ਪੁਲਸ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ

08/15/2017 7:13:39 AM

ਰਮਦਾਸ,   (ਸਾਰੰਗਲ)-  ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਉਸ ਵੇਲੇ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ, ਜਦੋਂ ਬਾਰਡਰ ਬੈਲਟ ਨਾਲ ਲੱਗਦੇ ਇਲਾਕਿਆਂ ਵਿਚ ਮਹਿੰਗੇ ਭਾਅ 'ਤੇ ਨਸ਼ਾ ਵਿਕਣ ਦਾ ਮਾਮਲਾ ਸਾਹਮਣੇ ਆਇਆ।
ਇਸ ਸਬੰਧੀ ਰੋਸ ਪ੍ਰਗਟਾਉਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਅਜਨਾਲਾ ਦੇ ਪ੍ਰਧਾਨ ਕਸ਼ਮੀਰ ਸਿੰਘ, ਜਸਪਾਲ ਸਿੰਘ ਧੰਗਈ ਜਨਰਲ ਸਕੱਤਰ, ਗੁਰਵਿੰਦਰਬੀਰ ਸਿੰਘ ਥੋਬਾ ਕਿਸਾਨ ਆਗੂ, ਮੁਖਤਾਰ ਸਿੰਘ, ਸੁਖਵੰਤ ਸਿੰਘ, ਜਸਬੀਰ ਸਿੰਘ, ਨਿਰਮਲ ਸਿੰਘ, ਨਿਸ਼ਾਨ ਸਿੰਘ, ਚਰਨਜੀਤ ਸਿੰਘ, ਸੁਖਬੀਰ ਸਿੰਘ ਤੇ ਜਸਬੀਰ ਸਿੰਘ ਆਦਿ ਨੇ ਸਾਂਝੇ ਤੌਰ 'ਤੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਜੋ 100 ਦਿਨਾਂ ਵਿਚ ਨਸ਼ਾ ਪੰਜਾਬ ਵਿਚੋਂ ਖਤਮ ਕਰਨ ਦਾ ਵਾਅਦਾ ਕੀਤਾ ਗਿਆ ਸੀ, ਉਹ ਅਜੈ ਤੱਕ ਵਫਾ ਨਹੀਂ ਹੋ ਸਕਿਆ ਜਦਕਿ ਕੈਪਟਨ ਸਰਕਾਰ ਨੇ ਜੋ ਮੁਹਿੰਮ ਨਸ਼ੇ ਵਿਰੁੱਧ ਵਿੱਢਦਿਆਂ ਪੁਲਸ ਪ੍ਰਸ਼ਾਸਨ ਨੂੰ ਨਸ਼ਾ ਵੇਚਣ ਤੇ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਗਏ ਸਨ, ਉਸ ਤਹਿਤ ਇਕ ਹਫਤਾ ਲਗਾਤਾਰ ਤਾਂ ਨਸ਼ੇ ਨੂੰ ਪੂਰੀ ਤਰ੍ਹਾਂ ਠੱਲ੍ਹ ਪਈ ਸੀ ਪਰ ਹੁਣ ਫਿਰ ਜਿਉਂ ਦਾ ਤਿਉਂ ਨਸ਼ਾ ਵਿਕ ਰਿਹਾ ਹੈ ਅਤੇ ਇਸ ਦੀ ਮਿਸਾਲ ਬਾਰਡਰ ਬੈਲਟ ਨਾਲ ਲੱਗਦੇ ਸਰਹੱਦੀ ਕਸਬਾ ਰਮਦਾਸ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਤੋਂ ਮਿਲਦੀ ਹੈ ਜਿਥੇ ਮਹਿੰਗੇ ਭਾਅ 'ਤੇ ਨਸ਼ਾ ਵਿਕ ਰਿਹਾ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। 
ਕਿਸਾਨ ਯੂਨੀਅਨ ਦੇ ਆਗੂਆਂ ਨੇ ਅੱਗੇ ਕਿਹਾ ਕਿ ਪੁਲਸ ਪ੍ਰਸ਼ਾਸਨ ਨੂੰ ਇਸ ਸਭ ਬਾਰੇ ਪਤਾ ਹੋਣ ਦੇ ਬਾਵਜੂਦ ਨਸ਼ਾ ਵੇਚਣ ਤੇ ਕਰਨ ਵਾਲਿਆਂ ਵਿਰੁੱਧ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾ ਰਹੀ, ਜਿਸ ਕਾਰਨ ਯੂਨੀਅਨ ਆਗੂਆਂ ਵਿਚ ਭਾਰੀ ਰੋਸ ਦੀ ਲਹਿਰ ਹੈ।  ਕਿਸਾਨ ਯੂਨੀਅਨ ਨੇ ਪੁਲਸ ਪ੍ਰਸ਼ਾਸਨ ਤੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਾਰਡਰ ਬੈਲਟ ਨਾਲ ਲੱਗਦੇ ਇਲਾਕਿਆਂ ਵਿਚੋਂ ਨਸ਼ਾ ਵਿਕਣੋਂ ਬੰਦ ਨਾ ਕਰਵਾਇਆ ਤੇ ਨਸ਼ਾ ਕਾਰੋਬਾਰੀਆਂ ਨੂੰ ਠੱਲ੍ਹ ਨਾ ਪਾਈ ਤਾਂ ਕਿਸਾਨ ਯੂਨੀਅਨ ਵੱਡੇ ਪੱਧਰ 'ਤੇ ਸੰਘਰਸ਼ ਵਿੱਢਣ ਲਈ ਮਜਬੂਰ ਹੋਵੇਗੀ।


Related News