ਕਤਲ ਦੇ ਦੋਸ਼ ''ਚ ਪਤੀ ਤੇ ਸੱਸ ਖਿਲਾਫ ਮਾਮਲਾ ਦਰਜ

12/12/2017 1:31:13 AM

ਫਿਰੋਜ਼ਪੁਰ(ਕੁਮਾਰ)-ਇਕ ਔਰਤ ਦਾ ਕਿਸੇ ਚੀਜ਼ ਨਾਲ ਗਲਾ ਘੁੱਟ ਕੇ ਕਤਲ ਕਰਨ ਦੇ ਦੋਸ਼ 'ਚ ਥਾਣਾ ਕੁਲਗੜੀ ਦੀ ਪੁਲਸ ਨੇ ਮ੍ਰਿਤਕ ਦੇ ਪਤੀ ਅਤੇ ਸੱਸ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੋਰਾ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਬਸਤੀ ਮੁਹੱਲਾ ਢੁੱਡੀ ਵਾਲਾ, ਜ਼ਿਲਾ ਫਰੀਦਕੋਟ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੋਸ਼ ਲਾਇਆ ਕਿ ਉਸ ਦੀ ਲੜਕੀ ਰਿੰਕੂ ਉਰਫ ਹਰਪ੍ਰੀਤ ਕੌਰ ਦੀ ਸ਼ਾਦੀ ਪਰਮਜੀਤ ਸਿੰਘ ਨਾਲ ਹੋਈ ਸੀ ਪਰ ਪਰਮਜੀਤ ਸਿੰਘ ਤੇ ਉਸ ਦੀ ਮਾਂ ਪ੍ਰਕਾਸ਼ ਕੌਰ, ਉਸ ਦੀ ਲੜਕੀ ਨਾਲ ਲੜਾਈ-ਝਗੜਾ ਕਰਦੇ ਸਨ। ਜਦੋਂ ਉਹ ਆਪਣੇ ਲੜਕੇ ਬਲਵਿੰਦਰ ਸਿੰਘ ਨਾਲ ਰਿੰਕੂ ਉਰਫ ਹਰਪ੍ਰੀਤ ਦੇ ਸਹੁਰੇ ਘਰ ਪੁੱਜੇ ਤਾਂ ਉਸ ਨੇ ਦੇਖਿਆ ਕਿ ਪਰਮਜੀਤ ਸਿੰਘ, ਰਿੰਕੂ ਦੇ ਗਲ 'ਚ ਕੋਈ ਚੀਜ਼ ਪਾ ਕੇ ਉਸ ਦਾ ਗਲਾ ਘੁੱਟ ਰਿਹਾ ਸੀ ਤੇ ਪ੍ਰਕਾਸ਼ ਕੌਰ ਗਾਲ੍ਹਾਂ ਕੱਢ ਰਹੀ ਸੀ। ਉਨ੍ਹਾਂ ਕਿਹਾ ਕਿ ਪਰਮਜੀਤ ਸਿੰਘ ਤੇ ਪ੍ਰਕਾਸ਼ ਕੌਰ ਮੌਕੇ ਤੋਂ ਫਰਾਰ ਹੋ ਗਏ ਤੇ ਜਦੋਂ ਉਹ ਰਿੰਕੂ ਉਰਫ ਹਰਪ੍ਰੀਤ ਕੌਰ ਨੂੰ ਇਲਾਜ ਲਈ ਹਸਪਤਾਲ ਫਿਰੋਜ਼ਪੁਰ ਲਿਜਾ ਰਹੇ ਸਨ ਤਾਂ ਰਸਤੇ 'ਚ ਹਰਪ੍ਰੀਤ ਕੌਰ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਤੀ ਅਤੇ ਸੱਸ ਖਿਲਾਫ ਕਤਲ ਕਰਨ ਤਹਿਤ ਮੁਕੱਦਮਾ ਦਰਜ ਕਰ ਕੇ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News