ਮੁੰਬਈ ਨੂੰ ਰਾਜਸਥਾਨ ਵਿਰੁੱਧ ਘਰੇਲੂ ਮੈਦਾਨ ’ਤੇ ਵਾਪਸੀ ਦਾ ਭਰੋਸਾ

Sunday, Mar 31, 2024 - 07:58 PM (IST)

ਮੁੰਬਈ ਨੂੰ ਰਾਜਸਥਾਨ ਵਿਰੁੱਧ ਘਰੇਲੂ ਮੈਦਾਨ ’ਤੇ ਵਾਪਸੀ ਦਾ ਭਰੋਸਾ

ਮੁੰਬਈ, (ਭਾਸ਼ਾ)– ਹਾਰਦਿਕ ਪੰਡਯਾ ਦੀ ਅਗਵਾਈ ’ਚ ਸ਼ੁਰੂਆਤੀ ਦੋ ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨ ਵਾਲੀ ਮੁੰਬਈ ਇੰਡੀਅਨਜ਼ ਦੀ ਟੀਮ ਲੈਅ ਵਿਚ ਚੱਲ ਰਹੀ ਰਾਜਸਥਾਨ ਰਾਇਲਜ਼ ਵਿਰੁੱਧ ਸੋਮਵਾਰ ਨੂੰ ਇੱਥੇ ਆਪਣੇ ਘਰੇਲੂ ਮੈਦਾਨ ’ਤੇ ਉਤਰੇਗੀ ਤਾਂ ਹਾਰ ਦੇ ਸਿਲਸਿਲੇ ਨੂੰ ਖਤਮ ਕਰਨਾ ਚਾਹੇਗੀ। ਮੁੰਬਈ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਆਪਣੀ ਹੌਲੀ ਸ਼ੁਰੂਆਤ ਲਈ ਜਾਣਿਆ ਜਾਂਦਾ ਹੈ ਤੇ ਪੰਡਯਾ ਦੇ ਕਪਤਾਨ ਬਣਨ ਤੋਂ ਬਾਅਦ ਵੀ ਇਸ ਵਿਚ ਕੋਈ ਬਦਲਾਅ ਨਹੀਂ ਆਇਆ ਹੈ। ਮੁੰਬਈ ਇੰਡੀਅਨਜ਼ ਨੂੰ 5 ਖਿਤਾਬ ਦਿਵਾਉਣ ਵਾਲੇ ਰੋਹਿਤ ਸ਼ਰਮਾ ਦੀ ਜਗ੍ਹਾ ਪੰਡਯਾ ਨੂੰ ਕਪਤਾਨ ਬਣਾਏ ਜਾਣ ਦਾ ਫੈਸਲਾ ਪ੍ਰਸ਼ੰਸਕਾਂ ਨੂੰ ਰਾਸ ਨਹੀਂ ਆ ਰਿਹਾ ਤੇ ਇਸ ਆਲਰਾਊਂਡਰ ਨੂੰ ਸ਼ੁਰੂਆਤੀ ਮੈਚਾਂ ਵਿਚ ਦਰਸ਼ਕਾਂ ਦੀ ਹੂਟਿੰਗ ਦਾ ਵੀ ਸਾਹਮਣਾ ਕਰਨਾ ਪਿਆ।

ਮੁੰਬਈ ਨੂੰ ਪੰਡਯਾ ਦੀ ਸਾਬਕਾ ਟੀਮ ਗੁਜਰਾਤ ਟਾਈਟਨਸ ਨੇ ਸੈਸ਼ਨ ਦੇ ਪਹਿਲੇ ਮੈਚ ’ਚ 6 ਦੌੜਾਂ ਨਾਲ ਹਰਾਇਆ ਜਦਕਿ ਹੈਦਰਾਬਾਦ ਵਿਚ ਵੱਡੇ ਸਕੋਰ ਦੇ ਰਿਕਾਰਡ ਵਾਲੇ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੇ ਉਸ ਨੂੰ 32 ਦੌੜਾਂ ਨਾਲ ਹਰਾ ਦਿੱਤਾ। ਇਨ੍ਹਾਂ ਦੋ ਹਾਰ ਤੋਂ ਬਾਅਦ ਟੀਮ ਅੰਕ ਸੂਚੀ ਵਿਚ ਸਭ ਤੋਂ ਹੇਠਾਂ 10ਵੇਂ ਸਥਾਨ ’ਤੇ ਹੈ। ਇਹ ਹਾਲਾਂਕਿ ਆਈ. ਪੀ. ਐੱਲ. ਦੇ 17ਵੇਂ ਸੈਸ਼ਨ ਦਾ ਸ਼ੁਰੂਆਤੀ ਗੇੜ ਹੈ ਪਰ ਮੁੰਬਈ ਦੀ ਟੀਮ ਹਾਰ ਦੇ ਸਿਲਸਿਲੇ ਨੂੰ ਖਤਮ ਕਰਨ ਦੇ ਨਾਲ ਆਪਣੀ ਰਨ ਰੇਟ (-0.925) ਨੂੰ ਵੀ ਸਧਾਰਨਾ ਚਾਹੇਗੀ।

ਉੱਥੇ ਹੀ, ਦੂਜੇ ਪਾਸੇ ਰਾਜਸਥਾਨ ਰਾਇਲਜ਼ ਨੇ ਅਜੇ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸੰਜੂ ਸੈਮਸਨ ਆਈ. ਪੀ. ਐੱਲ. ਦੇ ਸ਼ੁਰੂਆਤੀ ਗੇੜ ’ਚ ਬਿਹਤਰੀਨ ਲੈਅ ਵਿਚ ਹੈ ਤੇ ਬੇਹੱਦ ਪ੍ਰਤਿਭਾਸ਼ਾਲੀ ਯਸ਼ਸਵੀ ਜਾਇਸਵਾਲ ਇਸ ਸੈਸ਼ਨ ’ਚ ਆਪਣਾ ਪਹਿਲਾ ਵੱਡਾ ਸਕੋਰ ਬਣਾਉਣ ਲਈ ਉਤਸ਼ਾਹਿਤ ਹੋਵੇਗਾ। ਜਾਇਸਵਾਲ ਆਪਣੇ ਘਰੇਲੂ ਮੈਦਾਨ ’ਤੇ ਪਰਤ ਰਿਹਾ ਹੈ, ਜਿੱਥੋਂ ਉਸ ਨੇ ਦੋਵੇਂ ਟੀਮਾਂ ਵਿਚਾਲੇ ਖੇਡੇ ਗਏ ਪਿਛਲੇ ਮੈਚ ਵਿਚ 62 ਗੇਂਦਾਂ ’ਚ 124 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ। ਇਸ ਮੈਚ ਵਿਚ ਹਾਲਾਂਕਿ ਉਸਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੱਧਕ੍ਰਮ ਵਿਚ ਰਿਆਨ ਪ੍ਰਾਗ ’ਤੇ ਭਰੋਸਾ ਦਿਖਾਉਣਾ ਰਾਜਸਥਾਨ ਲਈ ਸਹੀ ਸਾਬਤ ਹੋ ਰਿਹਾ ਹੈ। ਰਾਜਸਥਾਨ ਦਾ ਬੱਲੇਬਾਜ਼ੀ ਕ੍ਰਮ ਲੰਬਾ ਹੈ, ਜਿਸ ਵਿਚ ਖਤਰਨਾਕ ਜੋਸ ਬਟਲਰ ਚੋਟੀ ’ਤੇ ਹੈ ਤੇ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ’ਤੇ ਆਖਰੀ ਓਵਰਾਂ ਵਿਚ ਤੇਜ਼ੀ ਨਾਲ ਦੌੜਾਂ ਬਣਾਉਣ ਦਾ ਦਾਰੋਮਦਾਰ ਹੋਵੇਗਾ।


author

Tarsem Singh

Content Editor

Related News