ਸ਼ਿਵ ਸੈਨਾ (ਯੂ. ਬੀ. ਟੀ.) ਨੇ 5 ਸੰਸਦ ਮੈਂਬਰਾਂ ’ਤੇ ਭਰੋਸਾ ਪ੍ਰਗਟਾਇਆ, ਪਹਿਲੀ ਸੂਚੀ ’ਚ 17 ਉਮੀਦਵਾਰਾਂ ਦੇ ਨਾਂ
Thursday, Mar 28, 2024 - 01:30 PM (IST)
ਮੁੰਬਈ, (ਭਾਸ਼ਾ)- ਸ਼ਿਵ ਸੈਨਾ (ਯੂ. ਬੀ. ਟੀ.) ਨੇ ਲੋਕ ਸਭਾ ਦੀਆਂ ਚੋਣਾਂ ਲਈ ਬੁੱਧਵਾਰ 17 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਕਿਹਾ ਕਿ ਉਹ ਸੂਬੇ ਦੀਆਂ ਕੁੱਲ 22 ਸੀਟਾਂ ਤੇ ਚੋਣ ਲੜੇਗੀ। ਪਾਰਟੀ ਨੇ ਸਾਬਕਾ ਕੇਂਦਰੀ ਮੰਤਰੀ ਅਨੰਤ ਗੀਤੇ ਨੂੰ ਰਾਏਗੜ੍ਹ ਤੇ ਅਰਵਿੰਦ ਸਾਵੰਤ ਨੂੰ ਦੱਖਣੀ ਮੁੰਬਈ ਲੋਕ ਸਭਾ ਸੀਟ ਤੋਂ ਆਪਣਾ ਉਮੀਦਵਾਰ ਐਲਾਨਿਆ ਹੈ।
ਪਾਰਟੀ ਨੇ ਮਿਆਦ ਪੁਗਾ ਰਹੇ ਸਾਰੇ 5 ਸੰਸਦ ਮੈਂਬਰਾਂ ਨੂੰ ਦੁਬਾਰਾ ਮੈਦਾਨ ’ਚ ਉਤਾਰਿਆ ਹੈ। ਇਹ ਸੰਸਦ ਮੈਂਬਰ ਅਰਵਿੰਦ ਸਾਵੰਤ (ਦੱਖਣੀ ਮੁੰਬਈ), ਰਾਜਨ (ਠਾਣੇ), ਵਿਨਾਇਕ ਰਾਊਤ (ਰਤਨਾਗਿਰੀ-ਸਿੰਧੂਦੁਰਗ), ਓਮਰਾਜੇ ਨਿੰਬਲਕਰ (ਧਾਰਸ਼ਿਵ) ਤੇ ਸੰਜੇ ਜਾਧਵ (ਪਰਭਨੀ) ਹਨ। ਪਾਰਟੀ ਨੇਤਾ ਸੰਜੇ ਰਾਊਤ ਨੇ ਕਿਹਾ ਕਿ ਸ਼ਿਵ ਸੈਨਾ (ਯੂ. ਬੀ. ਟੀ.) ਨੇ ਮੁੰਬਈ ਦੱਖਣੀ-ਮੱਧ ਸੀਟ ਤੋਂ ਰਾਜ ਸਭਾ ਦੇ ਮੈਂਬਰ ਅਨਿਲ ਦੇਸਾਈ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਦੇਸਾਈ ਦਾ ਕਾਰਜਕਾਲ ਅਗਲੇ ਮਹੀਨੇ ਖਤਮ ਹੋਣ ਵਾਲਾ ਹੈ। ਪਾਰਟੀ ਨੇ ਮੁੰਬਈ ਤੋਂ 4 ਉਮੀਦਵਾਰ ਖੜ੍ਹੇ ਕੀਤੇ ਹਨ।
ਕਾਂਗਰਸ ਨੇ ਪ੍ਰਗਟਾਇਆ ਇਤਰਾਜ਼
ਕਾਂਗਰਸ ਦੀ ਮਹਾਰਾਸ਼ਟਰ ਇਕਾਈ ਨੇ ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਵੱਲੋਂ ਭਿਵੰਡੀ, ਮੁੰਬਈ ਦੱਖਣੀ-ਮੱਧ ਤੇ ਸਾਂਗਲੀ ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ’ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਮਹਾਵਿਕਾਸ ਆਘਾੜੀ (ਐੱਮ. ਵੀ. ਏ.) ਦੀਆਂ ਭਾਈਵਾਲ ਪਾਰਟੀਆਂ ਨੂੰ ਗੱਠਜੋੜ ਧਰਮ ਦੀ ਪਾਲਣਾ ਕਰਨੀ ਚਾਹੀਦੀ ਹੈ।
ਮਹਾਰਾਸ਼ਟਰ ’ਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਬਾਲਾਸਾਹਿਬ ਥੋਰਾਟ ਨੇ ਸ਼ਿਵ ਸੈਨਾ (ਯੂ. ਬੀ. ਟੀ.) ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਹਾਲਾਂਕਿ, ਉਨ੍ਹਾਂ ਦੀ ਪਾਰਟੀ ਦੇ ਸਹਿਯੋਗੀ ਸੰਜੇ ਨਿਰੂਪਮ ਨੇ ਵਧੇਰੇ ਹਮਲਾਵਰ ਰੁਖ ਅਪਣਾਇਆ ਤੇ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੂੰ ਮੁੰਬਈ ਦੀਆਂ ਵਧੇਰੇ ਸੀਟਾਂ ਹਥਿਆਉਣ ਦੀ ਆਗਿਆ ਦੇਣ ਲਈ ਕਾਂਗਰਸ ਲੀਡਰਸ਼ਿਪ ’ਤੇ ਨਿਸ਼ਾਨਾ ਵਿਨ੍ਹਿਆ।