ਪੰਜਾਬ 'ਚ 'ਕੱਛੂ ਦੀ ਚਾਲ' ਨਾਲ ਚੱਲ ਰਿਹਾ ਚੋਣ ਪ੍ਰਚਾਰ, ਕਈ ਸੀਟਾਂ 'ਤੇ ਸ਼ਸ਼ੋਪੰਜ; ਉਮੀਦਵਾਰਾਂ ਨੂੰ ਖਰਚੇ ਦਾ ਵੀ ਡਰ
Tuesday, Apr 02, 2024 - 01:30 PM (IST)
ਜਲੰਧਰ (ਧਵਨ)– ਪੰਜਾਬ ’ਚ ਲੋਕ ਸਭਾ ਚੋਣਾਂ ਲੜਨ ਵਾਲੇ ਉਮੀਦਵਾਰਾਂ ਨੇ ‘ਕੱਛੂ ਦੀ ਚਾਲ’ ਨਾਲ ਆਪਣੀ ਮੁਹਿੰਮ ਸ਼ੁਰੂ ਕੀਤੀ ਹੈ। ਪੰਜਾਬ ’ਚ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣੀਆਂ ਹਨ। ਵੋਟਾਂ ’ਚ ਲਗਭਗ 2 ਮਹੀਨਿਆਂ ਦਾ ਸਮਾਂ ਹੋਣ ਕਾਰਨ ਉਮੀਦਵਾਰ ਬਹੁਤੀ ਜਲਦਬਾਜ਼ੀ ’ਚ ਨਹੀਂ ਹਨ ਅਤੇ ਉਹ ਫਿਲਹਾਲ ਰੋਜ਼ਾਨਾ 2 ਤੋਂ 3 ਬੈਠਕਾਂ ਹੀ ਕਰ ਰਹੇ ਹਨ। ਉਮੀਦਵਾਰਾਂ ਨੂੰ ਪਤਾ ਹੈ ਕਿ ਜੇਕਰ ਸ਼ੁਰੂਆਤ ’ਚ ਜ਼ਿਆਦਾ ਤੇਜ਼ੀ ਦਿਖਾਈ ਤਾਂ ਆਖਰੀ ਸਮੇਂ ’ਚ ਸਾਹ ਫੁੱਲਣਾ ਸ਼ੁਰੂ ਹੋ ਜਾਵੇਗਾ। ਇਸ ਨੂੰ ਦੇਖਦੇ ਹੋਏ ਵੱਡੇ ਨੇਤਾਵਾਂ ਦੀ ਹੁਣ ਤਕ ਕੋਈ ਵੀ ਵੱਡੀ ਬੈਠਕ ਨਹੀਂ ਹੋਈ ਹੈ। ਉੱਥੇ ਹੀ ਨੇਤਾਵਾਂ ਨੇ ਆਪਣੇ ਉਮੀਦਵਾਰਾਂ ਨੂੰ ਸੰਦੇਸ਼ ਦਿੱਤਾ ਹੈ ਕਿ ਅਜੇ ਉਹ ਆਪਣੇ ਪੱਧਰ ’ਤੇ ਹੀ ਵਰਕਰਾਂ ਨੂੰ ਗਤੀਸ਼ੀਲ ਕਰਨ ਲਈ ਉਨ੍ਹਾਂ ਨਾਲ ਰੂ-ਬ-ਰੂ ਹੋ ਕੇ ਬੈਠਕਾਂ ਕਰਨ।
ਇਹ ਖ਼ਬਰ ਵੀ ਪੜ੍ਹੋ - ਘਰ ਦੇ ਬਾਹਰ ਖੇਡ ਰਹੇ 4 ਸਾਲਾ ਬੱਚੇ ਨੂੰ ਪਿੱਟਬੁੱਲ ਕੁੱਤੇ ਨੇ ਨੋਚਿਆ, ਮਾਂ-ਪੁੱਤ ਖ਼ਿਲਾਫ਼ ਪਰਚਾ ਦਰਜ
ਅਜੇ ਤਕ ਅਕਾਲੀ ਦਲ ਨੇ ਇਕ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਉਮੀਦਵਾਰਾਂ ਦਾ ਐਲਾਨ ਕਰਨ ’ਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰੀ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਦੇ ਲਗਭਗ 8 ਉਮੀਦਵਾਰ ਐਲਾਨ ਦਿੱਤੇ ਸਨ। ਉਸ ਤੋਂ ਬਾਅਦ ਇਕ ਉਮੀਦਵਾਰ ਸੁਸ਼ੀਲ ਰਿੰਕੂ ਭਾਜਪਾ ’ਚ ਸ਼ਾਮਲ ਹੋ ਗਿਆ ਸੀ। ਇਸੇ ਤਰ੍ਹਾਂ ਭਾਜਪਾ ਨੇ ਵੀ ਪੰਜਾਬ ’ਚ ਆਪਣੇ 6 ਉਮੀਦਵਾਰ ਐਲਾਨ ਦਿੱਤੇ ਹਨ।
ਕਾਂਗਰਸ ਨੇ ਅਜੇ ਤਕ ਅਕਾਲੀ ਦਲ ਦੀ ਤਰ੍ਹਾਂ ਹੀ ਆਪਣਾ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ। ਕੁਲ ਮਿਲਾ ਕੇ ਉਮੀਦਵਾਰਾਂ ਨੂੰ ਲੈ ਕੇ ਵੱਖ-ਵੱਖ ਸੀਟਾਂ ’ਤੇ ਅਜੇ ਵੀ ਸ਼ਸ਼ੋਪੰਜ ਦੀ ਸਥਿਤੀ ਬਣੀ ਹੋਈ ਹੈ। ਇਸ ਲਈ ਜੋ ਉਮੀਦਵਾਰ ਚੋਣ ਮੈਦਾਨ ’ਚ ਆ ਗਏ ਹਨ, ਉਹ ਹੁਣ ਸਿਰਫ ਵਰਕਰਾਂ ਨਾਲ ਹੀ ਤਾਲਮੇਲ ਕਰ ਰਹੇ ਹਨ। ਜਨਤਾ ਵਿਚ ਜਾਣ ਦਾ ਰੁਝਾਨ ਅਜੇ ਸ਼ੁਰੂ ਨਹੀਂ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਸਸਤਾ ਹੋਇਆ LPG ਸਿਲੰਡਰ, ਜਾਣੋ ਕਿੰਨੀ ਘਟੀ ਕੀਮਤ
ਲੰਬਾ ਚੋਣ ਸਫ਼ਰ ਅਤੇ ਆਉਣ ਵਾਲੇ ਸਮੇਂ ’ਚ ਵਧਦੀ ਗਰਮੀ ਵੀ ਉਮੀਦਵਾਰਾਂ ਦਾ ਇਸ ਵਾਰ ਕਾਫੀ ਪਸੀਨਾ ਵਹਾਏਗੀ। 1 ਜੂਨ ਤਕ ਤਾਂ ਤਾਪਮਾਨ 40 ਡਿਗਰੀ ਨੂੰ ਪਾਰ ਕਰ ਜਾਵੇਗਾ। ਲੰਬਾ ਚੋਣ ਸਫਰ ਹੋਣ ਕਾਰਨ ਉਮੀਦਵਾਰਾਂ ਨੂੰ ਚੋਣ ਖਰਚਾ ਵਧਣ ਦਾ ਵੀ ਡਰ ਸਤਾ ਰਿਹਾ ਹੈ। ਵਰਕਰਾਂ ਵੱਲੋਂ ਵੀ ਚੋਣ ਸਫਰ ’ਚ ਉਮੀਦਵਾਰਾਂ ਵੱਲ ਵੇਖਿਆ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਮੰਗਾਂ ਵੀ ਦਿਨ-ਬ-ਦਿਨ ਵਧਦੀਆਂ ਜਾਂਦੀਆਂ ਹਨ। ਚੋਣ ਬੈਠਕਾਂ ਕਰਨ ਅਤੇ ਉਨ੍ਹਾਂ ਲਈ ਖਰਚੇ ਦਾ ਪ੍ਰਬੰਧ ਵੀ ਉਮੀਦਵਾਰਾਂ ਨੂੰ ਹੀ ਕਰਨਾ ਪੈਂਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8