥਾ ਅਨੁਸਾਰ ਇਥੋਂ ਦੇ ਲੋਕਾਂ ਨੇ ਗੁਰੂ ਸਾਹਿਬ ਕੋਲ ਆ ਕੇ ਪ੍ਰਾਰਥਨਾ ਕੀਤੀ ਕਿ ਉਨ੍ਹਾਂ ਨੂੰ ਇਥੇ ਪੀਣ ਵਾਲੇ ਪਾਣੀ ਦੀ ਬੜੀ ਦਿੱਕਤ ਹੈ। ਖੂਹਾਂ 'ਚੋਂ ਪਾਣੀ ਲੂਣ ਵਾਲਾ ਨਿਕਲਦਾ ਹੈ। ਉਸ 'ਤੇ ਗੁਰੂ ਸਾਹਿਬ ਨੇ ਆਪਣੀ ਖੜਾਂਵ ਨਾਲ ਇਕ ਪੱਥਰ ਨੂੰ ਛੂਹਿਆ ਅਤੇ ਉਸ ਦੇ ਥੱਲਿਓਂ ਮਿੱਠੇ ਪਾਣੀ ਦਾ ਚਸ਼ਮਾ ਫੁੱਟ ਨਿਕਲਿਆ।

ਲੱਗਦਾ ਹੈ ਕਿ ਇਸ ਇਲਾਕੇ ਵਿਚ ਕਾਫੀ ਸਾਰੇ ਸਥਾਨਕ (ਕੰਨੜ) ਸਿੱਖ ਸ਼ਰਧਾਲੂ ਹਨ। ਗੁਰਦੁਆਰੇ ਦੇ ਬਹੁਤ ਸਾਰੇ ਸੇਵਾਦਾਰ ਇਥੋਂ ਦੇ ਰਹਿਣ ਵਾਲੇ ਹਨ ਅਤੇ ਗੁਰਦੁਆਰੇ ਆ ਕੇ ਮੱਥਾ ਟੇਕਣ ਵਾਲੇ ਵੀ ਆਮ ਕਰਕੇ ਸਥਾਨਕ ਲੋਕ ਹਨ। ਆਲੇ-ਦੁਆਲੇ ਦੇ ਘਰਾਂ ਦੇ ਰਹਿਣ ਵਾਲੇ ਪੀਣ ਵਾਲਾ ਪਾਣੀ ਇਥੋਂ ਲੈ ਕੇ ਜਾਂਦੇ ਹਨ।

-ਮਨਮੋਹਨ ਬਾਵਾ


Related News