ਸਿੱਧੂ ਦੇ ਨਿਸ਼ਾਨੇ ''ਤੇ ਫਾਸਟਵੇਅ , ਤਿਆਰ ਹੋਵੇਗੀ ਕੇਬਲ ਕੁਨੈਕਸ਼ਨਾਂ ਦੀ ਰਿਪੋਰਟ

07/23/2017 3:02:22 PM

ਜਲੰਧਰ (ਖੁਰਾਣਾ)—ਪੰਜਾਬ ਦੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਹੋਏ ਘਪਲਿਆਂ ਬਾਰੇ ਪ੍ਰੈੱਸ ਕਾਨਫਰੰਸ ਕਰਦਿਆਂ ਫਾਸਟਵੇਅ ਕੰਪਨੀ 'ਤੇ ਕਈ ਗੰਭੀਰ ਦੋਸ਼ ਲਾਏ ਸਨ ਤੇ ਇਸ ਨੂੰ ਬਾਦਲਾਂ ਦੀ ਕੰਪਨੀ ਦੱਸਦਿਆਂ ਟੈਕਸ ਚੋਰੀ ਦੇ ਦੋਸ਼ਾਂ ਦੀ ਝੜੀ ਲਾ ਦਿੱਤੀ ਸੀ।
ਨਵਜੋਤ ਸਿੰਘ ਸਿੱਧੂ ਨੇ ਇਸ ਘਪਲੇ ਦੀਆਂ ਪਰਤਾਂ ਉਧੇੜਨ ਤੇ ਆਪਣੇ ਦੋਸ਼ਾਂ ਦੀ ਪੁਸ਼ਟੀ ਕਰਨ ਲਈ ਪੂਰੇ ਪੰਜਾਬ ਵਿਚ ਲੱਗੇ ਕੇਬਲ ਕੁਨੈਕਸ਼ਨਾਂ ਦੀ ਗਿਣਤੀ ਦਾ ਪਤਾ ਲਗਾਉਣਾ ਸ਼ੁਰੂ ਕਰਵਾ ਦਿੱਤਾ ਹੈ, ਜਿਸ ਅਧੀਨ ਜਲੰਧਰ ਨਗਰ ਨਿਗਮ ਦੀ ਡਿਊਟੀ ਲਗਾਈ ਗਈ ਹੈ ਕਿ ਹਰ ਘਰ ਤੇ ਦੁਕਾਨ ਵਿਚ ਲੱਗੇ ਕੇਬਲ ਕੁਨੈਕਸ਼ਨਾਂ ਦਾ ਸਰਵੇ ਕਰੇ। ਲੋਕਲ ਬਾਡੀਜ਼ ਵਿਭਾਗ ਤੋਂ ਨਿਰਦੇਸ਼ ਮਿਲਣ ਤੋਂ ਬਾਅਦ ਨਿਗਮ ਕਮਿਸ਼ਨਰ ਨੇ ਬੀ. ਐਂਡ ਆਰ. ਤੇ ਓ. ਐਂਡ ਐੱਮ. ਵਿਭਾਗ ਵਿਚ ਕੰਮ ਕਰਦੇ ਸਾਰੇ ਜੇ. ਈਜ਼ ਤੇ ਐੱਸ. ਡੀ. ਓ. ਪੱਧਰ ਦੇ ਅਧਿਕਾਰੀਆਂ ਦੀ ਡਿਊਟੀ ਸਰਵੇ ਦੇ ਕੰਮ ਵਿਚ ਲਾਈ ਹੈ। ਕੁਲ 30 ਟੀਮਾਂ ਬਣਾਈਆਂ ਗਈਆਂ ਹਨ ਜੋ ਸ਼ਹਿਰ ਦੇ 60 ਵਾਰਡਾਂ ਵਿਚ ਜਾ ਕੇ ਹਰ ਘਰ ਤੇ ਦੁਕਾਨ ਵਿਚ ਲੱਗੇ ਕੇਬਲ ਕੁਨੈਕਸ਼ਨ ਦੀਆਂ ਰਿਪੋਰਟ ਤਿਆਰ ਕਰਨਗੀਆਂ। ਸਰਕਾਰ ਨੇ 31 ਜੁਲਾਈ ਤੱਕ ਇਹ ਰਿਪੋਰਟ ਮੰਗੀ ਹੈ ਪਰ ਸਰਕਾਰੀ ਛੁੱਟੀਆਂ ਨੂੰ ਦੇਖਦਿਆਂ ਇੰਨੇ ਘੱਟ ਦਿਨਾਂ ਵਿਚ ਇੰਨਾ ਵੱਡਾ ਸਰਵੇ ਕਰ ਸਕਣਾ ਮੁਸ਼ਕਲ ਜਾਪਦਾ ਹੈ, ਜਿਸ ਕਾਰਨ ਨਿਗਮ ਸਟਾਫ ਵਿਚ ਵੀ ਹਫੜਾ-ਦਫੜੀ ਮਚੀ ਹੋਈ ਹੈ। ਜ਼ਿਆਦਾਤਰ ਏ. ਸੀ. ਕਮਰਿਆਂ ਵਿਚ  ਬੈਠਣ ਵਾਲੇ ਨਿਗਮ ਦੇ ਇੰਜੀਨੀਅਰਾਂ ਨੂੰ ਹੁਣ ਹੁੰਮਸ ਭਰੇ ਮਾਹੌਲ ਵਿਚ ਹਰ ਗਲੀ ਮੁਹੱਲੇ ਵਿਚ ਜਾ ਕੇ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਖੜਕਾਉਣੇ ਪੈਣਗੇ ਕਿਉਂਕਿ ਇਹ ਕੰਮ ਨਵਜੋਤ ਸਿੰਘ ਸਿੱਧੂ ਵਲੋਂ ਅਲਾਟ ਕੀਤਾ ਗਿਆ ਹੈ, ਇਸ ਲਈ ਗਲਤੀ ਦੀ ਗੁੰਜਾਇਸ਼ ਨਿਗਮ ਸਟਾਫ 'ਤੇ ਭਾਰੀ ਵੀ ਪੈ ਸਕਦੀ ਹੈ। ਕੁਝ ਸਾਲ ਪਹਿਲਾਂ ਪੰਜਾਬ ਵਿਚ ਇਕ ਕੇਬਲ ਕੁਨੈਕਸ਼ਨ 'ਤੇ ਘਰ ਦੇ ਸਾਰੇ ਟੀ. ਵੀ. ਚਲਦੇ ਸਨ ਪਰ ਫਾਸਟਵੇਅ ਵਲੋਂ ਸੈੱਟਅਪ ਬਾਕਸ ਜ਼ਰੂਰੀ ਕੀਤੇ ਜਾਣ ਮਗਰੋਂ ਹਰ ਟੀ. ਵੀ. ਦੇ ਲਈ ਵੱਖਰਾ ਸੈੱਟਅਪ ਬਾਕਸ ਜ਼ਰੂਰੀ ਹੈ। 

ਸਿੱਧੂ ਦੇ ਨਿਸ਼ਾਨੇ 'ਤੇ ਹੈ ਫਾਸਟਵੇਅ
ਨਵਜੋਤ ਸਿੰਘ ਸਿੱਧੂ ਵਲੋਂ ਬੀਤੇ ਦਿਨੀਂ ਕੇਬਲ ਸਕੀਮ ਨੂੰ ਲੈ ਕੇ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਫਾਸਟਵੇਅ ਨੈੱਟਵਰਕ ਨਿਸ਼ਾਨੇ 'ਤੇ ਰਿਹਾ। ਸਿੱਧੂ ਦਾ ਦੋਸ਼ ਹੈ ਕਿ ਪੰਜਾਬ ਵਿਚ 80 ਲੱਖ ਦੇ ਕਰੀਬ ਟੀ. ਵੀ. ਸੈੱਟ ਹਨ ਪਰ ਕੇਬਲ ਨੈੱਟਵਰਕ ਦੀਆਂ ਕਿਤਾਬਾਂ ਵਿਚ ਸਿਰਫ 1.25 ਲੱਖ ਕੁਨੈਕਸ਼ਨ ਹਨ। ਸੂਬੇ ਵਿਚ ਕੁਲ 8 ਹਜ਼ਾਰ ਕੇਬਲ ਆਪ੍ਰੇਟਰ ਹਨ, ਜਿਨ੍ਹਾਂ ਵਿਚ 600 ਤਾਂ ਸਿੱਧੇ ਜਦੋਂਕਿ 1500 ਅਸਿੱਧੇ ਤੌਰ 'ਤੇ ਫਾਸਟਵੇਅ ਨਾਲ ਜੁੜੇ ਹੋਏ ਹਨ, ਜਿਸ ਕਾਰਨ ਛੋਟੇ ਕਾਰੋਬਾਰੀ ਬੇਰੋਜ਼ਗਾਰ ਹੋ ਗਏ ਹਨ। ਫਾਸਟਵੇਅ ਕੰਪਨੀ ਕਰੋੜਾਂ ਰੁਪਏ ਦਾ ਇੰਟਰਟੇਨਮੈਂਟ ਤੇ ਸਰਵਿਸ ਟੈਕਸ ਚੋਰੀ ਕਰ ਰਹੀ ਹੈ।
ਦੂਜੇ ਪਾਸੇ ਫਾਸਟਵੇਅ ਕੰਪਨੀ ਦੇ ਪ੍ਰਬੰਧਕਾਂ ਨੇ ਸਿੱਧੂ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਨ੍ਹਾਂ ਦਾ ਕੰਮਕਾਜ ਪੂਰੀ ਤਰ੍ਹਾਂ ਪਾਰਦਰਸ਼ੀ ਹੈ। ਲੱਗਦਾ ਹੈ ਕਿ ਨਵਜੋਤ ਸਿੱਧੂ ਨੇ ਆਪਣੇ ਦੋਸ਼ਾਂ ਦੀ ਪੁਸ਼ਟੀ ਲਈ ਸੂਬੇ ਭਰ ਕੇਬਲ ਕੁਨੈਕਸ਼ਨ ਦਾ ਸਰਵੇ ਸ਼ੁਰੂ ਕਰਵਾਇਆ ਹੈ।

ਕੁਲ 2.25 ਲੱਖ ਘਰਾਂ ਵਿਚ ਜਾਣਾ ਪਵੇਗਾ
ਲੋਕਲ ਬਾਡੀਜ਼ ਮੰਤਰੀ ਨੇ ਨਿਗਮ ਦੇ ਇੰਜੀਨੀਅਰਾਂ ਦੀ ਕੇਬਲ ਸਰਵੇ 'ਤੇ ਡਿਊਟੀ ਤਾਂ ਲਗਾ ਦਿੱਤੀ ਹੈ ਪਰ ਇਹ ਕੰਮ ਮਰਦਮਸ਼ੁਮਾਰੀ ਜਿੰਨਾ ਵੱਡਾ ਹੈ। ਕੁਝ ਸਾਲ ਪਹਿਲਾਂ ਮਾਈ ਇੰਡੀਆ ਕੰਪਨੀ ਨੇ ਜਲੰਧਰ ਦਾ ਜੀ. ਆਈ. ਐੱਸ. ਸਰਵੇ ਕੀਤਾ ਸੀ, ਜਿਸ ਦੌਰਾਨ 2,56,948 ਪ੍ਰਾਪਰਟੀਜ਼ ਸ਼ਹਿਰ ਵਿਚ ਮੌਜੂਦ ਸਨ, ਜਿਨ੍ਹਾਂ ਵਿਚ ਖਾਲੀ ਪਲਾਟ, ਘਰ ਤੇ ਕਮਰਸ਼ੀਅਲ ਸੰਸਥਾਵਾਂ ਆਦਿ ਸ਼ਾਮਲ ਸਨ। 30 ਹਜ਼ਾਰ ਖਾਲੀ ਪਲਾਟਾਂ ਦੀ ਗਿਣਤੀ ਵੀ ਕੀਤੀ ਜਾਵੇ ਤਾਂ ਵੀ ਨਿਗਮ ਸਟਾਫ ਨੂੰ 2.25 ਲੱਖ ਘਰਾਂ, ਦੁਕਾਨਾਂ ਵਿਚ ਜਾ ਕੇ ਇਹ ਸਰਵੇ ਕਰਨਾ ਹੋਵੇਗਾ ਜੋ ਸੌਖਾ ਕੰਮ ਨਹੀਂ ਹੈ। ਇਸ ਤੋਂ ਇਲਾਵਾ ਗਲੀਆਂ ਵਿਚ ਕੇਬਲ ਆਪ੍ਰੇਟਰਾਂ ਵਲੋਂ ਵਰਤੋਂ ਵਿਚ ਲਿਆਂਦੇ ਗਏ ਸਰਕਾਰੀ ਖੰਭੇ ਵੱਖਰੇ ਤੌਰ 'ਤੇ ਗਿਣਨੇ ਪੈਣਗੇ।

ਸਰਵੇ 'ਚ ਕੀ-ਕੀ ਹੋਵੇਗਾ ਸ਼ਾਮਲ
ਜਘਰ 'ਚ ਕਿੰਨੇ ਕੇਬਲ ਕੁਨੈਕਸ਼ਨ
ਜਕੇਬਲ ਕਿਸ ਕੰਪਨੀ ਦਾ ਹੈ
ਜਡਿਸ਼ ਹੈ ਤਾਂ ਕਿਸ ਕੰਪਨੀ ਦੀ
ਜਘਰ ਦੇ ਮਾਲਕ ਦਾ ਨਾਂ ਤੇ ਪਤਾ
ਜਆਪ੍ਰੇਟਰ ਨੇ ਕਿੰਨੇ ਬਿਜਲੀ ਦੇ ਖੰਭੇ ਵਰਤੇ
ਜਟੈਲੀਕਾਮ ਦੇ ਕਿੰਨੇ ਖੰਭਿਆਂ ਨੂੰ ਕੇਬਲ ਵਾਇਰ ਲਈ ਵਰਤਿਆ ਗਿਆ


Related News