ਮਿਊਂਸੀਪਲ ਪੈਨਸ਼ਨਰਾਂ ਵੱਲੋਂ ਸਰਕਾਰ ਖਿਲਾਫ਼ ਨਾਅਰੇਬਾਜ਼ੀ

09/22/2017 6:58:01 AM

ਟਾਂਡਾ ਉੜਮੁੜ, (ਗੁਪਤਾ)- ਮਿਊਂਸੀਪਲ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਉੜਮੁੜ ਟਾਂਡਾ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਸ਼ੋਕ ਕੁਮਾਰ ਦੀ ਅਗਵਾਈ 'ਚ ਅੱਜ ਸ਼ਿਮਲਾ ਪਹਾੜੀ ਉੜਮੁੜ ਵਿਖੇ ਇਕ ਹੰਗਾਮੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ 'ਚ ਸਮੂਹ ਮੈਂਬਰਾਂ ਤੋਂ ਇਲਾਵਾ ਪ੍ਰਧਾਨ ਸ਼ਿੰਗਾਰਾ ਸਿੰਘ ਤੇ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਮਾਇਆ ਦੇਵੀ ਉਚੇਚੇ ਤੌਰ 'ਤੇ ਸ਼ਾਮਲ ਹੋਏ।
ਇਸ ਮੌਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਨਾਅਰੇਬਾਜ਼ੀ ਕੀਤੀ ਗਈ। ਮੀਟਿੰਗ 'ਚ ਸ਼ਾਮਿਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸ਼ਿੰਗਾਰਾ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਨੂੰ ਅਗਸਤ ਮਹੀਨੇ ਦੀ ਪੈਨਸ਼ਨ ਨਹੀਂ ਦਿੱਤੀ ਗਈ, ਜਿਸ ਕਾਰਨ ਹਰ ਪੈਨਸਨਰਜ਼ ਪ੍ਰੇਸ਼ਾਨੀਆਂ 'ਚ ਫਸਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਪੈਨਸ਼ਨਰਜ਼ ਕੋਈ ਕਾਰੋਬਾਰ ਨਹੀਂ ਕਰਦਾ, ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਪੈਨਸ਼ਨ ਨਾਲ ਹੀ ਕਰਦਾ ਹੈ। ਉਨ੍ਹਾਂ ਕਿਹਾ ਕਿ ਪੈਨਸ਼ਨ ਨਾ ਮਿਲਣ 'ਤੇ ਰਾਸ਼ਨ ਆਦਿ ਖਰੀਦਣ 'ਚ ਪ੍ਰੇਸ਼ਾਨੀਆਂ ਹੋ ਰਹੀਆਂ ਹਨ ਤੇ ਬੱਚਿਆਂ ਦੇ ਸਕੂਲ ਦੀ ਫੀਸ ਵੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪੈਨਸ਼ਨਰਾਂ ਦੀ ਡੀ.ਏ. ਦੀ ਕਿਸ਼ਤ ਦਾ ਬਕਾਇਆ ਬੀਤੇ ਇਕ ਸਾਲ ਤੋਂ ਨਹੀਂ ਦਿੱਤਾ ਜਿਸ ਕਾਰਨ ਬੀਮਾਰ ਪਰਿਵਾਰ ਦੇ ਮੈਂਬਰਾਂ ਲਈ ਦਵਾਈਆਂ ਖਰੀਦਣ 'ਚ ਵੀ ਔਕੜ ਪੇਸ਼ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹਰ ਮਹੀਨੇ ਦੇ ਪਹਿਲੇ ਹਫਤੇ ਪੈਨਸ਼ਨਰਾਂ ਨੂੰ ਪੈਨਸ਼ਨ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਜਿਸ ਤੋਂ ਉਹ ਭੱਜ ਰਹੀ ਹੈ। 
ਉਨ੍ਹਾਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਚਿਤਾਵਨੀ ਦਿੱਤੀ ਕਿ ਜੇਕਰ ਪੈਨਸ਼ਨਰਾਂ ਨੂੰ ਉਨ੍ਹਾਂ ਦੀ ਬਣਦੀ ਪੈਨਸ਼ਨ ਜਲਦ ਰਿਲੀਜ਼ ਨਹੀਂ ਕੀਤੀ ਤਾਂ ਮਜਬੂਰ ਹੋ ਕੇ ਪੈਨਸ਼ਨਰਜ਼ ਆਪਣੇ ਪਰਿਵਾਰਾਂ ਸਮੇਤ ਸੜਕਾਂ 'ਤੇ ਆ ਕੇ ਜਾਮ ਲਾਉਣ ਨੂੰ ਮਜਬੂਰ ਹੋ ਜਾਣਗੇ। 
ਇਸ ਸਮੇਂ ਰਤਨ ਸਿੰਘ, ਬੂਆ ਸਿੰਘ, ਐੱਨ. ਪੀ. ਸਿੰਘ, ਧਰਮ ਚੰਦ, ਅਮਰੀਕ ਸਿੰਘ, ਅੱਛਰ ਰਾਮ, ਹਰਮੇਸ਼ ਕੁਮਾਰ, ਸੋਮ ਨਾਥ, ਸੁਖਦੇਵ ਸਿੰਘ, ਕ੍ਰਿਸ਼ਨ ਕੁਮਾਰ, ਕੇਵਲ ਕ੍ਰਿਸ਼ਨ, ਚਿਮਨ ਲਾਲ, ਗੁਰਦਿਆਲ ਸਿੰਘ, ਸੋਹਣ ਲਾਲ, ਤਰਸੇਮ ਲਾਲ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ। 


Related News