ਰੋਜ਼ੀ-ਰੋਟੀ ਲਈ ਮਲੇਸ਼ੀਆ ਗਏ ਨੌਜਵਾਨ ਦੀ ਮੌਤ

12/13/2017 3:39:26 AM

ਭਿੰਡੀ ਸੈਦਾਂ,   (ਗੁਰਜੰਟ)-  ਤਹਿਸੀਲ ਅਜਨਾਲਾ ਦੇ ਪਿੰਡ ਲੰਗੋਮਾਹਲ ਦਾ ਰਹਿਣ ਵਾਲਾ 23 ਸਾਲਾ ਨੌਜਵਾਨ ਅਵਤਾਰ ਸਿੰਘ ਰੋਜ਼ੀ-ਰੋਟੀ ਕਮਾਉਣ ਮਲੇਸ਼ੀਆ ਗਿਆ ਸੀ, ਜਿਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ 3 ਮਹੀਨੇ ਪਹਿਲਾਂ ਅਵਤਾਰ ਸਿੰਘ ਨੂੰ ਰੋਜ਼ੀ-ਰੋਟੀ ਖਾਤਿਰ ਮਲੇਸ਼ੀਆ ਭੇਜਿਆ ਸੀ, ਜਿਸ ਲਈ ਏਜੰਟ ਮਨਪ੍ਰੀਤ ਸਿੰਘ ਨੇ ਉਨ੍ਹਾਂ ਕੋਲੋਂ 1 ਲੱਖ 60 ਹਜ਼ਾਰ ਰੁਪਏ ਲਏ ਸਨ, ਜਿਸ ਦੇ ਬਦਲੇ ਉਨ੍ਹਾਂ ਦੇ ਪੁੱਤ ਨੂੰ ਵਿਦੇਸ਼ ਵਿਚ ਵਧੀਆ ਕੰਮ ਦਿਵਾਉਣ ਅਤੇ ਪੂਰਾ ਖਿਆਲ ਰੱਖਣ ਦਾ ਵਾਅਦਾ ਕੀਤਾ ਗਿਆ ਪਰ ਵਿਦੇਸ਼ ਜਾਣ ਤੋਂ ਬਾਅਦ ਨਾ ਤਾਂ ਉਸ ਨੂੰ ਕੋਈ ਕੰਮ ਦਿਵਾਇਆ ਤੇ ਨਾ ਹੀ ਉਸ ਦੇ ਖਾਣ-ਪੀਣ ਦਾ ਕੋਈ ਪ੍ਰਬੰਧ ਕੀਤਾ ਗਿਆ, ਜਿਸ ਕਾਰਨ ਉਹ ਕਾਫੀ ਬੀਮਾਰ ਹੋ ਗਿਆ ਤੇ ਉਸ ਦਾ ਇਲਾਜ ਵੀ ਨਹੀਂ ਕਰਵਾਇਆ ਗਿਆ।
ਅਵਤਾਰ ਸਿੰਘ ਦੀ ਬੀਮਾਰੀ ਬਾਰੇ ਪਤਾ ਲੱਗਣ 'ਤੇ ਉਨ੍ਹਾਂ ਕਈ ਵਾਰ ਏਜੰਟ ਨੂੰ ਫੋਨ ਕਰ ਕੇ ਕਿਹਾ ਕਿ ਜੇਕਰ ਕੋਈ ਕੰਮ ਨਹੀਂ ਮਿਲ ਰਿਹਾ ਤਾਂ ਤੁਸੀਂ ਉਸ ਨੂੰ ਵਾਪਸ ਭੇਜ ਦਿਓ ਤੇ ਜਿੰਨਾ ਖਰਚ ਆਵੇਗਾ ਅਸੀਂ ਦੇਣ ਲਈ ਤਿਆਰ ਹਾਂ ਪਰ ਏਜੰਟ ਹਰ ਵਾਰ ਇਹੀ ਕਹਿੰਦਾ ਰਿਹਾ ਕਿ ਉਹ ਬਹੁਤ ਜਲਦ ਹੀ ਠੀਕ ਹੋ ਜਾਵੇਗਾ ਅਤੇ ਉਸ ਨੂੰ ਕੰਮ ਵੀ ਮਿਲ ਜਾਵੇਗਾ। ਅਚਾਨਕ ਉਨ੍ਹਾਂ ਨੂੰ ਪਤਾ ਲੱਗਾ ਕਿ ਅਵਤਾਰ ਸਿੰਘ ਦੀ ਬੀਮਾਰੀ ਕਾਰਨ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਏਜੰਟ ਦਾ ਫੋਨ ਆਇਆ ਕਿ ਤੁਸੀਂ 30 ਹਜ਼ਾਰ ਰੁਪਏ ਭੇਜੋ ਤਾਂ ਜੋ ਉਨ੍ਹਾਂ ਦੇ ਪੁੱਤ ਦੀ ਲਾਸ਼ ਨੂੰ ਵਾਪਸ ਭੇਜਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਮ੍ਰਿਤਕ ਅਵਤਾਰ ਸਿੰਘ ਦਾ ਵਿਆਹ ਕਰੀਬ ਡੇਢ ਸਾਲ ਪਹਿਲਾਂ ਹੋਇਆ ਸੀ। ਇਸ ਮੌਕੇ ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਅਵਤਾਰ ਸਿੰਘ ਦੀ ਲਾਸ਼ ਨੂੰ ਜਲਦ ਤੋਂ ਜਲਦ ਵਾਪਸ ਲਿਆਂਦਾ ਜਾਵੇ ਤਾਂ ਕਿ ਉਹ ਉਸ ਨੂੰ ਆਖਰੀ ਵਾਰ ਦੇਖ ਕੇ ਆਪਣੇ ਹੱਥੀਂ ਉਸ ਦਾ ਅੰਤਿਮ ਸੰਸਕਾਰ ਕਰ ਸਕਣ ਅਤੇ ਉਸ ਦੀ ਮੌਤ ਦੇ ਜ਼ਿੰਮੇਵਾਰ ਏਜੰਟ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।


Related News