ਗ੍ਰਹਿ ਮੰਤਰਾਲਾ ਨੇ ਰਾਜਪਾਲਾਂ ਨੂੰ ਲਿਖੀ ਚਿੱਠੀ, ਸੂਬਾਈ ਸਰਕਾਰਾਂ ਨਾਲ ਟਕਰਾਅ ਤੋਂ ਬਚਣ ਲਈ ਕਿਹਾ
Thursday, Apr 04, 2024 - 01:24 PM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰਾਲਾ, ਜੋ ਸੂਬਿਆਂ ਦੇ ਰਾਜਪਾਲਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਉਪ ਰਾਜਪਾਲਾਂ ਨਾਲ ਤਾਲਮੇਲ ਕਰਦਾ ਹੈ, ਨੇ ਗੈਰ ਰਸਮੀ ਤੌਰ ’ਤੇ ਉਨ੍ਹਾਂ ਨੂੰ ਵਿਰੋਧੀ ਪਾਰਟੀਆਂ ਵਲੋਂ ਸ਼ਾਸਿਤ ਚੁਣੀਆਂ ਹੋਈਆਂ ਸਰਕਾਰਾਂ ਨਾਲ ਟਕਰਾਅ ਵਾਲਾ ਰਵੱਈਆ ਨਾ ਅਪਣਾਉਣ ਲਈ ਕਿਹਾ ਹੈ।
ਗ੍ਰਹਿ ਮੰਤਰਾਲਾ ਨੇ ਇਕ ਚਿੱਠੀ ਲਿਖ ਕੇ ਕਿਹਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਦੌਰਾਨ ਉਨ੍ਹਾਂ ਨੂੰ ਪੱਖਪਾਤੀ ਢੰਗ ਨਾਲ ਕੰਮ ਕਰਦੇ ਨਹੀਂ ਵੇਖਿਆ ਜਾਣਾ ਚਾਹੀਦਾ। ਸਿਰਫ਼ ਪੱਛਮੀ ਬੰਗਾਲ ਜਿੱਥੇ ਹਿੰਸਾ ਆਮ ਹੈ ਅਤੇ ਕਾਨੂੰਨ ਦੇ ਰਾਜ ਦੀ ਉਲੰਘਣਾ ਕੀਤੀ ਗਈ ਹੈ, ਦੇ ਰਾਜਪਾਲ ਨੂੰ ਚੌਕਸ ਰਹਿਣ ਅਤੇ ਲੋੜ ਪੈਣ ’ਤੇ ਸਖਤੀ ਕਰਨ ਲਈ ਕਿਹਾ ਗਿਆ ਹੈ। ਬਾਕੀ ਸੂਬਿਆਂ ਦੇ ਰਾਜਪਾਲਾਂ ਨੂੰ ਅਾਮ ਵਾਂਗ ਸਥਿਤੀ ਦੀ ਨਿਗਰਾਨੀ ਕਰਨੀ ਚਾਹੀਦੀ ਹੈ । ਕੋਈ ਕਾਰਵਾਈ ਕਰਨ ਤੋਂ ਪਹਿਲਾਂ ਮਾਮਲਾ ਗ੍ਰਹਿ ਮੰਤਰਾਲਾ ਦੇ ਧਿਆਨ ’ਚ ਲਿਆਉਣਾ ਚਾਹੀਦਾ ਹੈ।
ਗ੍ਰਹਿ ਮੰਤਰਾਲਾ ਦੀ ਇਹ ਚਿਤਾਵਨੀ ਤਾਮਿਲਨਾਡੂ ਦੇ ਰਾਜਪਾਲ ਆਰ. ਐੱਨ. ਰਵੀ ਵਿਰੁੱਧ ਸੁਪਰੀਮ ਕੋਰਟ ਵਲੋਂ ਪ੍ਰਗਟਾਏ ਸਖ਼ਤ ਵਿਚਾਰਾਂ ਦੇ ਸੰਦਰਭ ’ਚ ਆਈ ਹੈ, ਜਿਨ੍ਹਾਂ ਨੇ ਕਈ ਮਹੀਨਿਆਂ ਤੋਂ ਡੀ. ਐੱਮ. ਕੇ. ਸਰਕਾਰ ਵਲੋਂ ਪਾਸ ਕੀਤੇ ਗਏ ਕਈ ਬਿੱਲਾਂ ਨੂੰ ਰੋਕਿਆ ਹੋਇਆ ਸੀ।
ਕਰੀਬ 6 ਮਹੀਨੇ ਬਿੱਲ ਰੋਕ ਕੇ ਰੱਖਣ ਪਿੱਛੋਂ ਰਵੀ ਨੇ ਬਿੱਲ ਰਾਸ਼ਟਰਪਤੀ ਕੋਲ ਭੇਜ ਦਿੱਤੇ। ਅਜਿਹੇ ਰਾਜਪਾਲ ਵੀ ਹਨ ਜੋ ਵਿਰੋਧੀ ਧਿਰ ਵਲੋਂ ਸ਼ਾਸਿਤ ਸੂਬਿਆਂ ਨੂੰ ਸ਼ਰਮਿੰਦਾ ਕਰਨ ਲਈ ਬਿਆਨ ਦਿੰਦੇ ਰਹੇ ਹਨ ਜਾਂ ਕੰਮ ਕਰਦੇ ਰਹੇ ਹਨ।
ਇਕ ਅਪਵਾਦ ਕਰਨਾਟਕ ਦੇ ਰਾਜਪਾਲ ਥਾਵਰਚੰਦ ਗਹਿਲੋਤ ਹਨ ਜੋ ‘ਲੋਅ ਪ੍ਰੋਫਾਈਲ’ ਰੱਖਦੇ ਹਨ ਅਤੇ ਕਾਂਗਰਸ ਸ਼ਾਸਿਤ ਸਰਕਾਰ ਦੇ ਸਾਹਮਣੇ ਅੜਦੇ ਨਹੀਂ ਹਨ। ਇਹ ਕਾਫ਼ੀ ਹੈਰਾਨੀਜਨਕ ਸੀ ਜਦੋਂ ਓਡਿਸ਼ਾ ਦੇ ਰਾਜਪਾਲ ਰਘੁਬਰ ਦਾਸ ਨੇ ਸਪੱਸ਼ਟ ਤੌਰ ’ਤੇ ਸੰਕੇਤ ਦਿੱਤਾ ਕਿ ਬੀਜੂ ਜਨਤਾ ਦਲ ਸਰਕਾਰ ਵਲੋਂ ਉਨ੍ਹਾਂ ਨੂੰ ਸਾਧਾਰਨ ਨਹੀਂ ਸਮਝਣਾ ਚਾਹੀਦਾ।
ਦੀਵਾਲੀ ’ਤੇ ਸੀ. ਐੱਮ ਨਵੀਨ ਪਟਨਾਇਕ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਸ਼ਿਸ਼ਟਾਚਾਰ ਭਰੀ ਮੁਲਾਕਾਤ ਪਿੱਛੋਂ ਸਾਰਿਆਂ ਨੇ ਸੋਚਿਆ ਸੀ ਕਿ ਦਾਸ ਨਰਮ ਰੁਖ ਅਪਣਾਉਣਗੇ ਪਰ ਉਨ੍ਹਾਂ ਕੁਝ ਦਿਨ ਪਹਿਲਾਂ ਹੀ ਪਟਨਾਇਕ ਸਰਕਾਰ ਨੂੰ ਚਿੱਠੀ ਭੇਜ ਕੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ।
ਉਨ੍ਹਾਂ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਸੂਬੇ ਦੇ ਦੌਰੇ ਵੀ ਸ਼ੁਰੂ ਕਰ ਦਿੱਤੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਦਾਸ ਵੱਡੀ ਭੂਮਿਕਾ ਨਿਭਾਉਣ ਦਾ ਇਰਾਦਾ ਰੱਖਦੇ ਹਨ।