ਪੰਜਾਬ 'ਚ ਹਿੰਦੂ ਵੋਟ ਬੈਂਕ ’ਤੇ ਨਜ਼ਰਾਂ ਟਿਕਾਈ ਬੈਠੇ ਸਿਆਸਤਦਾਨ ਕਰ ਰਹੇ ਸ਼੍ਰੀ ਅਯੁੱਧਿਆ ਧਾਮ ਦੇ ਦਰਸ਼ਨ

04/06/2024 11:47:01 AM

ਜਲੰਧਰ (ਧਵਨ)- ਪੰਜਾਬ ’ਚ ਲੋਕ ਸਭਾ ਚੋਣਾਂ ਲਈ ਵੋਟਾਂ ਹਾਲਾਂਕਿ 1 ਜੂਨ ਨੂੰ ਪੈਣੀਆਂ ਹਨ ਪਰ ਸੂਬੇ ’ਚ ਸਿਆਸੀ ਮਾਹੌਲ ਹੌਲੀ-ਹੌਲੀ ਭਖਦਾ ਜਾ ਰਿਹਾ ਹੈ। ਹਾਲਾਂਕਿ ਅਜੇ ਆਮ ਆਦਮੀ ਪਾਰਟੀ ਨੇ ਹੀ ਸਭ ਤੋਂ ਜ਼ਿਆਦਾ ਉਮੀਦਵਾਰਾਂ ਦਾ ਐਲਾਨ ਕੀਤਾ ਹੈ ਪਰ ਭਾਜਪਾ ਵੀ ਪਿੱਛੇ ਨਹੀਂ ਹੈ। ਅਕਾਲੀ ਦਲ ਅਤੇ ਕਾਂਗਰਸ ਨੇ ਅਜੇ ਤਕ ਆਪਣਾ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ। ਪੰਜਾਬ ’ਚ ਲੋਕ ਸਭਾ ਚੋਣਾਂ ਜਿੱਤਣ ਲਈ ਇਸ ਵਾਰ ਹਿੰਦੂ ਵੋਟ ਬੈਂਕ ਅਹਿਮ ਭੂਮਿਕਾ ਨਿਭਾਉਣ ਜਾ ਰਿਹਾ ਹੈ। ਇਸ ਗੱਲ ਦਾ ਅਹਿਸਾਸ ਸਿਆਸੀ ਆਗੂਆਂ ਅਤੇ ਉਮੀਦਵਾਰਾਂ ਨੂੰ ਵੀ ਹੈ। ਇਸ ਲਈ ਚੋਣ ਮੈਦਾਨ ’ਚ ਉਤਰੇ ਸਿਆਸਤਦਾਨ ਇਸ ਵਾਰ ਸ਼੍ਰੀ ਅਯੁੱਧਿਆ ਧਾਮ ਦੇ ਦਰਸ਼ਨਾਂ ਲਈ ਜ਼ਰੂਰ ਜਾ ਰਹੇ ਹਨ। ਉਨ੍ਹਾਂ ਨੂੰ ਪਤਾ ਹੈ ਕਿ ਸ਼੍ਰੀ ਅਯੁੱਧਿਆ ਧਾਮ ’ਚ ਸ਼੍ਰੀ ਰਾਮਲੱਲਾ ਦੇ ਦਰਸ਼ਨ ਕਰਨ ਨਾਲ ਹਿੰਦੂ ਵੋਟਰਾਂ ਵਿਚ ਇਕ ਚੰਗਾ ਪ੍ਰਭਾਵ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਟਰਾਈ ਸਾਈਕਲ 'ਤੇ ਗੁਰਧਾਮਾਂ ਦੀ ਯਾਤਰਾ 'ਤੇ ਨਿਕਲਿਆ ਗੁਰੂ ਦਾ ਸਿੰਘ, ਉੱਤਰਾਖੰਡ ਤੋਂ ਪਹੁੰਚਿਆ ਸ੍ਰੀ ਹਰਿਮੰਦਰ ਸਾਹਿਬ

ਸ਼੍ਰੀ ਅਯੁੱਧਿਆ ਧਾਮ ’ਚ ਸ਼੍ਰੀ ਰਾਮਲੱਲਾ ਦੇ ਮੰਦਰ ਦਾ ਨਿਰਮਾਣ ਕਾਰਜ ਪੂਰਾ ਹੋਣ ਪਿੱਛੋਂ ਸਭ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੁਝ ਮਹੀਨੇ ਪਹਿਲਾਂ ਸ਼੍ਰੀ ਅਯੁੱਧਿਆ ਧਾਮ ਦੇ ਦਰਸ਼ਨਾਂ ਲਈ ਆਪਣੇ ਪਰਿਵਾਰਕ ਮੈਂਬਰਾਂ ਨਾਲ ਗਏ ਸਨ।

ਲੋਕ ਸਭਾ ਚੋਣਾਂ ਦਾ ਐਲਾਨ ਹੋਣ ਪਿੱਛੋਂ ਸੰਸਦ ਮੈਂਬਰ ਸੁਸ਼ੀਲ ਰਿੰਕੂ ਵੀ ਆਪਣੀ ਪਤਨੀ ਨਾਲ ਸ਼੍ਰੀ ਅਯੁੱਧਿਆ ਧਾਮ ਦੇ ਦਰਸ਼ਨ ਕਰ ਕੇ ਆਏ ਸੀ। ਉਸ ਪਿੱਛੋਂ ਮਹਾਰਾਣੀ ਪ੍ਰਨੀਤ ਕੌਰ ਵੀ ਬੀਤੇ ਦਿਨੀਂ ਸ਼੍ਰੀ ਅਯੁੱਧਿਆ ਧਾਮ ਦੇ ਦਰਸ਼ਨ ਕਰ ਕੇ ਪਰਤੇ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਅਯੁੱਧਿਆ ਧਾਮ ਦੇ ਦਰਸ਼ਨ ਕਰ ਕੇ ਆਏ ਹਨ। ਇਸੇ ਤਰ੍ਹਾਂ ਸ਼੍ਰੀ ਅਯੁੱਧਿਆ ਧਾਮ ਜਾਣ ਵਾਲੇ ਪੰਜਾਬ ਦੇ ਆਗੂਆਂ ਦੀ ਸੂਚੀ ਕਾਫੀ ਲੰਬੀ ਹੈ।

ਪੰਜਾਬ ’ਚ ਸ਼ਹਿਰੀ ਖੇਤਰਾਂ, ਵੱਡੇ ਕਸਬਿਆਂ ਤੇ ਛੋਟੇ ਕਸਬਿਆਂ ’ਚ ਇਸ ਵਾਰ ਹਿੰਦੂ ਵੋਟ ਬੈਂਕ ਦੀ ਫੈਸਲਾਕੁੰਨ ਭੂਮਿਕਾ ਰਹਿਣ ਵਾਲੀ ਹੈ। ਹਿੰਦੂ ਵੋਟ ਬੈਂਕ ਜਿਸ ਵੀ ਪਾਰਟੀ ਵੱਲ ਜਾਵੇਗਾ, ਉਸ ਦੇ ਉਮੀਦਵਾਰਾਂ ਨੂੰ ਲਾਭ ਮਿਲਣਾ ਵੀ ਯਕੀਨੀ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਹਿੰਦੂ ਵੋਟ ਬੈਂਕ ਨੂੰ ਲੁਭਾਉਣ ਲਈ ਸਿਆਸੀ ਆਗੂਆਂ ਵੱਲੋਂ ਲਗਾਤਾਰ ਯਤਨ ਕੀਤੇ ਜਾਣਗੇ। ਸਿਆਸੀ ਆਗੂਆਂ ਦਾ ਮੰਨਣਾ ਹੈ ਕਿ ਦਿਹਾਤੀ ਵੋਟ ਬੈਂਕ ਇਸ ਵਾਰ 4 ਪਾਰਟੀਆਂ ’ਚ ਵੰਡਿਆ ਜਾਣ ਵਾਲਾ ਹੈ।

ਇਹ ਖ਼ਬਰ ਵੀ ਪੜ੍ਹੋ - ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ACP ਤੇ ਗੰਨਮੈਨ ਦੀ ਹੋਈ ਦਰਦਾਨਕ ਮੌਤ (ਵੀਡੀਓ)

ਜਿਹੀ ਸਥਿਤੀ ’ਚ ਸ਼ਹਿਰੀ ਵੋਟ ਬੈਂਕ ਦੀ ਫੈਸਲਾਕੁੰਨ ਭੂਮਿਕਾ ਰਹਿ ਸਕਦੀ ਹੈ। ਆਮ ਤੌਰ ’ਤੇ ਸ਼ਹਿਰੀ ਵੋਟਰ ਆਪਣੇ ਮਨ ਦੀ ਗੱਲ ਕਿਸੇ ਨੂੰ ਨਹੀਂ ਦੱਸਦੇ। ਸ਼ਹਿਰੀ ਵੋਟਰ ਅਖ਼ੀਰ ’ਚ ਹੀ ਆਪਣੇ ਪੱਤੇ ਖੋਲ੍ਹਦੇ ਹਨ, ਇਸ ਲਈ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਸ਼ਹਿਰੀ ਵੋਟਰਾਂ ਨੂੰ ਲੁਭਾਉਣ ਲਈ ਕਾਫੀ ਪਸੀਨਾ ਵਹਾਉਣਾ ਪੈਂਦਾ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News