ਨਿਰਧਾਰਿਤ ਤਾਪਮਾਨ ''ਚ ਦਵਾਈਆਂ ਸੁਰੱਖਿਅਤ ਰੱਖਣ ਦੇ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ

06/26/2017 7:40:18 AM

ਮੋਗਾ (ਸੰਦੀਪ) - ਜੀਵਨ ਰੱਖਿਅਕ ਦਵਾਈਆਂ ਦੇ ਨਾਲ-ਨਾਲ ਬਾਜ਼ਾਰਾਂ ਵਿਚ ਵਿਕ ਰਹੀ ਹਰ ਤਰ੍ਹਾਂ ਦੀ ਦਵਾਈ ਨੂੰ ਤੈਅ ਕੀਤੇ ਗਏ ਮਾਨਕਾਂ ਅਤੇ ਤਾਪਮਾਨ ਅਧੀਨ ਹੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਅਤੇ ਕਿਸੇ ਤਰ੍ਹਾਂ ਦੀ ਐਮਰਜੈਂਸੀ ਸਥਿਤੀ 'ਚੋਂ ਲੰਘ ਰਹੇ ਮਰੀਜ਼ ਦੀ ਜਾਨ ਬਚਾਉਣ ਲਈ ਅਜਿਹੀਆਂ ਦਵਾਈਆਂ ਦਾ ਇਸਤੇਮਾਲ ਹੀ ਪ੍ਰਭਾਵਸ਼ਾਲੀ ਸਿੱਧ ਹੋ ਸਕਦਾ ਹੈ, ਜਿਸ ਨਾਲ ਮਰੀਜ਼ ਦੀ ਕੀਮਤੀ ਜਾਨ ਬਚ ਸਕਦੀ ਹੈ, ਜੇਕਰ ਦਵਾਈਆਂ ਤਿਆਰ ਕਰਨ ਵਾਲੀਆਂ ਵੱਖ-ਵੱਖ ਕੰਪਨੀਆਂ ਵੱਲੋਂ ਇਸ ਨੂੰ ਸੁਰੱਖਿਤ ਰੱਖਣ ਲਈ ਤੈਅ ਕੀਤੇ ਗਏ ਤਾਪਮਾਨ ਸਬੰਧੀ ਨਿਰਦੇਸ਼ਾਂ ਦੀ ਪਾਲਣਾ ਨਾ ਕੀਤੀ ਜਾਵੇ ਤਾਂ ਇਹੀ ਦਵਾਈ ਕਿਸੇ ਵੀ ਮਰੀਜ਼ ਲਈ ਜਾਨਲੇਵਾ ਸਾਬਿਤ ਹੋ ਸਕਦੀ ਹੈ।
ਇਸ ਮਾਮਲੇ 'ਚ ਲੱਗਦਾ ਹੈ ਕਿ ਬ੍ਰਾਂਚ ਅਧਿਕਾਰੀ ਬਿਲਕੁਲ ਵੀ ਗੰਭੀਰ ਨਹੀਂ ਹੈ ਕਿਉਂÎਕਿ ਜ਼ਿਲੇ ਦੀ ਡਰੱਗਜ਼ ਬ੍ਰਾਂਚ ਦੇ ਇਕ ਇੰਸਪੈਕਟਰ ਨੇ ਇਸ ਤਰ੍ਹਾਂ ਦੇ ਮਾਮਲੇ ਵਿਚ ਸਿਰਫ ਇਕ ਹੀ ਵਾਰ ਕਾਰਵਾਈ ਕਰਨ ਦੀ ਜਾਣਕਾਰੀ ਨਹੀਂ ਹੈ। ਡਰੱਗਜ਼ ਅਧਿਕਾਰੀਆਂ ਦੀ ਇਸ ਮਾਮਲੇ 'ਚ ਨਜ਼ਰ-ਅੰਦਾਜ਼ੀ ਨਿਯਮਾਂ ਦੀ ਉਲੰਘਣਾ ਦਾ ਮੁੱਖ ਕਾਰਨ ਬਣ ਕੇ ਸਾਹਮਣੇ ਆ ਰਿਹਾ ਹੈ ਅਤੇ ਦਵਾਈ ਸੁਰੱਖਿਅਤ ਰੱਖਣ ਲਈ ਤਾਪਮਾਨ ਸਬੰਧੀ ਨਿਰਧਾਰਿਤ ਨਿਯਮਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ, ਜਿਸ ਨਾਲ ਉਹ ਜਾਣੇ-ਅਣਜਾਣੇ ਵਿਚ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੇ ਭਾਗੀ ਵੀ ਬਣ ਰਹੇ ਹਨ।
ਵੈਸੇ ਤਾਂ ਸਮੂਹ ਮੈਡੀਕਲ ਸਟੋਰਾਂ 'ਚ ਇਕੱਤਰ ਮੈਡੀਕਲ ਸਟੋਰਾਂ 'ਤੇ ਏ. ਸੀ. ਫਿੱਟ ਕੀਤੇ ਗਏ ਹਨ ਪਰ ਜ਼ਿਆਦਾਤਰ ਇਹ ਸੁਵਿਧਾ ਮੈਡੀਕਲ ਸਟੋਰਾਂ ਦੀ ਰਜਿਸਟ੍ਰੇਸ਼ਨ ਕਰਵਾਉਣ ਦੀਆਂ ਸ਼ਰਤਾਂ ਪੂਰੀਆਂ ਕਰਨ ਤੱਕ ਹੀ ਸੀਮਤ ਹੈ ਨਾ ਕਿ ਦਵਾਈਆਂ ਨੂੰ ਸੁਰੱਖਿਅਤ ਰੱਖਣ ਲਈ ਇਸਤੇਮਾਲ ਕਰਨ ਲਈ।
ਜ਼ਿਆਦਾਤਰ ਕਾਊਂਟਰ ਰੱਖੇ ਜਾਂਦੇ ਹਨ ਦੁਕਾਨ ਦੇ ਬਾਹਰ
ਅਕਸਰ ਦੇਖਣ 'ਚ ਆਉਂਦਾ ਹੈ ਕਿ ਦਵਾਈਆਂ ਦੀਆਂ ਦੁਕਾਨਾਂ ਨਾਲ-ਨਾਲ ਹੋਣ ਕਾਰਨ ਮਰੀਜ਼ਾਂ ਨੂੰ ਆਕਰਸ਼ਿਤ ਕਰਨ ਲਈ ਹਰ ਦੁਕਾਨਦਾਰ ਵੱਲੋਂ ਆਪਣੇ-ਆਪਣੇ ਕਾਊਂਟਰ ਦੁਕਾਨਾਂ ਦੇ ਬਾਹਰ ਤੱਕ ਲਾਏ ਜਾਂਦੇ ਹਨ। ਅਜਿਹੇ 'ਚ ਦੁਕਾਨਾਂ ਵਿਚ ਲਾਏ ਗਏ ਏ. ਸੀ. ਦਾ ਕੋਈ ਲਾਭ ਨਹੀਂ ਲਿਆ ਜਾ ਸਕਦਾ, ਜਿਸ ਕਾਰਨ ਦਵਾਈਆਂ ਨੂੰ ਤਾਪਮਾਨ ਦੇ ਹਿਸਾਬ ਨਾਲ ਸੁਰੱਖਿਅਤ ਰੱਖਣ ਲਈ ਬਿਨਾਂ ਤਾਪਮਾਨ ਮੋਨੀਟਰਿੰਗ ਦੇ ਇਨ੍ਹਾਂ ਦੁਕਾਨਾਂ ਵਿਚ ਰੱਖੇ ਗਏ ਫਰਿੱਜਾਂ 'ਤੇ ਹੀ ਨਿਰਭਰ ਰਹਿ ਜਾਂਦੀ ਹੈ। ਉੱਥੇ ਹੀ ਕਈ ਵਾਰ ਦੁਕਾਨਾਂ 'ਚ ਜਗ੍ਹਾ ਘੱਟ ਹੋਣ ਕਾਰਨ ਕਈ ਦਵਾਈਆਂ ਬਕਸਿਆਂ ਵਿਚ ਹੀ ਪਈਆਂ ਰਹਿੰਦੀਆਂ ਹਨ।
ਮਹੱਤਵਪੂਰਨ ਦਵਾਈਆਂ ਨੂੰ ਏ. ਸੀ. 'ਚ ਹੀ ਸਟੋਰ ਕੀਤਾ ਜਾਂਦੈ : ਡਾ. ਸਿੱਧੂ
ਮੈਡੀਸਨ ਸਪੈਸ਼ਲਿਸਟ ਡਾ. ਦਵਿੰਦਰ ਸਿੱਧੂ ਅਨੁਸਾਰ ਸ਼ੂਗਰ ਤੋਂ ਪੀੜਤ ਮਰੀਜ਼ ਦੇ ਸਰੀਰ ਵਿਚ ਬਲੱਡ ਸ਼ੂਗਰ ਨੂੰ ਨਿਯੰਤਰਣ ਕਰਨ ਲਈ ਇਸਤੇਮਾਲ ਕੀਤੀ ਜਾਣ ਵਾਲੀ ਇੰਸੂਲੀਨ, ਹਾਰਟ ਅਟੈਕ ਆਉਣ 'ਤੇ ਖੂਨ ਪਤਲਾ ਕਰਨ ਲਈ ਲਾਏ ਜਾਣ ਵਾਲੇ ਜੀਵਨ ਰੱਖਿਅਕ ਟੀਕੇ, ਸ਼ਿਸ਼ੂਆਂ ਨੂੰ ਖਤਰਨਾਕ ਬੀਮਾਰੀਆਂ ਤੋਂ ਬਚਾਅ ਲਈ ਲਾਈ ਜਾਣ ਵਾਲੀ ਜ਼ਿਆਦਾਤਰ ਵੈਕਸੀਨੇਸ਼ਨ ਸਮੇਤ ਕਈ ਮਹੱਤਵਪੂਰਨ ਦਵਾਈਆਂ ਨੂੰ ਤਾਪਮਾਨ ਨੂੰ ਧਿਆਨ 'ਚ ਰੱਖ ਕੇ ਹੀ ਸਟੋਰ ਕੀਤਾ ਜਾਂਦਾ ਹੈ।


Related News