ਮੁੰਬਈ ਦੇ ਓਬਰਾਏ 'ਚ ਵਿਕ ਰਹੇ ਸਨ ਲੂਈ ਵਯੁਟੌਨ ਦੇ ਨਕਲੀ ਉਤਪਾਦ, 2 ਗ੍ਰਿਫਤਾਰ

01/18/2018 3:50:40 AM

ਮੁੰਬਈ— ਜੇਕਰ ਤੁਸੀਂ ਹਾਲ ਹੀ 'ਚ ਹੋਟਲ ਓਬਰਾਏ 'ਚੋਂ ਲਗਜ਼ਰੀ ਬੈਗ ਖਰੀਦੇ ਹਨ ਤਾਂ ਇਹ ਬੈਗ ਨਕਲੀ ਹੋ ਸਕਦੇ ਹਨ। ਮੁੰਬਈ ਦੇ ਨਰੀਮਨ ਪੁਆਇੰਟ ਸਥਿਤ ਹੋਟਲ ਓਬਰਾਏ 'ਚੋਂ ਲੂਈ ਵਯੁਟੌਨ (ਐੱਲ. ਵੀ.) ਦੇ ਨਕਲੀ 62 ਬੈਗ ਬਰਾਮਦ ਕੀਤੇ ਹਨ। ਇਸ ਸਬੰਧ 'ਚ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਵਿਅਕਤੀਆਂ ਦੀ ਪਛਾਣ ਘਨਸ਼ਾਮ ਕਹਰ ਅਤੇ ਹਰੀ ਪ੍ਰਸਾਦ ਜੈਸਵਾਲ ਦੇ ਤੌਰ 'ਤੇ ਹੋਈ ਹੈ। ਇਹ ਦੋਵੇਂ ਦੋਸ਼ੀ ਓਬਰਾਏ ਹੋਟਲ ਅੰਦਰ ਨਕਲੀ ਬੈਗ ਵੇਚ ਰਹੇ ਸਨ। ਇਨ੍ਹਾਂ ਬੈਗਾਂ ਦਾ ਨਿਰਮਾਣ ਵੀ ਹੋਟਲ ਦੇ ਨੇੜੇ ਇਕ ਸਟੋਰ 'ਚ ਕੀਤਾ ਜਾ ਰਿਹਾ ਸੀ। ਹੋਟਲ ਅੰਦਰ ਛਾਪਾ ਮਾਰਨ ਵਾਲੀ ਏਜੰਸੀ ਇਨਫੋਰਸਸ ਆਫ ਇੰਟਲੈਕਚੂਅਲ ਪ੍ਰਾਪਰਟੀ ਰਾਈਟਸ (ਈ. ਆਈ. ਪੀ. ਆਰ.) ਦੇ ਅਧਿਕਾਰੀਆਂ ਨੇ ਬੈਗ ਬਣਾਉਣ ਵਾਲਾ ਮਟੀਰੀਅਲ ਅਤੇ ਮਨੂਗ੍ਰਾਮਡ, ਕੱਚਾ ਮਾਲ, ਨਕਲੀ ਬੈਗ, ਕਲੱਚ, ਬੈਲਟਸ ਅਤੇ ਪਰਸ ਵੀ ਬਰਾਮਦ ਕੀਤੇ। ਛਾਪਾ ਮਾਰਨ ਵਾਲੀ ਟੀਮ ਦੇ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਪਨੀ ਵੱਲੋਂ ਹੋਟਲ 'ਚ ਵਿਕ ਰਹੇ ਐੱਲ. ਵੀ. ਦੇ ਨਕਲੀ ਮਾਲ ਦੀ ਜਾਂਚ ਕਰਨ ਦੀ ਦਰਖਾਸਤ ਆਈ ਸੀ, ਜਿਸ 'ਤੇ ਕਾਰਵਾਈ ਕੀਤੀ ਗਈ ਹੈ।
ਕਿਵੇਂ ਹੋਇਆ ਖੁਲਾਸਾ
ਦਰਅਸਲ ਫਰਾਂਸ ਦੀ ਕੰਪਨੀ ਲੂਈ ਵਯੁਟੌਨ ਆਪਣੇ ਮਹਿੰਗੇ ਲਗਜ਼ਰੀ ਉਤਪਾਦਾਂ ਕਰ ਕੇ ਜਾਣੀ ਜਾਂਦੀ ਹੈ ਤੇ ਕੰਪਨੀ ਦੇ ਇਕ ਬੈਗ ਦੀ ਕੀਮਤ ਲੱਖਾਂ ਰੁਪਏ 'ਚ ਹੁੰਦੀ ਹੈ, ਉਂਝ ਲੋਕਾਂ ਨੇ ਮੁੰਬਈ ਦੇ ਇਸ ਹੋਟਲ 'ਚੋਂ ਬੈਗ ਖਰੀਦੇ ਸਨ ਅਤੇ ਲੋਕਾਂ ਨੂੰ ਇਨ੍ਹਾਂ ਬੈਗਾਂ ਦੀ ਕੁਆਲਟੀ 'ਤੇ ਸ਼ੱਕ ਹੋਇਆ ਅਤੇ ਗਾਹਕਾਂ ਨੂੰ ਜਦੋਂ ਬੈਗ ਨਕਲੀ ਜਾਪੇ ਤਾਂ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਕੰਪਨੀ ਦੇ ਪੈਰਿਸ 'ਚ ਸਥਿਤੀ ਹੈੱਡ ਕੁਆਰਟਰ ਨੂੰ ਕੀਤੀ।
ਕੰਪਨੀ ਨੇ ਸ਼ਿਕਾਇਤ 'ਤੇ ਤੁਰੰਤ ਕਰਵਾਈ ਕਰਦੇ ਹੋਏ ਭਾਰਤ 'ਚ ਈ. ਆਈ. ਪੀ. ਆਰ. ਨਾਲ ਸੰਪਰਕ ਕੀਤਾ। ਈ. ਆਈ. ਪੀ. ਆਰ. ਨੇ ਆਪਣੇ ਨਕਲੀ ਗਾਹਕ ਭੇਜ ਕੇ ਓਬਰਾਏ ਹੋਟਲ ਅੰਦਰ ਚੱਲ ਰਹੇ ਨਕਲੀ ਬੈਗਾਂ ਦੇ ਧੰਦੇ ਦਾ ਪਰਦਾਫਾਸ਼ ਕਰਨ ਤੋਂ ਬਾਅਦ ਪੁਲਸ ਨੂੰ ਇਸ ਦੀ ਸੁਚਨਾ ਦਿੱਤੀ।

ਡੀ. ਸੀ. ਪੀ. ਮਨੋਜ ਕੁਮਾਰ ਜ਼ੋਨ ਵਨ ਦਾ ਕਹਿਣਾ ਹੈ ਕਿ ਓਬਰਾਏ ਹੋਟਲ ਅੰਦਰ ਦੁਕਾਨਦਾਰ ਐੱਲ. ਵੀ. ਦੇ ਨਕਲੀ ਉਤਪਾਦ ਵੇਚ ਰਹੇ ਸਨ। ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਇੰਡੀਅਨ ਕਾਪੀ ਰਾਈਟਸ ਐਕਟ ਦੀ ਧਾਰਾ 51 ਅਤੇ 63 ਤਹਿਤ ਦੋ ਮਾਮਲੇ ਦਰਜ ਕੀਤੇ ਗਏ ਹਨ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 
ਉਥੇ ਹੀ ਹੋਟਲ ਦੇ ਇਕ ਅਧਿਕਾਰੀ ਨੇ ਕਿਹਾ ਕਿ ਹੋਟਲ ਅੰਦਰ ਚਲਾਈ ਜਾ ਰਹੀ ਇਹ ਦੁਕਾਨ ਇਕ ਨਿੱਜੀ ਦੁਕਾਨ ਹੈ ਅਤੇ ਹੋਟਲ ਦਾ ਇਸ ਪੂਰੇ ਮਾਮਲੇ 'ਚ ਕੋਈ ਲੈਣਾ-ਦੇਣਾ ਨਹੀਂ ਹੈ।


Related News