ਬੰਗਾ ਰੋਡ ਕਾਰ ਪਾਰਕਿੰਗ ''ਤੇ ਸਾਬਕਾ ਮੁੱਖ ਮੰਤਰੀ ਬਾਦਲ ਦਾ ਨੀਂਹ ਪੱਥਰ ਉਤਾਰਿਆ

01/17/2018 1:39:40 PM

ਫਗਵਾੜਾ (ਹਰਜੋਤ)— ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਆਪਣੇ ਕਾਰਜਕਾਲ ਦੌਰਾਨ ਇਥੇ ਬੰਗਾ ਰੋਡ 'ਤੇ ਕਾਰ ਪਾਰਕਿੰਗ ਦੀ ਉਸਾਰੀ ਸਮੇਂ 2016 'ਚ ਰੱਖਿਆ ਗਿਆ ਨੀਂਹ ਪੱਥਰ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਉਤਾਰ ਦਿੱਤਾ ਹੈ, ਜੋ ਲੋਕਾਂ 'ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਵਰਨਣਯੋਗ ਹੈ ਕਿ ਲੋਕਾਂ ਦੀ ਸਹੂਲਤ ਲਈ ਇਹ ਪਾਰਕਿੰਗ ਇਥੋਂ ਦੇ ਵਿਧਾਇਕ ਸੋਮ ਪ੍ਰਕਾਸ਼ ਨੇ ਕਾਫੀ ਜੱਦੋ-ਜਹਿਦ ਉਪਰੰਤ ਮਨਜ਼ੂਰ ਕਰਵਾਈ ਸੀ, ਜਿਸ ਦਾ ਨੀਂਹ ਪੱਥਰ ਉਸ ਸਮੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰੱਖਿਆ ਸੀ, ਹੁਣ ਇਹ ਇਮਾਰਤ ਮੁਕੰਮਲ ਹੋ ਚੁੱਕੀ ਹੈ ਅਤੇ ਜਲਦੀ ਹੀ ਇਸ ਦਾ ਉਦਘਾਟਨ ਹੋਣ ਵਾਲਾ ਹੈ। 
ਇਹ ਨੀਂਹ ਪੱਥਰ ਪਾਰਕਿੰਗ ਦੇ ਅੰਦਰ ਲਗਾਇਆ ਜਾਵੇਗਾ : ਨਗਰ ਨਿਗਮ
ਇਸ ਸਬੰਧੀ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਸੁਰਜੀਤ ਸਿੰਘ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਪਾਰਕਿੰਗ ਦੇ ਅੱਗੇ ਲੱਗਾ ਇਹ ਨੀਂਹ ਪੱਥਰ ਪਾਰਕਿੰਗ ਦੇ ਅੰਦਰ ਲਾਇਆ ਜਾਣਾ ਹੈ, ਇਸ ਲਈ ਇਸ ਨੂੰ ਉਤਾਰਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਇਸ ਜਗ੍ਹਾ ਦੀ ਮਾਲਕੀ ਵੀ ਨਗਰ ਨਿਗਮ ਦੇ ਨਾਂ 'ਤੇ ਤਬਦੀਲ ਨਹੀਂ ਹੋਈ। ਨਿਗਮ ਨੇ ਲੋਕ ਨਿਰਮਾਣ ਵਿਭਾਗ ਨੂੰ ਢਾਈ ਕਰੋੜ ਰੁਪਏ ਦੀ ਰਾਸ਼ੀ ਦਾ ਭੁਗਤਾਨ ਕਰਨਾ ਹੈ ਅਤੇ ਜਲਦੀ ਹੀ ਇਹ ਮਾਲਕੀ ਤਬਦੀਲ ਹੋ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਅਜੇ ਇਹ ਇਮਾਰਤ ਨਿਗਮ ਦੇ ਹਵਾਲੇ ਨਹੀਂ ਹੋਈ। ਇਸ ਸਬੰਧੀ ਕੰਪਲੀਸ਼ਨ ਸਰਟੀਫ਼ਿਕੇਟ ਵੀ ਨਿਗਮ ਨੂੰ ਨਹੀਂ ਮਿਲਿਆ, ਇਸ ਦੇ ਮਿਲਣ ਉਪਰੰਤ ਹੀ ਇਹ ਪਾਰਕਿੰਗ ਚਾਲੂ ਹੋਵੇਗੀ।
ਕੀ ਕਹਿੰਦੇ ਹਨ ਐੱਸ. ਡੀ. ਐੱਮ.
ਇਸ ਸਬੰਧੀ ਗੱਲਬਾਤ ਕਰਨ 'ਤੇ ਐੱਸ. ਡੀ. ਐੱਮ. ਜੋਤੀ ਬਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਵੀ ਧਿਆਨ 'ਚ ਇਹ ਮਾਮਲਾ ਆਇਆ ਹੈ, ਇਸ ਸਬੰਧੀ ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਇਸ ਸਬੰਧੀ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਸਾਡਾ ਰੁਟੀਨ ਦਾ ਕੰਮ ਹੈ, ਜਦੋਂ ਬਿਲਡਿੰਗ ਮੁਕੰਮਲ ਹੋ ਜਾਵੇ ਤਾਂ ਇਸ ਪੱਥਰ ਨੂੰ ਉਤਾਰ ਕੇ ਬਿਲਡਿੰਗ ਦੇ ਅੰਦਰ ਹੀ ਯੋਗ ਥਾਂ 'ਤੇ ਲਗਾਇਆ ਜਾਂਦਾ ਹੈ।


Related News