ਪ੍ਰਸ਼ਾਸਨ ਅਤੇ ਵਪਾਰੀਆਂ ''ਚ ਬਣੀ ਟਕਰਾਅ ਵਾਲੀ ਸਥਿਤੀ

10/17/2017 2:33:22 AM

ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)- ਸ਼ਹਿਰ 'ਚ ਪਟਾਕੇ ਵੇਚਣ ਦੇ ਮਾਮਲੇ ਨੂੰ ਲੈ ਕੇ ਪ੍ਰਸ਼ਾਸਨ ਅਤੇ ਵਪਾਰ ਮੰਡਲ 'ਚ ਟਕਰਾਅ ਵਾਲੀ ਸਥਿਤੀ ਬਣ ਗਈ ਹੈ। ਜਿੱਥੇ ਜ਼ਿਲਾ ਪ੍ਰਸ਼ਾਸਨ ਨੇ ਹਾਈਕੋਰਟ ਦੇ ਨਿਰਦੇਸ਼ਾਂ ਦੀ ਦੁਹਾਈ ਦੇ ਕੇ ਲਾਇਸੈਂਸ ਧਾਰਕਾਂ ਨੂੰ ਹੀ ਮਿਥੀ ਜਗ੍ਹਾ 'ਤੇ ਪਟਾਕੇ ਵੇਚਣ ਦਾ ਫਰਮਾਨ ਜਾਰੀ ਕੀਤਾ ਉਥੇ ਵਪਾਰ ਮੰਡਲ ਦੇ ਆਗੂਆਂ ਦਾ ਕਹਿਣਾ ਹੈ ਕਿ ਛੋਟੇ ਵਪਾਰੀਆਂ ਨੇ ਕਈ ਦਿਨਾਂ ਤੋਂ ਪਟਾਕਿਆਂ ਦੀ ਖਰੀਦ ਕੀਤੀ ਹੋਈ ਹੈ, ਉਹ ਪਟਾਕੇ ਕਿਵੇਂ ਵੇਚਣਗੇ? 
ਡਿਪਟੀ ਕਮਿਸ਼ਨਰ ਨੇ ਜ਼ਿਲਾ ਬਰਨਾਲਾ ਵਿਚ ਐਕਸਪਲੋਸਿਵਜ਼ ਐਕਟ 1884 ਅਤੇ ਐਕਸਪਲੋਸਿਵਜ਼ ਰੂਲ 2008 ਤਹਿਤ ਪਟਾਕੇ ਵੇਚਣ ਲਈ ਆਈਆਂ ਦਰਖਾਸਤਾਂ ਸਬੰਧੀ ਅਲਾਟਮੈਂਟ ਡਰਾਅ ਕੱਢਿਆ। ਉਨ੍ਹਾਂ ਦੱਸਿਆ ਕਿ ਜ਼ਿਲਾ ਬਰਨਾਲਾ ਲਈ ਕੁੱਲ 123 ਦਰਖਾਸਤਾਂ ਆਈਆਂ ਸਨ, ਜਿਨ੍ਹਾਂ ਵਿਚੋਂ ਬਰਨਾਲਾ ਤੋਂ 57, ਤਪਾ ਮੰਡੀ ਤੋਂ 10, ਧਨੌਲਾ ਤੋਂ 12, ਹੰਡਿਆਇਆ ਤੋਂ 16, ਭਦੌੜ ਤੋਂ 15 ਅਤੇ ਮਹਿਲ ਕਲਾਂ ਤੋਂ 13 ਦਰਖਾਸਤਾਂ ਆਈਆਂ, ਜਿਨ੍ਹਾਂ ਵਿਚੋਂ ਬਰਨਾਲਾ ਤੋਂ 20, ਤਪਾ ਮੰਡੀ ਤੋਂ 10, ਧਨੌਲਾ ਤੋਂ 6, ਹੰਡਿਆਇਆ ਤੋਂ 6, ਭਦੌੜ ਤੋਂ 6 ਅਤੇ ਮਹਿਲ ਕਲਾਂ ਤੋਂ 6 ਦਰਖਾਸਤਾਂ ਪਟਾਕੇ ਵੇਚਣ ਲਈ ਅਲਾਟਮੈਂਟ ਡਰਾਅ ਦੌਰਾਨ ਕੱਢੀਆਂ ਗਈਆਂ। ਜਿਨ੍ਹਾਂ ਦਾ ਪਰਚੀ ਰਾਹੀਂ ਡਰਾਅ ਦੌਰਾਨ ਨਾਂ ਕੱਢਿਆ ਗਿਆ ਹੈ ਉਨ੍ਹਾਂ ਨੂੰ 500/- ਰੁਪਏ ਅਲਾਟਮੈਂਟ ਫੀਸ ਭਰਨੀ ਲਾਜ਼ਮੀ ਹੈ।  
ਜ਼ਿਲਾ ਪ੍ਰਸ਼ਾਸਨ ਵੱਲੋਂ ਛੋਟੇ ਪਟਾਕਿਆਂ ਦੀ ਖਰੀਦ/ਵੇਚ ਕਰਨ ਲਈ ਜ਼ਿਲੇ ਵਿਚ 6 ਵੱਖ-ਵੱਖ ਥਾਵਾਂ ਤੈਅ ਕੀਤੀਆਂ ਗਈਆਂ ਹਨ। ਬਰਨਾਲਾ ਵਿਚ ਨਗਰ ਸੁਧਾਰ ਟਰੱਸਟ ਦੀ ਵਿਕਾਸ ਸਕੀਮ ਭਾਈ ਮਨੀ ਸਿੰਘ ਨਗਰ/ਸੁਪਰਡੈਂਟੀ ਟੋਭਾ ਸਕੀਮ ਵਿਚ ਖਾਲੀ ਪਈ ਜਗ੍ਹਾ ਜੋ ਦਫ਼ਤਰ ਨਗਰ ਸੁਧਾਰ ਟਰੱਸਟ ਬਰਨਾਲਾ ਦੇ ਸਾਹਮਣੇ ਹੈ, ਧਨੌਲਾ ਵਿਖੇ ਰਾਮ ਲੀਲਾ ਗਰਾਊਂਡ (ਟਿੱਲੇ ਵਾਲੀ ਜਗ੍ਹਾ), ਹੰਡਿਆਇਆ ਵਿਖੇ ਗੁਰੂ ਤੇਗ ਬਹਾਦਰ ਪਾਰਕ ਸੈਲਾਨੀ ਪੱਤੀ, ਮਹਿਲ ਕਲਾਂ ਵਿਖੇ ਬਰਨਾਲਾ-ਮਹਿਲ ਕਲਾਂ ਮੇਨ ਰੋਡ 'ਤੇ ਸਥਿਤ ਗੋਲਡਨ ਸਿਟੀ ਕਾਲੋਨੀ, ਤਪਾ ਵਿਖੇ ਘੁੰਨਸ ਰੋਡ 'ਤੇ ਬਣੇ ਸਟੇਡੀਅਮ (ਕੱਸੀ ਵਾਲਾ ਗਰਾਊਂਡ) ਵਾਲੀ ਜਗ੍ਹਾ, ਭਦੌੜ ਵਿਖੇ ਮੁਹੱਲਾ ਜੰਗੀਕਾ ਤੋਂ ਆਦਮਪੁਰ ਰੋਡ 'ਤੇ ਸਟੇਡੀਅਮ ਵਿਖੇ ਹੀ ਪਟਾਕੇ ਆਦਿ ਦੀ ਵੇਚ/ਖਰੀਦ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਕਿਸੇ ਵੀ ਥਾਂ 'ਤੇ ਪਟਾਕੇ ਵੇਚਣ 'ਤੇ ਜ਼ਿਲਾ ਪੁਲਸ ਪ੍ਰਸ਼ਾਸਨ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। 
ਦੁਕਾਨਾਂ ਦੀਆਂ ਚਾਬੀਆਂ ਪ੍ਰਸ਼ਾਸਨ ਨੂੰ ਸੌਂਪਣ ਦੀ ਚਿਤਾਵਨੀ
ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ ਨੇ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਛੋਟੇ ਵਪਾਰੀਆਂ ਨਾਲ ਧੱਕਾ ਕਰ ਰਿਹਾ ਹੈ। ਇਨ੍ਹਾਂ ਵਪਾਰੀਆਂ ਨੇ ਕਈ ਦਿਨ ਪਹਿਲਾਂ ਹੀ ਪਟਾਕਿਆਂ ਦੀ ਖਰੀਦ ਕਰ ਲਈ ਸੀ। ਪ੍ਰਸ਼ਾਸਨ ਨੇ ਸ਼ਹਿਰ 'ਚ ਲਾਇਸੈਂਸ ਤਾਂ ਸਿਰਫ 20 ਦਿੱਤੇ ਹਨ ਜਦੋਂਕਿ 500 ਦੇ ਕਰੀਬ ਛੋਟੇ ਵਪਾਰੀਆਂ ਨੇ ਪਟਾਕੇ ਖਰੀਦੇ ਹੋਏ ਹਨ। ਹੁਣ ਪ੍ਰਸ਼ਾਸਨ ਵੱਲੋਂ ਹਾਈਕੋਰਟ ਦੇ ਨਿਯਮਾਂ ਦੀ ਦੁਹਾਈ ਦੇ ਕੇ ਉਨ੍ਹਾਂ ਨੂੰ ਪਟਾਕੇ ਵੇਚਣ ਤੋਂ ਰੋਕਿਆ ਜਾ ਰਿਹਾ ਹੈ। ਪ੍ਰਸ਼ਾਸਨ ਦੀ ਇਹ ਧੱਕੇਸ਼ਾਹੀ ਹਰਗਿਜ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜੇਕਰ ਪ੍ਰਸ਼ਾਸਨ ਨੇ ਛੋਟੇ ਵਪਾਰੀਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਾਜ਼ਾਰ ਬੰਦ ਕਰਵਾ ਕੇ ਦੁਕਾਨਾਂ ਦੀਆਂ ਚਾਬੀਆਂ ਪ੍ਰਸ਼ਾਸਨ ਨੂੰ ਸੌਂਪ ਦੇਣਗੇ ਕਿਉਂਕਿ ਵਪਾਰੀ ਵਿਹਲਾ ਦੁਕਾਨਾਂ ਖੋਲ੍ਹ ਕੇ ਕੀ ਕਰੇਗਾ। ਇਸ ਮੌਕੇ ਉਨ੍ਹਾਂ ਨਾਲ ਇੰਦਰ ਬਾਂਸਲ ਸੀਮੈਂਟ ਵਾਲੇ, ਵਕੀਲ ਚੰਦ ਗੋਇਲ, ਉਪਿੰਦਰ ਸਰਪੰਚ ਤੇ ਓਮ ਪ੍ਰਕਾਸ਼ ਆਦਿ ਹਾਜ਼ਰ ਸਨ। 


Related News