ਪੰਜ ਸਿੰਘ ਸਾਹਿਬਾਨ ਦੇ ਆਦੇਸ਼ ਦੇ ਮੱਦੇਨਜਰ ਸ਼੍ਰੋਮਣੀ ਕਮੇਟੀ ਦੇ ਅਦਾਰਿਆਂ ’ਤੇ ਝੁਲਾਏ ਜਾਣਗੇ ਖਾਲਸਈ ਨਿਸ਼ਾਨ

04/10/2024 5:41:52 PM

ਅੰਮ੍ਰਿਤਸਰ (ਸਰਬਜੀਤ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵਲੋਂ 325ਵੇਂ ਖ਼ਾਲਸਾ ਸਾਜਨਾ ਦਿਵਸ ਮੌਕੇ 13 ਅਪ੍ਰੈਲ 2024 ਨੂੰ ਹਰੇਕ ਸਿੱਖ ਨੂੰ ਆਪਣੇ ਘਰਾਂ ਉੱਤੇ ਖ਼ਾਲਸਈ ਨਿਸ਼ਾਨ ਸਾਹਿਬ ਝੁਲਾ ਕੇ ਕੌਮੀ ਜਾਹੋ ਜਲਾਲ ਦਾ ਪ੍ਰਗਟਾਵਾ ਕਰਨ ਦੇ ਆਦੇਸ਼ ਦਾ ਸਵਾਗਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੀਆਂ ਸੰਸਥਾਵਾਂ ਤੇ ਅਦਾਰਿਆਂ ਵਿਚ ਇਸ ਨੂੰ ਪੂਰਨ ਰੂਪ ਵਿਚ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਐਡਵੋਕੇਟ ਧਾਮੀ ਨੇ ਆਖਿਆ ਕਿ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਖ਼ਾਲਸੇ ਦੀ ਸਾਜਣਾ ਕਰਕੇ ਜਿੱਥੇ ਸਿੱਖਾਂ ਨੂੰ ਇੱਕ ਵਿਲੱਖਣ ਅਤੇ ਨਿਰਾਲੀ ਪਛਾਣ ਦਿੱਤੀ ਉੱਥੇ ਹੀ ਸਮਾਜਿਕ ਬਰਾਬਰੀ ਅਤੇ ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਲਈ ਮਾਰਗ ਵੀ ਦਿਖਾਇਆ। ਇਸ ਮਹਾਨ ਦਿਹਾੜੇ ਦੇ 325ਵੇਂ ਸਾਲ ਮੌਕੇ ਕੌਮ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਖਾਲਸਈ ਜਲੌ ਦੇ ਪ੍ਰਗਟਾਵੇ ਲਈ ਆਦੇਸ਼ ਵੱਡੇ ਮਹੱਤਵ ਵਾਲਾ ਹੈ।

ਉਨ੍ਹਾਂ ਆਖਿਆ ਕਿ ਖ਼ਾਲਸਾ ਸਾਜਨਾ ਦਿਵਸ ਜਿੱਥੇ ਪੰਥ ਦਾ ਇਕ ਕੌਮੀ ਪ੍ਰਣ ਦਿਵਸ ਹੈ, ਉੱਥੇ ਇਹ ਸਾਡੀ ਕੌਮੀਅਤ ਦੀ ਮੌਲਿਕ ਵਿਲੱਖਣਤਾ, ਨਿਆਰੇਪਨ ਅਤੇ ਪਛਾਣ ‘ਤੇ ਮੋਹਰ ਦਾ ਦਿਹਾੜਾ ਵੀ ਹੈ, ਜਿਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਵ-ਵਿਆਪੀ ਸਿੱਖ ਕੌਮ ਨੂੰ 13 ਅਪ੍ਰੈਲ 2024 ਨੂੰ ਆਪਣੇ ਘਰਾਂ ਉੱਪਰ ਖ਼ਾਲਸਈ ਨਿਸ਼ਾਨ ਝੁਲਾਉਣ ਦਾ ਆਦੇਸ਼ ਸਿੱਖ ਕੌਮ ਅੰਦਰ ਉਤਸ਼ਾਹ ਅਤੇ ਜਾਹੋ-ਜਲਾਲ ਪੈਦਾ ਕਰੇਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਦਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੀਆਂ ਸੰਸਥਾਵਾਂ ਅਤੇ ਅਦਾਰਿਆਂ ਵਿੱਚ ਖ਼ਾਲਸਈ ਨਿਸ਼ਾਨ ਸਾਹਿਬ ਝੁਲਾਏ ਜਾਣਗੇ। ਉਨ੍ਹਾਂ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ ਪੰਜ ਸਿੰਘ ਸਾਹਿਬਾਨ ਦੇ ਆਦੇਸ਼ ਦਾ ਪਾਲਣ ਕਰਦਿਆਂ ਹਰ ਸਿੱਖ ਇਸ ‘ਤੇ ਅਮਲ ਜ਼ਰੂਰ ਕਰੇ।


Anuradha

Content Editor

Related News