ਰਿਆਸਤੀ ਤੇ ਵਿਰਾਸਤੀ ਸ਼ਹਿਰ ਦੇ ਲੋਕ ਟੁੱਟੀਆਂ ਸੜਕਾਂ ਕਾਰਨ ਡਾਢੇ ਪ੍ਰੇਸ਼ਾਨ

12/13/2017 8:01:41 AM

ਕਪੂਰਥਲਾ, (ਗੁਰਵਿੰਦਰ ਕੌਰ)- ਰਿਆਸਤੀ ਤੇ ਵਿਰਾਸਤੀ ਸ਼ਹਿਰ ਕਪੂਰਥਲਾ ਜਿਥੇ ਪੰਜਾਬ ਦੇ ਪੈਰਿਸ ਵਜੋਂ ਜਾਣਿਆ ਜਾਂਦਾ ਹੈ, ਉਥੇ ਹੀ ਹੁਣ ਇਹ ਸ਼ਹਿਰ ਟੁੱਟੀਆਂ ਸੜਕਾਂ ਕਾਰਨ ਮਸ਼ਹੂਰ ਹੋਣ ਲੱਗਾ ਹੈ। ਸ਼ਹਿਰ ਦੀਆਂ ਬਹੁਤ ਸਾਰੀਆਂ ਮੁੱਖ ਸੜਕਾਂ ਦੀ ਹਾਲਤ ਇੰਨੀ ਖਰਾਬ ਹੋ ਚੁੱਕੀ ਹੈ ਕਿ ਇਹ ਆਪਣੀ ਬਦਹਾਲੀ 'ਤੇ ਹੰਝੂ ਵਹਾ ਰਹੀਆਂ ਹਨ ਪਰ ਇਨ੍ਹਾਂ ਸੜਕਾਂ ਦੀ ਅਜੇ ਤੱਕ ਕੋਈ ਸਾਰ ਨਹੀਂ ਲਈ ਗਈ। 
ਕਾਂਗਰਸ ਦੀ ਸਰਕਾਰ ਬਣਨ 'ਤੇ ਕਪੂਰਥਲਾ ਦੇ ਐੱਮ. ਐੱਲ. ਏ. ਰਾਣਾ ਗੁਰਜੀਤ ਸਿੰਘ ਦੇ ਕੈਬਨਿਟ ਮੰਤਰੀ ਬਣਨ ਨਾਲ ਲੋਕਾਂ ਨੂੰ ਇਕ ਨਵੀਂ ਆਸ ਬੱਝੀ ਸੀ ਕਿ ਸ਼ਹਿਰ 'ਚ ਨਵੀਆਂ ਸੜਕਾਂ ਦਾ ਜਾਲ ਵਿਛ ਜਾਵੇਗਾ ਪਰ ਅਜੇ ਤੱਕ ਖਸਤਾਹਾਲਤ ਸੜਕਾਂ ਦੀ ਮੁਰੰਮਤ ਤੱਕ ਨਹੀਂ ਹੋਈ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 
ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਦੀ ਖਸਤਾਹਾਲਤ ਸੜਕ
ਸ੍ਰੀ ਸਟੇਟ ਗੁਰਦੁਆਰਾ ਸਾਹਿਬ ਤੋਂ ਨਵਾਬ ਜੱਸਾ ਸਿੰਘ ਆਹਲੂਵਾਲੀਆ ਕਾਲਜ ਨੂੰ ਜਾਂਦੀ ਸੜਕ ਦੀ ਹਾਲਤ ਦਿਨੋ-ਦਿਨ ਖਸਤਾ ਹੁੰਦੀ ਜਾ ਰਹੀ ਹੈ। ਇਸ ਸੜਕ ਦੇ ਟੁੱਟਣ ਕਾਰਨ ਇਸ 'ਚ ਵੱਡੇ-ਵੱਡੇ ਟੋਏ ਪੈ ਗਏ ਹਨ, ਜੋ ਕਿ ਮੀਂਹ ਪੈਣ ਤੋਂ ਬਾਅਦ ਪਾਣੀ ਨਾਲ ਭਰ ਜਾਂਦੇ ਹਨ ਤੇ ਇਹ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਵਰਣਨਯੋਗ ਹੈ ਕਿ ਇਸ ਰੋਡ ਤੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਕਾਲਜ ਤੇ ਸਕੂਲ ਦੇ ਵਿਦਿਆਰਥੀ ਅਤੇ ਸੰਗਤਾਂ ਲੰਘਦੀਆਂ ਹਨ, ਜਿਨ੍ਹਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੀਰ ਚੌਧਰੀ ਰੋਡ ਆਪਣੀ ਬਦਹਾਲੀ 'ਤੇ ਵਹਾ ਰਹੀ ਹੈ ਹੰਝੂ
ਪਿਛਲੇ ਕਾਫੀ ਸਮੇਂ ਤੋਂ ਪੀਰ ਚੌਧਰੀ ਰੋਡ ਦੀ ਹਾਲਤ ਖਸਤਾ ਹੋਣ ਕਾਰਨ ਇੱਥੋਂ ਦੇ ਵਾਸੀਆਂ, ਰਾਹਗੀਰਾਂ ਤੇ ਪੀਰ ਚੌਧਰੀ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ਵਿਚਕਾਰ ਡੂੰਘੇ ਟੋਏ ਪੈ ਗਏ ਹਨ, ਜਿਹੜੇ ਕਿ ਬੀਤੇ ਦਿਨੀਂ ਮੀਂਹ ਪੈਣ ਕਾਰਨ ਪਾਣੀ ਨਾਲ ਭਰ ਗਏ ਹਨ। ਸੜਕ ਦੀ ਮੁਰੰਮਤ ਨਾ ਹੋਣ ਕਾਰਨ ਸੜਕ ਦੇ ਕਿਨਾਰੇ ਵੀ ਟੁੱਟਣ ਲੱਗੇ ਹਨ। 
ਪੁਰਾਣੀ ਸਬਜ਼ੀ ਮੰਡੀ ਦੀ ਸੜਕ ਬਣੀ ਛੱਪੜ
ਸਰਕਾਰਾਂ ਵੱਲੋਂ ਜਿਥੇ ਲੋਕਾਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਹਨ, ਉਥੇ ਹੀ ਇਹ ਦਾਅਵੇ ਉਸ ਸਮੇਂ ਖੋਖਲੇ ਜਾਪਣ ਲੱਗਦੇ ਹਨ, ਜਦੋਂ ਸ਼ਹਿਰ ਦੀ ਮੇਨ ਸੜਕ ਹੀ ਛੱਪੜ ਦਾ ਰੂਪ ਧਾਰਨ ਕਰ ਲੈਂਦੀ ਹੈ। ਵਰਣਨਯੋਗ ਹੈ ਕਿ ਫੁਹਾਰਾ ਚੌਕ ਤੋਂ ਪੁਰਾਣੀ ਸਬਜ਼ੀ ਮੰਡੀ ਨੂੰ ਜਾਣ ਵਾਲੀ ਸੜਕ ਦੀ ਹਾਲਤ ਤਾਂ ਪਹਿਲਾਂ ਹੀ ਬਹੁਤ ਖਰਾਬ ਸੀ ਪਰ ਹੁਣ ਇਸ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਸ ਟੁੱਟੀ ਸੜਕ ਨੇ ਪਿਛਲੇ ਦਿਨੀਂ ਮੀਂਹ ਪੈਣ ਤੋਂ ਬਾਅਦ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ, ਜਿਸ ਕਾਰਨ ਰੋਜ਼ਾਨਾ ਸਬਜ਼ੀ ਮੰਡੀ 'ਚ ਖਰੀਦਦਾਰੀ ਕਰਨ ਵਾਲੇ ਲੋਕਾਂ ਨੂੰ ਮਜਬੂਰਨ ਗੰਦੇ ਪਾਣੀ 'ਚੋਂ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਲੋਕਾਂ ਨੇ ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸਨ ਤੇ ਨਗਰ ਕੌਂਸਲ ਕਪੂਰਥਲਾ ਨੂੰ ਗੁਹਾਰ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਉਪਰੋਕਤ ਸੜਕਾਂ ਨੂੰ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ।


Related News