48 ਸਾਲਾਂ ਬਾਅਦ ਵੀ ਅਪਗ੍ਰੇਡ ਨਹੀਂ ਹੋਇਆ ਸ਼ਾਹੀ ਸ਼ਹਿਰ ਦਾ ਸੀਵਰੇਜ ਸਿਸਟਮ

08/14/2017 7:56:11 AM

ਪਟਿਆਲਾ  (ਰਾਜੇਸ਼, ਬਲਜਿੰਦਰ) - ਸ਼ਾਹੀ ਸ਼ਹਿਰ ਨੂੰ 2 ਵਾਰ ਮੁੱਖ ਮੰਤਰੀ ਵੀ ਮਿਲਿਆ, ਕਈ ਵਾਰ ਇਸ ਸ਼ਹਿਰ ਤੋਂ ਕੈਬਨਿਟ ਮੰਤਰੀ ਵੀ ਬਣੇ ਪਰ 48 ਸਾਲ ਪਹਿਲਾਂ ਪਏ ਸੀਵਰੇਜ ਸਿਸਟਮ ਨੂੰ ਅਪਗ੍ਰੇਡ ਕਰਨ ਵੱਲ ਕਿਸੇ ਨੇ ਕੋਈ ਧਿਆਨ ਨਹੀਂ ਦਿੱਤਾ। ਹੁਣ ਇਹ ਸਮੱਸਿਆ ਭਿਆਨਕ ਰੂਪ ਧਾਰਨ ਕਰ ਗਈ ਹੈ। ਸ਼ਹਿਰ ਵਿਚ ਜਗ੍ਹਾ-ਜਗ੍ਹਾ 'ਤੇ ਅਕਸਰ ਹੀ ਸੀਵਰੇਜ ਜਾਮ ਰਹਿੰਦਾ ਹੈ। ਕਈ ਇਲਾਕਿਆਂ ਦੀਆਂ ਲਾਈਨਾਂ ਤਾਂ ਕਈ-ਕਈ ਸਾਲਾਂ ਤੋਂ ਬਲਾਕ ਪਈਆਂ ਹਨ। ਉਨ੍ਹਾਂ ਨੂੰ ਖੋਲ੍ਹਣ ਜਾਂ ਫੇਰ ਰਿਪਲੇਸ ਕਰਨ ਵਿਚ ਨਗਰ ਨਿਗਮ ਨੇ ਕੋਈ ਦਿਲਚਸਪੀ ਨਹੀਂ ਦਿਖਾਈ। 10 ਸਾਲਾਂ ਬਾਅਦ ਸ਼ਹਿਰ ਵਿਚ ਫਿਰ ਤੋਂ ਮੁੱਖ ਮੰਤਰੀ ਦੀ ਕੁਰਸੀ ਆਈ ਹੈ। ਲੋਕਾਂ ਨੂੰ ਉਮੀਦ ਹੈ ਕਿ ਪਟਿਆਲਾ ਦੇ ਵਿਧਾਇਕ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ਾਹੀ ਸ਼ਹਿਰ ਨੂੰ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਦਿਵਾਉਣਗੇ।
1971-72 ਵਿਚ ਸ਼ੁਰੂ ਹੋਇਆ ਸੀ ਸ਼ਹਿਰ ਵਿਚ ਸੀਵਰੇਜ ਸਿਸਟਮ
ਪਟਿਆਲਾ ਇੱਕ ਰਿਆਸਤੀ ਅਤੇ ਵਿਰਾਸਤੀ ਸ਼ਹਿਰ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ 1971-72 ਵਿਚ ਪਟਿਆਲਾ ਸ਼ਹਿਰ 'ਚ ਸੀਵਰੇਜ ਸਿਸਟਮ ਪਾਇਆ ਗਿਆ ਸੀ। ਉਸ ਸਮੇਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੀ ਆਬਾਦੀ ਨੂੰ ਧਿਆਨ ਵਿਚ ਰਖਦੇ ਹੋਏ 8, 10 ਅਤੇ 12 ਇੰਚੀ ਸੀਵਰੇਜ ਦੀਆਂ ਲਾਈਨਾਂ ਪਾਈਆਂ ਗਈਆਂ ਸਨ। ਉਦੋਂ ਤੋਂ ਇਹੀ ਸੀਵਰੇਜ ਸਿਸਟਮ ਚਲਿਆ ਆ ਰਿਹਾ ਹੈ। ਜਦੋਂ ਸ਼ਹਿਰ ਵਿਚ ਸੀਵਰੇਜ ਪਾਇਆ ਗਿਆ ਸੀ, ਉਸ ਸਮੇਂ ਸ਼ਹਿਰ ਦੀ ਆਬਾਦੀ 1 ਲੱਖ 3 ਹਜ਼ਾਰ ਸੀ ਅਤੇ ਸ਼ਹਿਰ ਦਾ ਘੇਰਾ 45 ਕਿਲੋਮੀਟਰ ਸੀ।
ਹੁਣ ਵੀ ਬਾਂਸ ਨਾਲ ਹੁੰਦੀ ਹੈ ਸਫਾਈ
ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਧ ਤੋਂ ਵੱਧ ਤਕਨੀਕਾਂ ਦਾ ਸਹਾਰਾ ਲੈ ਕੇ ਵਿਕਾਸ ਦੀਆਂ ਗੱਲਾਂ ਕਰ ਰਹੇ ਹਨ। ਦੂਜੇ ਪਾਸੇ ਮੁੱਖ ਮੰਤਰੀ ਦੇ ਸ਼ਹਿਰ ਵਿਚ ਅੱਜ ਵੀ ਸੀਵਰੇਜ ਲਾਈਨਾਂ ਦੀ ਸਫਾਈ ਬਾਬਾ ਆਦਮ ਜ਼ਮਾਨੇ ਦੇ ਸਿਸਟਮ ਰਾਹੀਂ ਹੁੰਦੀ ਹੈ। ਨਿਗਮ ਵੱਲੋਂ ਅੱਜ ਵੀ ਬਾਂਸਾਂ ਨਾਲ ਸੀਵਰੇਜ ਲਾਈਨਾਂ ਦੀ ਸਫਾਈ ਕੀਤੀ ਜਾਂਦੀ ਹੈ। ਬੇਸ਼ੱਕ ਨਿਗਮ ਦੇ ਕੋਲ ਸੀਵਰੇਜ ਲਾਈਨ ਦੀ ਸਫਾਈ ਕਰਨ ਵਾਲੀ ਜੈਟਸਕ ਮਸ਼ੀਨ ਹੈ, ਪਰ ਇਹ ਕਾਫੀ ਆਊਟ ਡੇਟਿਡ ਹੋ ਚੁੱਕੀ ਹੈ। ਇਸ ਕਾਰਨ ਇਸ ਦਾ ਕੋਈ ਲਾਭ ਨਹੀਂ ਰਿਹਾ। 310 ਕਿਲੋਮੀਟਰ ਲਾਈਨਾਂ ਦੀ ਸਫਾਈ ਲਈ ਨਿਗਮ ਕੋਲ ਸਿਰਫ 7 ਇੰਜਣ ਹਨ, ਜੋ ਕਿ ਕਾਫੀ ਪੁਰਾਣੇ ਹਨ।


Related News