ਪਿੰਡ ਵਾਸੀਆਂ ਪੁਲਸ ''ਤੇ ਢਿੱਲੀ ਕਾਰਗੁਜ਼ਾਰੀ ਦੇ ਲਾਏ ਦੋਸ਼

10/18/2017 7:23:46 AM

ਵੈਰੋਵਾਲ,   (ਗਿੱਲ)-  ਪਿੰਡ ਸਰਾਂ ਤਲਵੰਡੀ ਦੇ ਪਿੰਡ ਵਾਸੀਆਂ ਨੇ ਪੁਲਸ ਥਾਣਾ ਵੈਰੋਵਾਲ 'ਤੇ ਢਿੱਲੀ ਕਾਰਗੁਜ਼ਾਰੀ ਦੇ ਦੋਸ਼ ਲਾਏ ਹਨ। ਇਸ ਮੌਕੇ ਰਵਿੰਦਰਪਾਲ ਸਿੰਘ ਮੰਗਾ, ਰਣਜੀਤ ਸਿੰਘ ਮੈਂਬਰ ਪੰਚਾਇਤ, ਪਰਮਜੀਤ ਸਿੰਘ ਪੰਮਾ, ਕੁਲਦੀਪ ਸਿੰਘ ਕਲਸੀ, ਜੁਗਰਾਜ ਸਿੰਘ ਜੋਗੀ, ਕੁਲਦੀਪ ਸਿੰਘ, ਅਮਰਜੀਤ ਅੰਬੀ ਆਦਿ ਪਿੰਡ ਵਾਸੀਆਂ ਨੇ ਦੱਸਿਆ ਕਿ ਅੱਜ ਤੋਂ 15 ਦਿਨ ਪਹਿਲਾਂ ਅਸੀਂ ਆਪਣੇ ਪਿੰਡ ਦੇ ਹੀ ਦੋ ਮੋਟਰਸਾਈਕਲ ਚੋਰ ਚੋਰੀ ਦੇ ਮੋਟਰਸਾਈਕਲਾਂ ਸਮੇਤ ਵੈਰੋਵਾਲ ਦੇ ਇਕ ਕਰਮਚਾਰੀ ਤੇ ਪੁਲਸ ਪਾਰਟੀ ਨੂੰ ਫੜਾਏ ਸਨ ਪਰ ਪੁਲਸ ਵੱਲੋਂ ਕੋਈ ਕਾਰਵਾਈ ਨਾ ਕਰਨ 'ਤੇ ਅਸੀਂ ਬੀਤੀ 14 ਤਰੀਕ ਨੂੰ ਇਹ ਮਾਮਲਾ ਮੀਡੀਆ ਦੇ ਧਿਆਨ 'ਚ ਲਿਆਂਦਾ ਤਾਂ ਪੁਲਸ ਵੱਲੋਂ ਉਸੇ ਦਿਨ ਹੀ 14 ਤਰੀਕ ਦੀ ਦੇਰ ਸ਼ਾਮ ਪਰਚਾ ਤਾਂ ਦਰਜ ਕਰ ਦਿੱਤਾ ਗਿਆ ਪਰ ਸਾਡੇ ਵੱਲੋਂ ਪੁਲਸ ਨੂੰ ਸੌਂਪੇ ਗਏ ਮੋਟਰਸਾਈਕਲ ਜੋ ਉਕਤ ਕਰਮਚਾਰੀ ਇਕ ਮੋਟਰਸਾਈਕਲ ਆਪਣੀ ਸਰਕਾਰੀ ਗੱਡੀ 'ਚ ਲੱਦ ਕੇ ਤੇ ਦੋ ਮੋਟਰਸਾਈਕਲ ਚਲਾ ਕੇ ਸਾਡੇ ਪਿੰਡੋਂ ਲੈ ਗਏ ਸਨ ਤੇ ਸਾਨੂੰ ਭਰੋਸਾ ਦਿੱਤਾ ਗਿਆ ਸੀ ਕਿ ਇਨ੍ਹਾਂ ਚੋਰਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨਗੇ ਪਰ ਉਹ ਮੋਟਰਸਾਈਕਲ ਉਕਤ ਕਰਮਚਾਰੀ ਵੱਲੋਂ ਪਰਚੇ 'ਚ ਦਰਜ ਨਹੀਂ ਕੀਤੇ ਗਏ।
ਉਨ੍ਹਾਂ ਇਹ ਵੀ ਕਿਹਾ ਕਿ ਇਹ ਉਕਤ ਕਰਮਚਾਰੀ ਜਿਸ ਦਾ ਪਿੰਡ ਵੀ ਲੋਕਲ ਥਾਣੇ ਅਧੀਨ ਹੋਣ ਕਰ ਕੇ ਇਲਾਕੇ ਦੇ ਲੋਕਾਂ ਨਾਲ ਮੇਲ-ਮਿਲਾਪ ਕਰ ਕੇ ਥਾਣੇ ਦੇ ਕੰਮਾਂ 'ਚ ਅਕਸਰ ਹੀ ਦਖਲ ਅੰਦਾਜ਼ੀ ਕਰਦਾ ਹੈ। ਪਿੰਡ ਵਾਸੀਆਂ ਨੇ ਐੱਸ. ਐੱਸ. ਪੀ. ਤਰਨਤਾਰਨ ਕੋਲੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਪੜਤਾਲ ਕਰ ਕੇ ਸਾਨੂੰ ਇਨਸਾਫ ਦਿਵਾਇਆ ਜਾਵੇ। ਜਦੋਂ ਇਸ ਸਬੰਧ ਵਿਚ ਐੱਸ. ਐੱਚ. ਓ. ਵੈਰੋਵਾਲ ਦਾ ਪੱਖ ਜਾਨਣਾ ਚਾਹਿਆ ਤਾਂ ਉਹ ਵਾਰ-ਵਾਰ ਫੋਨ ਕਰਨ 'ਤੇ ਫੋਨ ਬਿਜ਼ੀ ਕਰਦੇ ਰਹੇ।  ਇਸ ਸਬੰਧ 'ਚ ਐੱਸ. ਐੱਸ. ਪੀ. ਦਰਸ਼ਨ ਸਿੰਘ ਮਾਨ ਨਾਲ ਫੋਨ 'ਤੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ 'ਚ ਹੈ ਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।


Related News