9000 ਕਿ. ਮੀ. ਦਾ ਸਫਰ ਤਹਿ ਕਰੇਗੀ ਅੰਡਰ-17 ਵਿਸ਼ਵ ਕੱਪ ਟਰਾਫੀ

08/08/2017 1:52:41 AM

ਨਵੀਂ ਦਿੱਲੀ— ਭਾਰਤ 'ਚ ਅਕਤੂਬਰ ਵਿਚ ਹੋਣ ਵਾਲੇ ਅੰਡਰ-17 ਵਿਸ਼ਵ ਕੱਪ ਦੀ ਟਰਾਫੀ ਦੇਸ਼ 'ਚ 17 ਅਗਸਤ ਤੋਂ 26 ਸਤੰਬਰ ਤਕ 40 ਦਿਨਾਂ ਦੀ ਮਿਆਦ 'ਚ 9000 ਕਿਲੋਮੀਟਰ ਦਾ ਸਫਰ ਤਹਿ ਕਰੇਗੀ ਤਾਂ ਕਿ ਲੋਕ ਜੇਤੂ ਟਰਾਫੀ ਦਾ ਦੀਦਾਰ ਕਰ ਸਕਣ।
ਸਥਾਨਕ ਆਯੋਜਨ ਕਮੇਟੀ ਦੇ ਮੁਖੀ ਪ੍ਰਫੁੱਲ ਪਟੇਲ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਮੇਟੀ ਤੇ ਫੀਫਾ ਵੱਲੋਂ ਟਰਾਫੀ ਦੇ ਦੇਸ਼ 'ਚ ਘੁੰਮਣ ਦੀਆਂ ਮਿਤੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਇਹ ਦੇਸ਼ ਦੇ ਉਨ੍ਹਾਂ ਛੇ ਸ਼ਹਿਰਾਂ ਦਾ ਦੌਰਾ ਕਰੇਗੀ, ਜਿਥੇ ਵਿਸ਼ਵ ਕੱਪ ਮੈਚਾਂ ਦਾ ਆਯੋਜਨ ਹੋਣਾ ਹੈ। ਇਸ ਸਫਰ ਦੌਰਾਨ ਫੁੱਟਬਾਲ ਪ੍ਰਸ਼ੰਸਕਾਂ ਨੂੰ ਇਸ ਟਰਾਫੀ ਨੂੰ ਦੇਖਣ ਦਾ ਮੌਕਾ ਮਿਲੇਗਾ।
ਟਰਾਫੀ ਦਿੱਲੀ 'ਚ 17 ਤੋਂ 22 ਅਗਸਤ ਤਕ, ਗੁਹਾਟੀ 'ਚ 24 ਤੋਂ 29 ਅਗਸਤ ਤਕ, ਕੋਲਕਾਤਾ 'ਚ 31 ਅਗਸਤ ਤੋਂ 5 ਸਤੰਬਰ ਤਕ, ਮੁੰਬਈ 'ਚ 6 ਤੋਂ 10 ਸਤੰਬਰ ਤਕ, ਗੋਆ 'ਚ 14 ਤੋਂ 19 ਸਤੰਬਰ ਤਕ ਅਤੇ ਕੋਚੀ 'ਚ 21 ਤੋਂ 26 ਸਤੰਬਰ ਤਕ ਦੌਰੇ 'ਤੇ ਰਹੇਗੀ।
ਪਟੇਲ ਨੇ ਕਿਹਾ ਕਿ ਇਹ ਫੁੱਟਬਾਲ ਪ੍ਰੇਮੀਆਂ ਲਈ ਇਕ ਸ਼ਾਨਦਾਰ ਮੌਕਾ ਹੋਵੇਗਾ ਕਿ ਉਹ ਟਰਾਫੀ ਦਾ ਖੁਦ ਦੀਦਾਰ ਕਰਨ। ਅਸੀਂ ਉਮੀਦ ਕਰਦੇ ਹਾਂ ਕਿ ਲੋਕ ਵੱਡੀ ਗਿਣਤੀ 'ਚ ਟਰਾਫੀ ਨੂੰ ਦੇਖਣ ਆਉਣਗੇ, ਇਸ ਨਾਲ ਵਿਸ਼ਵ ਕੱਪ ਲਈ ਵੀ ਮਾਹੌਲ ਬਣੇਗਾ।


Related News