ਜ਼ਿਲਾ ਪਰਿਵਾਰ ਭਲਾਈ ਅਧਿਕਾਰੀ 'ਤੇ ਡਾਕਟਰ ਦੇ ਪੱਖ 'ਚ ਭੁਗਤਣ ਦਾ ਦੋਸ਼

12/12/2017 2:38:10 PM

ਅੰਮ੍ਰਿਤਸਰ (ਦਲਜੀਤ) - ਸਰਕਾਰੀ ਹਸਪਤਾਲ ਅਜਨਾਲਾ 'ਚ ਗਰਭਵਤੀ ਦੀ ਡਿਲਵਰੀ ਦੇ ਬਾਅਦ ਹੋਈ ਮੌਤ ਦੇ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਦੀ ਕਾਰਗੁਜ਼ਾਰੀ 'ਤੇ ਪੀੜਤ ਪਰਿਵਾਰ ਨੇ ਸਵਾਲ ਖੜ੍ਹੇ ਕੀਤੇ ਹਨ। ਪੀੜਤ ਪਰਿਵਾਰ ਨੇ ਜ਼ਿਲਾ ਪਰਿਵਾਰ ਭਲਾਈ ਅਧਿਕਾਰੀ 'ਤੇ ਡਾਕਟਰ ਦੇ ਪੱਖ 'ਚ ਭੁਗਤਣ ਦਾ ਦੋਸ਼ ਲਾਉਂਦਿਆਂ ਸਿਵਲ ਸਰਜਨ ਨੂੰ ਸ਼ਿਕਾਇਤ ਕੀਤੀ ਹੈ।
ਸਿਵਲ ਸਰਜਨ ਡਾ. ਨਰਿੰਦਰ ਕੌਰ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਹਿਲੀ ਜਾਂਚ ਕਮੇਟੀ ਦੀ ਰਿਪੋਰਟ ਰੱਦ ਕਰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਦੀ ਅਗਵਾਈ ਵਾਲੀ ਟੀਮ ਨੂੰ ਦੁਬਾਰਾ ਜਾਂਚ ਕਰਨ ਦੇ ਹੁਕਮ ਦਿੱਤੇ ਹਨ।  
ਮਾਮਲੇ ਦੀ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੀ ਹਮਾਇਤ 'ਚ ਆਈ ਕਿਰਤੀ ਕਿਸਾਨ ਯੂਨੀਅਨ ਦੇ ਨੇਤਾ ਜਤਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਅਜਨਾਲਾ ਸਰਕਾਰੀ ਹਸਪਤਾਲ ਦੀ ਲਾਪ੍ਰਵਾਹੀ ਦੇ ਕਾਰਨ ਮਰੀਜ਼ ਕੁਲਵਿੰਦਰ ਕੌਰ ਦੀ ਕੁਝ ਦਿਨ ਪਹਿਲਾਂ ਮੌਤ ਹੋਈ ਸੀ। ਕੁਲਵਿੰਦਰ ਕੌਰ (21) ਪਿੰਡ ਅਵਾਨ ਵਸਾਊ ਦੀ ਰਹਿਣ ਵਾਲੀ ਸੀ। ਸਿਵਲ ਸਰਜਨ ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਜ਼ਿਲਾ ਪਰਿਵਾਰ ਭਲਾਈ ਅਫਸਰ ਮਾਮਲੇ ਦੀ ਜਾਂਚ ਕਰ ਰਹੇ ਸਨ। ਛੀਨਾ ਨੇ ਦੋਸ਼ ਲਾਉਂਦਿਆਂ ਕਿਹਾ ਕਿ ਪਹਿਲਾਂ ਉਕਤ ਅਧਿਕਾਰੀ ਮਾਮਲੇ ਨੂੰ ਕਾਫੀ ਸਮਾਂ ਲਟਕਾਉਂਦਾ ਰਿਹਾ ਪਰ ਜਦੋਂ ਜਥੇਬੰਦੀ ਨੇ ਸਿਵਲ ਸਰਜਨ ਦਫਤਰ ਦਾ ਘਿਰਾਓ ਕੀਤਾ ਤਾਂ ਉਸੇ ਦਿਨ ਹੀ ਸਿਵਲ ਸਰਜਨ ਨੇ ਉਕਤ ਅਧਿਕਾਰੀ ਨੂੰ ਹੁਕਮ ਦਿੱਤੇ ਕਿ ਅੱਜ ਹੀ ਰਿਪੋਰਟ ਫਾਈਨਲ ਕੀਤੀ ਜਾਵੇ ਅਤੇ ਪੀੜਤ ਪਰਿਵਾਰ ਦੀ ਸੁਣਵਾਈ ਕੀਤੀ ਜਾਵੇ। ਛੀਨਾ ਨੇ ਕਿਹਾ ਕਿ ਪਰਿਵਾਰ ਭਲਾਈ ਅਧਿਕਾਰੀ ਨੇ ਦੁਬਾਰਾ ਸੁਣਵਾਈ ਦੌਰਾਨ ਡਾਕਟਰ ਦਾ ਸਾਰਾ ਪੱਖ ਸੁਣਿਆ ਅਤੇ ਮ੍ਰਿਤਕਾ ਦੇ ਪਤੀ ਤੋਂ ਢੁਕਵੇਂ ਬਿਆਨ ਨਾ ਲੈਂਦੇ ਹੋਏ ਇਕਤਰਫਾ ਰਿਪੋਰਟ ਬਣਾ ਦਿੱਤੀ। ਜਥੇਬੰਦੀ ਨੇ ਤੁਰੰਤ ਕਮੇਟੀ ਦਾ ਬਾਈਕਾਟ ਕਰਦਿਆਂ ਉਕਤ ਅਧਿਕਾਰੀ ਖਿਲਾਫ ਰੋਸ ਜ਼ਾਹਰ ਕੀਤਾ ਅਤੇ ਦੁਬਾਰਾ ਸਿਵਲ ਸਰਜਨ ਨੂੰ ਵੱਖਰੀ ਜਾਂਚ ਕਮੇਟੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪੀੜਤ ਪਰਿਵਾਰ ਨੂੰ ਇਨਸਾਫ ਨਾ ਦਿੱਤਾ ਗਿਆ ਤਾਂ ਜਥੇਬੰਦੀ ਸਿਵਲ ਸਰਜਨ ਦਫਤਰ ਵਿਖੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਕਰੇਗੀ। 
ਜ਼ਿਕਰਯੋਗ ਹੈ ਕਿ ਮਰੀਜ਼ ਕੁਲਵਿੰਦਰ ਕੌਰ ਪਿਛਲੇ 9 ਮਹੀਨੇ ਤੋਂ ਹਸਪਤਾਲ ਦੀ ਗਾਇਨੀ ਵਿਭਾਗ ਦੀ ਡਾਕਟਰ ਤੋਂ ਚੈੱਕਅਪ ਕਰਵਾ ਰਹੀ ਸੀ। 25 ਅਗਸਤ ਨੂੰ ਡਲਿਵਰੀ ਲਈ ਕੁਲਵਿੰਦਰ ਕੌਰ ਨੂੰ  ਹਸਪਤਾਲ ਲਿਆਂਦਾ ਗਿਆ। ਉਸੇ ਦਿਨ ਸ਼ਾਮ ਨੂੰ ਗਰਭਵਤੀ ਨੇ ਬੱਚੇ ਨੂੰ ਜਨਮ ਦਿੱਤਾ। ਕਿਰਤੀ ਕਿਸਾਨ ਯੂਨੀਅਨ ਅਤੇ ਪੀੜਤ ਪਰਿਵਾਰ ਨੇ ਦੋਸ਼ ਲਗਾਇਆ ਸੀ ਕਿ ਡਲਿਵਰੀ ਦੇ ਕੁਝ ਸਮੇਂ ਬਾਅਦ ਹੀ ਲੇਬਰ ਰੂਮ ਦੇ ਸਟਾਫ ਨੇ ਮਰੀਜ਼ ਨੂੰ ਸਟਰੈਚਰ 'ਤੇ ਲਿਆਉਣ ਦੀ ਬਜਾਏ ਪੈਦਲ ਹੀ ਬਾਹਰ ਲੈ ਆਏ ਜਿਸ ਦੌਰਾਨ ਮਰੀਜ਼ ਬਾਹਰ ਆਉਂਦੇ ਹੀ ਬੇਹੋਸ਼ ਹੋ ਗਿਆ। ਦੁਬਾਰਾ ਲੇਬਰ ਰੂਮ ਵਿਚ ਲਿਜਾਇਆ ਗਿਆ ਅਤੇ ਕੁਝ ਸਮੇਂ ਬਾਅਦ ਫਿਰ ਪੈਦਲ ਹੀ ਹਸਪਤਾਲ ਦੀ ਉੱਪਰਲੀ ਮੰਜ਼ਿਲ 'ਤੇ ਸਥਿਤ ਗਾਇਨੀ ਵਾਰਡ ਵਿਚ ਪੌੜੀਆਂ ਰਾਹੀਂ ਮਰੀਜ਼ ਨੂੰ ਲਿਜਾਇਆ ਗਿਆ।  ਦੇਰ ਰਾਤ ਮਰੀਜ਼ ਨੂੰ ਤੇਜ਼ ਬੁਖਾਰ ਹੋ ਗਿਆ। ਮਰੀਜ਼ ਦੇ ਪਤੀ ਦਸਵਿੰਦਰ ਸਿੰਘ ਨੇ ਹਸਪਤਾਲ ਦੇ ਸਟਾਫ ਨੂੰ ਮਰੀਜ਼ ਨੂੰ ਬੁਖਾਰ ਹੋਣ ਸਬੰਧੀ ਦੱਸਿਆ ਪਰ ਉਨ੍ਹਾਂ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਅਗਲੇ ਦਿਨ ਬੁਖਾਰ ਜ਼ਿਆਦਾ ਹੋ ਗਿਆ। ਮਰੀਜ਼ ਦਾ ਪਤੀ ਜਦੋਂ ਡਾਕਟਰ ਕੋਲ ਗਿਆ ਤਾਂ ਡਾਕਟਰ ਨੇ ਕਿਹਾ ਕਿ  ਸੀਜੇਰੀਅਨ ਕੇਸਾਂ ਵਾਲੇ ਮਰੀਜ਼ ਇੰਨਾ ਤੰਗ ਨਹੀਂ ਕਰਦੇ ਜਿੰਨਾ ਤੂੰ ਕਰ ਰਿਹੈਂ। ਇਸ ਦੇ ਉਪਰੰਤ ਡਾਕਟਰਾਂ ਵੱਲੋਂ ਜਬਰੀ ਮਰੀਜ਼ ਨੂੰ ਛੁੱਟੀ ਦੇ ਦਿੱਤੀ ਗਈ।  
ਮਰੀਜ਼ ਨੂੰ ਅਗਲੇ ਦਿਨ ਅਜਨਾਲਾ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਮਰੀਜ਼ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਅੰਮ੍ਰਿਤਸਰ ਪ੍ਰਾਈਵੇਟ ਹਸਪਤਾਲ ਵਿਚ ਰੈਫਰ ਕਰ ਦਿੱਤਾ। ਇਸ ਦੌਰਾਨ ਮਰੀਜ਼ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਸੀ ਕਿ  ਜੇਕਰ ਹਸਪਤਾਲ ਦੇ ਡਾਕਟਰ ਤਨਦੇਹੀ ਨਾਲ ਮਰੀਜ਼ ਦਾ ਇਲਾਜ ਕਰਦੇ ਤਾਂ ਅੱਜ ਕੁਲਵਿੰਦਰ ਕੌਰ ਦੀ ਕੀਮਤੀ ਜਾਨ ਬਚ ਸਕਦੀ ਸੀ। ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਉਕਤ ਅਧਿਕਾਰੀ ਅਜਨਾਲਾ ਹਸਪਤਾਲ ਦੇ ਡਾਕਟਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਸਬੰਧੀ ਜ਼ਿਲਾ ਪਰਿਵਾਰ ਭਲਾਈ ਅਧਿਕਾਰੀ ਨਾਲ ਜਦੋਂ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਫੋਨ ਹੀ ਚੁੱਕਣਾ ਮੁਨਾਸਿਬ ਨਹੀਂ ਸਮਝਿਆ। 
ਕੀ ਕਹਿਣਾ ਹੈ ਸਿਵਲ ਸਰਜਨ ਦਾ? 
ਸਿਵਲ ਸਰਜਨ ਡਾ. ਨਰਿੰਦਰ ਕੌਰ ਨੇ ਕਿਹਾ ਕਿ ਪੀੜਤ ਪਰਿਵਾਰ ਜ਼ਿਲਾ ਪਰਿਵਾਰ ਭਲਾਈ ਅਫਸਰ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਨਾਲ ਸਹਿਮਤ ਨਹੀਂ ਸੀ। ਦੁਬਾਰਾ ਮਾਮਲੇ ਦੀ ਜਾਂਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਪ੍ਰਭਦੀਪ ਕੌਰ ਕੋਲੋਂ ਕਰਵਾਈ ਜਾ ਰਹੀ ਹੈ। ਪੀੜਤ ਪਰਿਵਾਰ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ।  


Related News