ਦਾਜ ਖਾਤਰ ਪਤੀ ਤੇ ਸਹੁਰਿਆਂ ਨੇ ਘੇਰ ਕੇ ਕੀਤੀ ਕੁੱਟਮਾਰ, 28 ਨਾਮਜ਼ਦ

08/14/2017 2:32:03 PM

ਮੋਗਾ (ਆਜ਼ਾਦ) : ਜ਼ਿਲੇ ਦੇ ਪਿੰਡ ਕਮਾਲਕੇ ਖੁਰਦ ਨਿਵਾਸੀ ਔਰਤ ਨੇ ਦਾਜ ਦੀ ਖਾਤਰ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨੇ ਕੁਝ ਹੋਰ ਲੋਕਾਂ ਨੂੰ ਨਾਲ ਲੈ ਕੇ ਉਸ ਨੂੰ ਰਸਤੇ ਵਿਚ ਘੇਰ ਕੇ ਕੁੱਟਮਾਰ ਕਰ ਕੇ ਜ਼ਖ਼ਮੀ ਕੀਤੇ ਜਾਣ ਦਾ ਦੋਸ਼ ਲਾਇਆ ਹੈ, ਜਿਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ।
ਕੀ ਹੈ ਸਾਰਾ ਮਾਮਲਾ
ਪੀੜਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਵਿਆਹ 17 ਅਪ੍ਰੈਲ, 2017 ਨੂੰ ਗੁਰਜੰਟ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਕਮਾਲਕੇ ਖੁਰਦ ਨਾਲ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਵਿਆਹ ਸਮੇਂ ਮੇਰੇ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਅਨੁਸਾਰ ਦਾਜ ਦਿੱਤਾ ਪਰ ਵਿਆਹ ਤੋਂ ਬਾਅਦ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਪੇਕਿਆਂ ਤੋਂ ਹੋਰ ਦਾਜ ਤੇ 2 ਲੱਖ ਰੁਪਏ ਲਿਆਉਣ ਲਈ ਤੰਗ-ਪ੍ਰੇਸ਼ਾਨ ਕਰਨ ਲੱਗੇ, ਜਿਸ 'ਤੇ ਮੈਂ ਆਪਣੇ ਪੇਕੇ ਪਰਿਵਾਰ ਨੂੰ ਜਾਣਕਾਰੀ ਦਿੱਤੀ, ਜਿਨ੍ਹਾਂ ਨੇ ਮੇਰੇ ਪਤੀ ਅਤੇ ਸਹੁਰੇ ਪਰਿਵਾਰ ਦੇ ਦੂਸਰੇ ਮੈਂਬਰਾਂ ਨੂੰ ਸਮਝਾਉਣ ਦਾ ਯਤਨ ਕੀਤਾ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਮੰਗ ਪੂਰੀ ਨਹੀਂ ਕਰ ਸਕਦੇ ਪਰ ਉਨ੍ਹਾਂ ਕੋਈ ਗੱਲ ਨਾ ਸੁਣੀ। ਆਖਿਰ ਉਨ੍ਹਾਂ ਮੈਨੂੰ 9 ਅਗਸਤ, 2017 ਨੂੰ ਕੁੱਟਮਾਰ ਕਰ ਕੇ ਘਰੋਂ ਕੱਢ ਦਿੱਤਾ।  ਪੀੜਤਾ ਨੇ ਦੱਸਿਆ ਕਿ ਜਦੋਂ ਉਹ ਜ਼ਖ਼ਮੀ ਹਾਲਤ 'ਚ ਸਿਵਲ ਹਸਪਤਾਲ ਜਾ ਰਹੀ ਸੀ ਤਾਂ ਮੇਰੇ ਪਤੀ ਗੁਰਜੰਟ ਸਿੰਘ, ਸੱਸ ਛਿੰਦਰ ਕੌਰ, ਪਰਮਜੀਤ ਕੌਰ ਨਿਵਾਸੀ ਪਿੰਡ ਕਮਾਲਕੇ ਖੁਰਦ ਅਤੇ ਉਸ ਦੇ ਨਾਲ ਆਏ 20-25 ਅਣਪਛਾਤੇ ਵਿਅਕਤੀਆਂ ਨੇ ਰਸਤੇ ਵਿਚ ਘੇਰ ਲਿਆ ਅਤੇ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਮੇਰੇ ਦਾਜ ਦਾ ਸਾਰਾ ਸਾਮਾਨ ਵੀ ਹੜੱਪ ਲਿਆ।
ਕੀ ਹੋਈ ਪੁਲਸ ਕਾਰਵਾਈ
ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੀੜਤਾ ਦੇ ਪਤੀ ਗੁਰਜੰਟ ਸਿੰਘ, ਸੱਸ ਛਿੰਦਰ ਕੌਰ ਅਤੇ ਪਰਮਜੀਤ ਕੌਰ ਤੋਂ ਇਲਾਵਾ 20-25 ਅਣਪਛਾਤੇ ਵਿਅਕਤੀਆਂ ਖਿਲਾਫ ਦਾਜ ਦੀ ਖਾਤਰ ਅਤੇ ਰਸਤੇ 'ਚ ਘੇਰ ਕੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ। ਉਨ੍ਹਾਂ ਦੱਸਿਆ ਕਿ ਉਹ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕਰ ਕੇ ਮਾਮਲੇ ਦੀ ਸੱਚਾਈ ਜਾਣਨ ਦਾ ਯਤਨ ਕਰ ਰਹੇ ਹਨ।
ਪਤੀ ਨੇ ਸਹੁਰਿਆਂ 'ਤੇ ਲਾਇਆ ਕੁੱਟਮਾਰ ਕਰਨ ਦਾ ਦੋਸ਼
ਪੀੜਤਾ ਦੇ ਪਤੀ ਗੁਰਜੰਟ ਸਿੰਘ ਨੇ ਆਪਣੇ ਸਹੁਰੇ ਪਰਿਵਾਰ ਦੇ ਮੈਂਬਰਾਂ ਸੱਸ ਚਰਨਜੀਤ ਕੌਰ, (ਸਾਲਾ) ਜਗਦੀਪ ਸਿੰਘ, ਗੁਰਜੀਤ ਸਿੰਘ, ਲਵਪੀ੍ਰਤ ਸਿੰਘ ਅਤੇ ਉਸ ਦੇ ਚਚੇਰੇ ਭਰਾ ਤਰਨਦੀਪ ਸਿੰਘ ਨਿਵਾਸੀ ਪਿੰਡ ਗਾਲਿਬ ਕਲਾਂ 'ਤੇ ਬੀਤੀ 9 ਅਗਸਤ ਦੀ ਰਾਤ ਨੂੰ ਉਨ੍ਹਾਂ ਦੇ ਘਰ ਆ ਕੇ ਉਸ ਨੂੰ ਕੁੱਟਮਾਰ ਕਰ ਕੇ ਜ਼ਖ਼ਮੀ ਕੀਤੇ ਜਾਣ ਦਾ ਦੋਸ਼ ਲਾਇਆ ਹੈ, ਜਿਸ ਨੂੰ ਸਿਵਲ ਹਸਪਤਾਲ ਕੋਟ ਈਸੇ ਖਾਂ ਦਾਖਲ ਕਰਵਾਇਆ ਗਿਆ। ਇਸ ਸਬੰਧੀ ਧਰਮਕੋਟ ਪੁਲਸ ਵੱਲੋਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Related News