ਚੌਕੀ ਇੰਚਾਰਜ ਨੂੰ ''ਲੋਹੜੀ'' ਦਾ ਹਿਸਾਬ ਪੁੱਛਣਾ ਪਿਆ ਮਹਿੰਗਾ

01/17/2018 7:52:37 AM

ਲਾਂਬੜਾ, (ਵਰਿੰਦਰ)— ਥਾਣਾ ਲਾਂਬੜਾ ਅਧੀਨ ਆਉਂਦੀ ਪੁਲਸ ਚੌਕੀ ਮੰਡ ਦੇ ਇੰਚਾਰਜ ਏ. ਐੱਸ. ਆਈ. ਦਿਲਬਾਗ ਸਿੰਘ ਨੂੰ ਆਪਣੀ ਹੀ ਚੌਕੀ ਦੇ ਇਕ ਪੁਲਸ ਮੁਲਾਜ਼ਮ ਕੋਲੋਂ ਮੋਬਾਇਲ 'ਤੇ ਲੋਹੜੀ ਮੌਕੇ ਇਲਾਕੇ ਦੇ ਕੁੱਝ ਲੋਕਾਂ ਪਾਸੋਂ ਮਿਲੇ ਪੈਸਿਆਂ ਦਾ ਹਿਸਾਬ ਪੁੱਛਣਾ ਮਹਿੰਗਾ ਪੈ ਗਿਆ। ਪੈਸਿਆਂ ਦੀ ਲੈਣ-ਦੇਣ ਦੀ ਗੱਲਬਾਤ ਸਬੰਧੀ ਕਾਲ ਰਿਕਾਰਡਿੰਗ ਵਾਇਰਲ ਹੋ ਗਈ, ਜਿਸ ਤੋਂ ਬਾਅਦ ਮੰਡ ਚੌਕੀ ਇੰਚਾਰਜ ਦਿਲਬਾਗ ਸਿੰਘ ਖਿਲਾਫ ਥਾਣਾ ਲਾਂਬੜਾ 'ਚ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਅਜੇ ਫਰਾਰ ਦੱਸਿਆ ਜਾਂਦਾ ਹੈ। ਪੁਲਸ ਵਲੋਂ ਉਸ ਦੀ ਗ੍ਰਿਫਤਾਰੀ ਲਈ ਕੋਸ਼ਿਸ਼ ਜਾਰੀ ਹੈ।
ਚੌਕੀ ਦੇ ਹੀ ਮੁਲਾਜ਼ਮ ਦੀ ਸ਼ਿਕਾਇਤ 'ਤੇ ਹੋਇਆ ਕੇਸ ਦਰਜ
ਚੌਕੀ ਮੰਡ ਵਿਖੇ ਹੀ ਤਾਇਨਾਤ ਕੁਲਦੀਪ ਸਿੰਘ ਹੈੱਡ ਕਾਂਸਟੇਬਲ ਨੇ ਬਿਆਨ ਦਰਜ ਕਰਵਾਏ ਹਨ ਕਿ 14 ਜਨਵਰੀ ਨੂੰ ਉਹ ਚੌਕੀ 'ਚ ਮੌਜੂਦ ਸੀ ਤਾਂ ਸਿਪਾਹੀ ਹਰਜਿੰਦਰ ਸਿੰਘ (ਚੌਕੀ ਮੰਡ) ਨੇ ਆਪਣੇ ਮੋਬਾਇਲ 'ਤੇ ਚੌਕੀ ਇੰਚਾਰਜ ਦਿਲਬਾਗ ਸਿੰਘ ਨਾਲ ਹੋਈ ਕਰੀਬ 5 ਮਿੰਟ 2 ਸੈਕਿੰਡ ਦੀ ਆਡੀਓ ਸੁਣਾਈ, ਜਿਸ 'ਚ ਚੌਕੀ ਇੰਚਾਰਜ ਉਸ ਦਾ ਨਾਂ ਲੈ ਕੇ ਸਿਪਾਹੀ ਨੂੰ ਜਾਤੀ ਸੂਚਕ ਤੇ ਮਾੜੇ ਸ਼ਬਦਾਂ ਦੀ ਵਰਤੋਂ ਕਰਦਾ ਹੈ। ਸ਼ਿਕਾਇਤਕਰਤਾ ਵੱਲੋਂ ਆਡੀਓ ਦੀ ਇਕ ਸੀ. ਡੀ. ਪੁਲਸ ਨੂੰ ਸੌਂਪੀ ਗਈ ਹੈ।
ਚੌਕੀ ਇੰਚਾਰਜ ਪੁੱਛਦਾ ਕਿਸ ਤਰ੍ਹਾਂ ਦੀ ਰਹੀ ਲੋਹੜੀ, ਇਕ ਬੰਦਾ ਕਹਿੰਦਾ ਮੈਂ 6 ਹਜ਼ਾਰ ਦਿੱਤੇ 
ਵਾਇਰਲ ਹੋਈ ਆਡੀਓ ਵਿਚ ਚੌਕੀ ਇੰਚਾਰਜ ਚੌਕੀ ਮੁਲਾਜ਼ਮ ਪਾਸੋਂ ਪੁੱਛਦਾ ਕਿ ਕਿਸ ਤਰ੍ਹਾਂ ਦੀ ਰਹੀ ਲੋਹੜੀ, ਕੋਈ ਬੰਦਾ ਆਇਆ ਕਿ ਨਹੀਂ ਅੱਗੋਂ ਸਿਪਾਹੀ ਨੇ ਜਵਾਬ ਦਿੱਤਾ ਤਾਂ ਅੱਗੋਂ ਚੌਕੀ ਇੰਚਾਰਜ ਇਕ ਵਿਅਕਤੀ ਦਾ ਨਾਂ ਲੈ ਕੇ ਕਹਿੰਦਾ ਕਿ ਉਸਦਾ ਮੈਨੂੰ ਫੋਨ ਆਇਆ ਸੀ, ਉਹ ਕਹਿੰਦਾ ਮੈਂ 6 ਹਜ਼ਾਰ ਰੁਪਏ ਚੌਕੀ ਮੁਲਾਜ਼ਮ ਨੂੰ ਦਿੱਤੇ ਹਨ। ਚੌਕੀ ਇੰਚਾਰਜ ਫਿਰ ਇਕ ਹੋਰ ਵਿਅਕਤੀ ਦਾ ਨਾਂ ਲੈ ਕੇ ਕਹਿੰਦਾ ਕਿ ਲੋਹੜੀ 'ਤੇ ਤੁਸੀਂ ਉਸ ਦੇ ਵੀ ਘਰ ਗਏ ਸੀ। ਮੈਂ ਤਾਂ ਯੂ. ਪੀ. ਵਿਚ ਹਾਂ ਪਰ ਮੈਨੂੰ ਸਾਰਾ ਪਤਾ ਹੈ ਕਿ ਇਥੇ ਕੌਣ ਕੀ ਕਰ ਰਿਹਾ ਹੈ।
ਯੂ. ਪੀ. ਗਿਆ ਸੀ ਰੇਡ ਮਾਰਨ ਉਥੋਂ ਹੀ ਕੀਤਾ ਸੀ ਮੁਲਾਜ਼ਮ ਨੂੰ ਫੋਨ 
ਚੌਕੀ ਇੰਚਾਰਜ ਕਿਸੇ ਕੇਸ ਦੇ ਸਬੰਧ 'ਚ ਯੂ. ਪੀ. ਵਿਖੇ ਰੇਡ ਕਰਨ ਲਈ ਗਿਆ ਹੋਇਆ ਸੀ। ਉਸ ਨੇ ਉਥੋਂ ਹੀ ਸਿਪਾਹੀ ਹਰਜਿੰਦਰ ਸਿੰਘ ਨੂੰ ਫੋਨ ਕੀਤਾ ਸੀ।
ਡਿਊਟੀ ਤੋਂ ਗੈਰ ਹਾਜ਼ਰ
ਦਿਲਬਾਗ ਸਿੰਘ ਏ. ਐੱਸ. ਆਈ. ਬੀਤੀ ਰਾਤ ਹੀ ਯੂ. ਪੀ. ਤੋਂ ਰੇਡ ਕਰ ਕੇ ਵਾਪਸ ਆਇਆ ਸੀ। ਉਸ ਤੋਂ ਬਾਅਦ ਉਸ 'ਤੇ ਪਰਚਾ ਦਰਜ ਹੋ ਗਿਆ ਤੇ ਉਹ ਡਿਊਟੀ ਤੋਂ ਗੈਰ-ਹਾਜ਼ਰ ਰਿਹਾ ਤੇ ਫਰਾਰ ਹੋ ਗਿਆ।
ਚੌਕੀ 'ਚੋਂ ਹੀ ਹੋਈ ਵਾਇਰਲ ਆਡੀਓ
ਇਹ ਆਡੀਓ ਚੌਕੀ ਵਿਚੋਂ ਹੀ ਵਾਇਰਲ ਹੋਈ ਹੈ। ਸ਼ਿਕਾਇਤਕਰਤਾ ਨੇ ਇਹ ਆਡੀਓ ਸਿਪਾਹੀ ਹਰਜਿੰਦਰ ਦੇ ਮੋਬਾਇਲ ਤੋਂ ਆਪਣੇ ਮੋਬਾਇਲ 'ਤੇ ਟਰਾਂਸਫਰ ਕਰ ਲਈ ਤੇ ਇਹ ਫਿਰੋਜ਼ ਪਿੰਡ ਦੇ ਸਰਪੰਚ ਗੁਰਮੇਜ ਥਾਪਰ ਦੇ ਮੋਬਾਇਲ 'ਤੇ ਭੇਜ ਦਿੱਤੀ। ਇਸ ਤੋਂ ਬਾਅਦ ਇਹ ਆਡੀਓ ਵਾਇਰਲ ਹੋ ਗਈ।
ਚੌਕੀ ਇੰਚਾਰਜ 'ਤੇ ਕੇਸ ਦਰਜ ਕਰਨ ਨਾਲ ਹੀ ਕੀ ਕਰਵਾਈ ਪੂਰੀ ਹੋ ਗਈ?
ਇਸ ਕੇਸ ਸਬੰਧੀ ਇਲਾਕੇ ਦੇ ਅਨੇਕਾਂ ਲੋਕਾਂ ਦਾ ਕਹਿਣਾ ਹੈ ਕਿ ਸਿਰਫ ਚੌਕੀ ਇੰਚਾਰਜ 'ਤੇ ਹੀ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਕੇ ਪੁਲਸ ਦੀ ਕਾਰਵਾਈ ਪੂਰੀ ਨਹੀਂ ਹੁੰਦੀ। ਲੋਕਾਂ ਦਾ ਕਹਿਣਾ ਹੈ ਕਿ ਇਸ ਕੇਸ ਵਿਚ ਜੋ ਪੁਲਸ ਮੁਲਾਜ਼ਮ ਲੋਕਾਂ ਦੇ ਘਰਾਂ 'ਚ ਜਾ ਕੇ ਲੋਹੜੀ ਦੇ ਪੈਸੇ ਵਸੂਲ ਰਹੇ ਹਨ ਜਾਂ ਜਿਨ੍ਹਾਂ ਨੇ ਲੋਕਾਂ ਕੋਲੋਂ ਨਕਦੀ ਹਾਸਲ ਕੀਤੀ ਹੈ। ਪੁਲਸ ਉਨ੍ਹਾਂ ਖਿਲਾਫ ਵੀ ਕਾਰਵਾਈ ਕਰੇ।


Related News