ਵਿਧਵਾ ਔਰਤਾਂ ਨੂੰ 2 ਲੱਖ ਰੁਪਏ ਦਾ ਕਰਜ਼ਾ ਸਰਕਾਰ ਵੱਲੋਂ ਦਿਵਾਉਣ ਦੇ ਨਾ ''ਤੇ ਠੱਗੀ ਮਾਰਨ ਵਾਲਾ ਕਾਬੂ

05/30/2017 12:22:33 PM

ਮਲੋਟ(ਜੱਜ)-ਸਰਕਾਰ ਵੱਲੋਂ ਲੱਖਾਂ ਰੁਪਏ ਦਾ ਕਰਜ਼ਾ ਦਿਵਾਉਣ ਤੇ ਵਿਧਵਾ ਔਰਤਾਂ ਨੂੰ 2 ਲੱਖ ਰੁਪਏ ਸਰਕਾਰ ਵੱਲੋਂ ਦਿਵਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਸਪੈਸ਼ਲ ਟਾਸਕ ਫ਼ੋਰਸ ਸ੍ਰੀ ਮੁਕਤਸਰ ਸਾਹਿਬ ਦੀ ਟੀਮ ਨੇ ਕਾਬੂ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। 
ਜ਼ਿਲਾ ਪੁਲਸ ਮੁਖੀ ਸੁਸ਼ੀਲ ਕੁਮਾਰ ਤੇ ਏ. ਐੱਸ. ਪੀ. ਦੀਪਕ ਕੁਮਾਰ ਪਾਰਿਕ ਦੀਆਂ ਹਦਾਇਤਾਂ 'ਤੇ ਜ਼ਿਲਾ ਇੰਚਾਰਜ ਸਬ-ਇੰਸਪੈਕਟਰ ਕ੍ਰਿਸ਼ਨ ਕੁਮਾਰ ਦੀ ਅਗਵਾਈ 'ਚ ਪੁਲਸ ਪਾਰਟੀ ਵੱਲੋਂ ਕਾਬੂ ਕੀਤੇ ਉਕਤ ਵਿਅਕਤੀ ਦੀ ਪਛਾਣ ਕੁਲਵਿੰਦਰ ਸਿੰਘ ਉਰਫ਼ ਸੋਨੂੰ ਪੁੱਤਰ ਜਗਦੇਵ ਸਿੰਘ ਵਾਸੀ ਭੰਗਾਲਾਂ ਵਜੋਂ ਹੋਈ ਹੈ।
ਹੌਲਦਾਰ ਰਛਪਾਲ ਸਿੰਘ ਨੇ ਦੱਸਿਆ ਕਿ ਹਰਦਵਿੰਦਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਦਾਨੇਵਾਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀ ਨੇ ਦਾਨੇਵਾਲਾ ਵਿਖੇ ਦਫ਼ਤਰ ਬਣਾਇਆ ਹੋਇਆ ਹੈ ਤੇ ਉਸ ਨੇ ਕਰਜ਼ਾ ਦਿਵਾਉਣ ਦੇ ਨਾਂ 'ਤੇ ਉਨ੍ਹਾਂ ਨਾਲ ਠੱਗੀ ਮਾਰੀ ਹੈ, ਜਿਸ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਸਪੈਸ਼ਲ ਟਾਸਕ ਫ਼ੋਰਸ ਟੀਮ ਨੇ ਦਾਨੇਵਾਲਾ ਵਿਖੇ ਬਣੇ ਦਫ਼ਤਰ 'ਚ ਛਾਪੇਮਾਰੀ ਕਰਦਿਆਂ ਸੋਨੂੰ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਸ ਕੋਲੋਂ 10 ਹਜ਼ਾਰ ਰੁਪਏ ਦੀ ਨਕਦੀ ਤੇ 29 ਫ਼ਾਰਮ ਭਰੇ ਹੋਏ ਅਤੇ ਕਈ ਖਾਲੀ ਫ਼ਾਰਮ ਬਰਾਮਦ ਹੋਏ ਹਨ। 
ਜ਼ਿਕਰਯੋਗ ਹੈ ਕਿ 15 ਦਿਨਾਂ ਤੋਂ ਉਕਤ ਵਿਅਕਤੀ ਦਾਨੇਵਾਲਾ ਵਿਖੇ ਦਫ਼ਤਰ ਬਣਾ ਕੇ ਆਰਜ਼ੀ ਫਾਰਮ ਭਰ ਕੇ ਲੋਕਾਂ ਦਾ ਆਰਥਿਕ ਸ਼ੋਸ਼ਣ ਕਰ ਰਿਹਾ ਸੀ।
ਹੌਲਦਾਰ ਰਛਪਾਲ ਸਿੰਘ ਨੇ ਦੱਸਿਆ ਕਿ ਮੁਕੱਦਮਾ ਨੰਬਰ 78 ਤਹਿਤ ਉਸ ਖਿਲਾਫ਼ 420 ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।


Related News