ਹਾਈਟਸ ਅਕੈਡਮੀ ਦੀ ਡਾਇਰੈਕਟਰ ਨਾਲ 55,75,900 ਰੁਪਏ ਦੀ ਠੱਗੀ

10/13/2017 6:23:27 AM

ਹੁਸ਼ਿਆਰਪੁਰ, (ਅਸ਼ਵਨੀ)- ਸਿਟੀ ਪੁਲਸ ਨੇ ਪ੍ਰੋ. ਤਰਸੇਮ ਮਹਾਜਨ ਹਾਈਟਸ ਅਕੈਡਮੀ ਦੀ ਡਾਇਰੈਕਟਰ ਸ਼੍ਰੀਮਤੀ ਪੂਜਾ ਮਹਾਜਨ ਪਤਨੀ ਤਰਸੇਮ ਮਹਾਜਨ ਦੀ ਸ਼ਿਕਾਇਤ 'ਤੇ ਅਕੈਡਮੀ ਦੇ ਇਕ ਸਾਬਕਾ ਅਧਿਆਪਕ ਰਾਜੀਵ ਠਾਕੁਰ ਖਿਲਾਫ਼ ਲੱਖਾਂ ਰੁਪਏ ਦੀ ਠੱਗੀ ਦੇ ਦੋਸ਼ 'ਚ ਧਾਰਾ 420 ਤਹਿਤ ਕੇਸ ਦਰਜ ਕੀਤਾ ਹੈ। 
ਸ਼੍ਰੀਮਤੀ ਮਹਾਜਨ ਨੇ ਜ਼ਿਲਾ ਪੁਲਸ ਮੁਖੀ ਜੇ. ਏਲੀਚੇਲਿਅਨ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਸੀ ਕਿ ਉਨ੍ਹਾਂ ਦੀ ਅਕੈਡਮੀ 'ਚ ਰਾਜੀਵ ਠਾਕੁਰ ਪੁੱਤਰ ਹਰਬੰਸ ਲਾਲ ਮੈਥ ਟੀਚਰ ਵਜੋਂ ਕੰਮ ਕਰਦਾ ਸੀ। ਉਸ ਨੇ ਮੈਨੂੰ ਕਿਹਾ ਕਿ ਉਸਦੇ ਭਰਾ ਰੋਹਿਤ ਠਾਕੁਰ ਦਾ ਦੁਬਈ 'ਚ ਹੋਟਲ ਹੈ, ਜੋ ਕਿ ਬੈਂਕ ਦਾ ਡਿਫਾਲਟਰ ਹੈ। ਬੈਂਕ ਦੀਆਂ ਕਿਸ਼ਤਾਂ ਜੇਕਰ ਮੈਂ ਦੇ ਦੇਵਾਂ ਤਾਂ ਹੋਟਲ ਤੁਹਾਨੂੰ ਲੈ ਦੇਵਾਂਗਾ। ਹਰ ਮਹੀਨੇ ਡੇਢ ਲੱਖ ਰੁਪਏ ਦੀ ਕਿਸ਼ਤ ਦੇਣੀ ਹੋਵੇਗੀ। ਉਸ ਨੇ ਲਿਖਤੀ ਤੌਰ 'ਤੇ ਇਕਰਾਰਨਾਮਾ ਕਰ ਕੇ ਕਿਸ਼ਤ ਲੈਣੀ ਸ਼ੁਰੂ ਕਰ ਦਿੱਤੀ। ਜਨਵਰੀ 2017 'ਚ ਉਸਨੇ ਅਕੈਡਮੀ 'ਚ ਆਉਣਾ ਬੰਦ ਕਰ ਦਿੱਤਾ। ਸ਼੍ਰੀਮਤੀ ਮਹਾਜਨ ਨੇ ਦੋਸ਼ ਲਾਇਆ ਕਿ ਉਸ ਨੇ 48.30 ਲੱਖ ਰੁਪਏ ਹੋਟਲ ਦੇ ਨਾਂ 'ਤੇ ਲਏ ਤੇ 7,45,900 ਰੁਪਏ ਜੋ ਕਿ 32 ਬੱਚਿਆਂ ਦੀ ਫੀਸ ਸੀ, ਇਕੱਠੀ ਕਰ ਕੇ ਜਮ੍ਹਾ ਨਹੀਂ ਕਰਵਾਈ। ਇਸ ਤਰ੍ਹਾਂ ਰਾਜੀਵ ਠਾਕੁਰ ਨੇ ਕਥਿਤ ਤੌਰ 'ਤੇ 55,75,900 ਰੁਪਏ ਦੀ ਰਾਸ਼ੀ ਹੜੱਪ ਲਈ। 
ਡੀ. ਐੱਸ. ਪੀ. ਵੱਲੋਂ ਕੀਤੀ ਗਈ ਸ਼ਿਕਾਇਤ ਦੀ ਜਾਂਚ
ਜ਼ਿਲਾ ਪੁਲਸ ਮੁਖੀ ਦੇ ਆਦੇਸ਼ਾਂ 'ਤੇ ਸ਼ਿਕਾਇਤ ਦੀ ਜਾਂਚ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀ ਵੱਲੋਂ ਕੀਤੀ ਗਈ। ਜਾਂਚ ਉਪਰੰਤ ਪੁਲਸ ਨੇ ਰਾਜੀਵ ਠਾਕੁਰ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ। ਸਿਟੀ ਪੁਲਸ ਦੇ ਏ. ਐੱਸ. ਆਈ. ਓਮ ਪ੍ਰਕਾਸ਼ ਵੱਲੋਂ ਹੋਰ ਤਫਤੀਸ਼ ਕੀਤੀ ਜਾ ਰਹੀ ਹੈ।


Related News