ਦੋ ਲੱਖ ਰੁਪਏ ਦਾ ਗਬਨ ਕਰਨ ਵਾਲੇ 2 ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ

10/19/2017 3:56:26 AM

ਸ੍ਰੀ ਕੀਰਤਪੁਰ ਸਾਹਿਬ, (ਬਾਲੀ)- ਥਾਣਾ ਸ੍ਰੀ ਕੀਰਤਪੁਰ ਸਾਹਿਬ ਵਿਖੇ ਸਕਿਓਰਿਟੀਅਨ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਦੋ ਮੁਲਾਜ਼ਮਾਂ ਖ਼ਿਲਾਫ਼   ਐੱਚ.ਡੀ.ਐੱਫ.ਸੀ. ਏ.ਟੀ.ਐੱਮ. ਸ੍ਰੀ ਕੀਰਤਪੁਰ ਸਾਹਿਬ 'ਚ ਦੋ ਲੱਖ ਰੁਪਏ ਘੱਟ ਪਾ ਕੇ ਕੰਪਨੀ ਨਾਲ ਗਬਨ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। 
ਜਾਂਚ ਅਧਿਕਾਰੀ ਏ.ਐੱਸ.ਆਈ ਦੀਪਕ ਕੁਮਾਰ ਨੇ ਦੱਸਿਆ ਕਿ ਪੁਲਸ ਨੂੰ ਦੀਪਕ ਸ਼ਰਮਾ ਪੁੱਤਰ ਹਰੀ ਕ੍ਰਿਸ਼ਨ ਵਾਸੀ ਵਾਰਡ ਨੰਬਰ 18 ਨੇੜੇ ਸ਼ਿਵ ਮੰਦਿਰ ਮੋਜੇਵਾਲ ਥਾਣਾ ਨੰਗਲ ਨੇ ਦੱਸਿਆ ਕਿ ਉਹ ਸਕਿਓਰਿਟੀਅਨ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਵਿਚ ਕੰਮ ਕਰਦਾ ਹੈ। ਸਰਕਾਰੀ ਅਤੇ ਪ੍ਰਾਈਵੇਟ ਬੈਂਕ ਦੇ ਏ.ਟੀ.ਐੱਮਜ਼ ਵਿਚ ਸਾਡੀ ਕੰਪਨੀ ਵੱਲੋਂ ਕੈਸ਼ ਲੋਡ ਕੀਤਾ ਜਾਂਦਾ ਹੈ। ਮੈਂ ਕੰਪਨੀ ਦੇ ਊਨਾ ਹੱਬ ਵਿਚ ਜਿਹੜੇ ਏ.ਟੀ.ਐੱਮਜ਼ ਆਉਂਦੇ ਹਨ, ਉਨ੍ਹਾਂ ਦਾ ਇੰਚਾਰਜ ਹਾਂ। ਇਨ੍ਹਾਂ ਏ.ਟੀ.ਐੱਮਜ਼ ਵਿਚ ਪੈਸੇ ਪਾਉਣ ਲਈ ਸਾਡੀ ਕੰਪਨੀ ਵੱਲੋਂ ਪਵਨ ਕੁਮਾਰ ਪੁੱਤਰ ਪ੍ਰਭਾਤ ਕੁਮਾਰ ਵਾਸੀ ਸ਼੍ਰੀ ਨੈਣਾ ਦੇਵੀ ਜ਼ਿਲਾ ਬਿਲਾਸਪੁਰ (ਹਿ.ਪ੍ਰ) ਅਤੇ ਰਾਜਨ ਪ੍ਰਭਾਕਰ ਪੁੱਤਰ ਰਘੁਵਿੰਦਰ ਪ੍ਰਭਾਕਰ ਵਾਸੀ ਸੈਕਟਰ ਦੋ ਨਯਾ ਨੰਗਲ ਜ਼ਿਲਾ ਰੂਪਨਗਰ ਨੂੰ ਮੁਲਾਜ਼ਮ ਰੱਖਿਆ ਹੋਇਆ ਸੀ।
14 ਦਸੰਬਰ 2016 ਨੂੰ ਐੱਚ.ਡੀ.ਐੱਫ.ਸੀ. ਦੇ ਏ.ਟੀ.ਐੱਮ ਸ੍ਰੀ ਕੀਰਤਪੁਰ ਸਾਹਿਬ ਦਾ ਜਦੋਂ ਆਡਿਟ ਹੋਇਆ ਤਾਂ 2 ਲੱਖ ਰੁਪਏ ਕੈਸ਼ ਘੱਟ ਹੋਣ ਦੀ ਗੱਲ ਸਾਹਮਣੇ ਆਈ, ਜਿਸ ਦਾ ਗਬਨ ਉਕਤ ਦੋਵੇਂ ਮੁਲਾਜ਼ਮਾਂ ਨੇ ਕੀਤਾ ਹੈ। ਪੁਲਸ ਵੱਲੋਂ ਦੋਵੇਂ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਭਾਲ ਤੇਜ਼ ਕਰ ਦਿੱਤੀ ਗਈ ਹੈ।


Related News