''ਪਦਮਾਵਤੀ'' ਦੇ ਵਿਰੋਧ ''ਚ ਹਿੰਦੂ ਜਥੇਬੰਦੀਆਂ ਹੋਈਆਂ ਸਰਗਰਮ

11/19/2017 7:39:34 AM

ਸੰਗਰੂਰ(ਬਾਵਾ, ਬੇਦੀ)- ਹਿੰਦੂ ਜਥੇਬੰਦੀਆਂ ਨੇ ਹਿੰਦੀ ਫਿਲਮ ਪਦਮਾਵਤੀ ਦੇ ਵਿਰੋਧ ਵਿਚ ਸ਼ਨੀਵਾਰ ਨੂੰ ਡੀ. ਐੱਸ. ਪੀ. (ਆਰ) ਸੰਗਰੂਰ ਸੰਦੀਪ ਵਡੇਰਾ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਇਸ ਫਿਲਮ ਨੂੰ ਰਿਲੀਜ਼ ਹੋਣ ਤੋਂ ਰੋਕਿਆ ਜਾਵੇ ਅਤੇ ਜੇਕਰ ਫਿਲਮ ਰਿਲੀਜ਼ ਹੁੰਦੀ ਹੈ ਤਾਂ ਹਿੰਦੂ ਜਥੇਬੰਦੀਆਂ ਵੱਲੋਂ ਉਸ ਦਾ ਵਿਰੋਧ ਕੀਤਾ ਜਾਵੇਗਾ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਜ਼ਿਲਾ ਮੀਤ ਪ੍ਰਧਾਨ ਰਸ਼ਕ ਵਰਮਾ ਅਤੇ ਬਜਰੰਗ ਦਲ ਦੇ ਜ਼ਿਲਾ ਪ੍ਰਧਾਨ ਵਿਜੇ ਢੋਲੇਵਾਲ ਦੀ ਅਗਵਾਈ ਵਿਚ ਹਿੰਦੂ ਜਥੇਬੰਦੀਆਂ ਦਾ ਇਕ ਵਫਦ ਡੀ. ਐੱਸ. ਪੀ. ਆਰ ਨੂੰ ਮਿਲਿਆ ਅਤੇ ਸਾਂਝਾ ਮੰਗ ਪੱਤਰ ਦੇ ਕੇ ਕਿਹਾ ਕਿ ਮਾਂ ਪਦਮਾਵਤੀ ਦੇ ਸਨਮਾਨ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਅਤੇ ਹੋਰ ਹਿੰਦੂ ਜਥੇਬੰਦੀਆਂ ਖੜ੍ਹੀਆਂ ਹਨ। ਇਸ ਲਈ ਫਿਲਮ ਦੇ ਰਿਲੀਜ਼ ਹੋਣ 'ਤੇ ਰੋਕ ਲਾਈ ਜਾਣੀ ਚਾਹੀਦੀ ਹੈ ਅਤੇ ਜੇਕਰ ਫਿਰ ਵੀ ਫਿਲਮ ਰਿਲੀਜ਼ ਹੁੰਦੀ ਹੈ ਤਾਂ ਉਸ ਨੂੰ ਇਲਾਕੇ ਦੇ ਸਿਨੇਮਾ ਘਰ ਵਿਚ ਨਾ ਲੱਗਣ ਦਿੱਤਾ ਜਾਵੇ। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸ਼ਹਿਰੀ ਪ੍ਰਧਾਨ ਅਸ਼ਵਨੀ ਗੋਬਿੰਦ, ਸ਼ਹਿਰੀ ਸਕੱਤਰ ਵਿਨੋਦ ਮੋਦਗਿਲ ਅਤੇ ਬਜਰੰਗ ਦਲ ਦੇ ਜ਼ਿਲਾ ਮੀਤ ਪ੍ਰਧਾਨ ਮੰਗਤ ਰਾਏ ਨੇ ਦੱਸਿਆ ਕਿ 19 ਨਵੰਬਰ ਨੂੰ ਹਿੰਦੂ ਜਥੇਬੰਦੀਆਂ ਵੱਲੋਂ ਫਿਲਮ ਪਦਮਾਵਤੀ ਦੇ ਵਿਰੋਧ ਵਿਚ ਸ਼ਹਿਰ ਵਿਚ ਇਕ ਰੋਸ ਮਾਰਚ ਕੀਤਾ ਜਾਵੇਗਾ। 


Related News