ਸੁਖਬੀਰ ਦੇ ਬਿਆਨ-''ਕਾਂਗਰਸ ਨੂੰ ਰਾਜ ਟੈਂਪਰੇਰੀ ਦਿੱਤਾ'' ਨਾਲ ਅਕਾਲੀ ਸ਼ਸ਼ੋਪੰਜ ''ਚ

08/18/2017 12:55:16 AM

ਲੁਧਿਆਣਾ  (ਮੁੱਲਾਂਪੁਰੀ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੰਨੇ ਲਾਗੇ ਈਸੜੂ ਦੀ ਵਿਸ਼ਾਲ ਕਾਨਫਰੰਸ 'ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ 'ਚ ਕਾਂਗਰਸ ਪਾਰਟੀ ਨੂੰ ਟੈਂਪਰੇਰੀ ਰਾਜ ਦਿੱਤਾ ਹੈ ਜਦੋਂ ਕਿ ਰਾਜ ਤਾਂ ਪੰਜ ਸਾਲਾ ਬਾਅਦ ਫਿਰ ਸ਼੍ਰੋਮਣੀ ਅਕਾਲੀ ਦਲ ਬਾਦਲ 20 ਸਾਲ ਕਰੇਗਾ। ਇਸ ਬਿਆਨ ਨੂੰ ਲੈ ਕੇ ਅੱਜ ਰਾਜਸੀ ਹਲਕਿਆਂ 'ਚ ਚਰਚਾ ਰਹੀ ਕਿ ਜੇਕਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪ ਹੀ ਕਹਿ ਰਹੇ ਹਨ ਕਿ ਅਸੀਂ ਪੰਜਾਬ ਦਾ ਰਾਜ ਭਾਗ ਕਾਂਗਰਸ ਨੂੰ ਆਪ ਹੀ ਦਿੱਤਾ ਹੈ ਤਾਂ ਕਾਂਗਰਸ ਦੇ ਰਾਜ ਦਾ ਵਿਰੋਧ ਕਰਨ ਦਾ ਸਾਨੂੰ ਕੀ ਹੱਕ ਹੈ। ਇਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਵਰਕਰ ਆਪਣੇ ਪ੍ਰਧਾਨ ਦੀ ਬਿਆਨਬਾਜ਼ੀ ਤੋਂ ਖਫਾ ਹੋਏ ਹੁਣ ਸ਼ਸ਼ੋਪੰਜ 'ਚ ਦੱਸੇ ਜਾ ਰਹੇ ਹਨ ਕਿ ਅਸੀਂ ਕਾਂਗਰਸ ਨਾਲ ਰਾਜਸੀ ਤੌਰ 'ਤੇ ਦੋ ਹੱਥ ਕਰਨ ਦੀ ਤਿਆਰੀ ਕਰ ਰਹੇ ਹਾਂ ਸਾਡਾ ਪ੍ਰਧਾਨ ਕੁਝ ਹੋਰ ਹੀ ਕਹਿ ਰਿਹਾ ਹੈ।
ਇਥੇ ਹੀ ਬੱਸ ਨਹੀਂ ਲੰਘੇ ਕੱਲ ਲੁਧਿਆਣਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਦੋ ਧੜ੍ਹਿਆਂ ਨੇ ਮੀਟਿੰਗਾਂ ਕਰ ਕੇ ਕਾਂਗਰਸ ਖਿਲਾਫ ਜੇਹਾਦ ਛੇੜਨ 'ਤੇ ਪੂਰੀ ਤਰ੍ਹਾਂ ਤਿਆਰੀ ਤੇ ਕਾਂਗਰਸ ਦੇ ਹਰ ਮੁਕਾਬਲੇ ਦਾ ਜਵਾਬ ਦੇਣ ਦੀ ਗੱਲ ਕਹੀ ਸੀ ਪਰ ਹੁਣ ਪਾਰਟੀ ਪ੍ਰਧਾਨ ਦੀ ਇਹ ਬਿਆਨਬਾਜ਼ੀ ਕਿ ਅਸੀਂ ਤਾਂ ਕਾਂਗਰਸ ਨੂੰ ਟੈਂਪਰੇਰੀ ਰਾਜ ਦਿੱਤਾ ਹੈ, ਇਸ ਨੂੰ ਲੈ ਕੇ ਅਕਾਲੀ ਵਰਕਰ ਆਪਣੇ ਆਗੂਆਂ ਨੂੰ ਕਹਿਣ ਲੱਗ ਪਏ ਹਨ ਦੱਸੋਂ ਭਾਈ ਆਪਾਂ ਕਾਂਗਰਸ ਹਤੈਸ਼ੀ ਹਾਂ ਜਾਂ ਵਿਰੋਧੀ।

Related News