ਟਿਕਟ

12/04/2017 4:09:09 PM

ਤੂੰ
ਮੇਰੇ ਕੋਲ ਹੁੰਦੀ ਏ
ਜਦੋਂ
ਭਰੀ ਬੱਸ ਵਿੱਚ ਵੀ
ਮੇਰੇ ਨਾਲ ਹੋਰ ਕੋਈ ਨਹੀ ਹੁੰਦਾ,
ਤੇ ਜਦੋਂ;
ਤੂੰ ਹੁੰਦੀ ਏ
ਮੇਰੇ ਨਾਲ
. . . ਤਾਂ
ਬੱਸ ਵਿੱਚ
ਹੋਰ ਕੋਈ ਨਹੀ ਹੁੰਦਾ
ਤੇਰੇ ਤੇ ਮੇਰੇ ਸਿਵਾਏ !!!

ਜ਼ਿੰਦਗੀ ਦਾ ਸਫ਼ਰ
ਇੰਝ ਹੀ ਕਟ ਰਿਹਾ ਹੈ
ਲਮਹਾ-ਲਮਹਾ ਕਰ
. . . ਤੇਰੇ ਨਾਲ

ਪਰ. . .

'ਮੇਰੀ ਵਿਡੰਬਨਾ'
ਮੇਰੇ ਕੋਲ
ਕੁੱਝ ਵੀ ਨਹੀ ਹੁੰਦਾ
ਟਿਕਟ ਦੀ
ਖਾਲੀ ਪਿੱਠ ਤੋਂ ਬਿਨ੍ਹਾਂ
ਤੇਰੇ ਨਕਸ਼ਾਂ ਨੂੰ
ਉਤਾਰਨ ਲਈ ੰ

ਹਰ ਹਾਲ
ਮੇਰੇ ਦਿਲ ਦੇ ਵਿਹੜੇ
ਧੜਕਦੀ ਹੀ ਰਹਿੰਦੀ ਏ ;
ਧੜਕਣ ਬਣ ਕਿ . . . ,
ਸਾਹਾਂ ਵਿੱਚ
ਮਹਿਕਦੀ ਹੀ ਰਹਿੰਦੀ ਏ ;
ਖੁਸ਼ਬੋ ਬਣ ਕਿ . . . ,
ਜ਼ਿੰਦਗੀ ਦੇ ਵਿਰਾਨਿਆਂ ਵਿੱਚ
ਮੌਲਦੀ ਹੀ ਰਹਿੰਦੀ ਏ;
ਰੌਣਕ ਬਣ ਕੇ।

ਐਪਰ ; ਹੁਣ ਜਦਕਿ
ਗੂੰਗੇ ਦੀਆਂ ਗੱਲਾਂ
ਉਹਦੀ ਮਾਂ ਨੂੰ ਵੀ
ਸਮਝ ਆਉਣੋਂ ਹਟ ਗਈਆਂ ਨੇ
 ਤਾਂ ਜੇ . . .
ਤੂੰ ਵੀ
ਕਿਧਰੇ ਚਲੀ ਹੀ ਜਾਵੇਂ
. . . ਤਾਂ ਸ਼ਾਇਦ ਚੰਗਾ ਹੈ ।

ਆਹ ਲੈ
'ਮੇਰਾ ਬੇਦਾਵਾ'
ਡੁੱਬ ਰਹੇ ਜਹਾਜ਼ ਨੂੰ
ਅਪਣੇ ਪਿਆਰ ਦੇ
ਬਾਦਵਾਨ ਤੋਂ
ਮਹਿਰੂਮ ਹੀ ਰੱਖੇ
. . . ਤਾਂ ਸ਼ਾਇਦ ਚੰਗਾ ਹੈ।

ਛੱਡ ਪਰ੍ਹਾਂ . . .
ਮੇਰੀਆਂ ਅਵਾਰਾ ਸੋਚਾਂ 'ਤੇ
ਗੌਰ ਫਰਮਾਉਣਾਂ।

ਸ਼ਹਿਰ ਦੇ ਸਭਿਆ
ਲੋਕਾਂ ਵਿੱਚ ਰਹਿੰਦਿਆਂ
ਤੇ ਯੂਨੀਵਰਸਿਟੀਆਂ ਦੇ
ਵਿਦਵਾਨਾਂ ਦੀ ਬੋਲੀ ਸਿੱਖਦਿਆਂ
ਤੂੰ ਤੁਰਨਾ ਵੀ
ਸਿੱਖ ਲਵੇਂ ਤਾਂ ਚੰਗਾ ਹੈ;
ਨਹੀ-ਨਹੀ
ਤੂੰ ਤੁਰਨਾ ਸਿੱਖੇ
ਬਸ ਤਾਂ ਹੀ ਤਾਂ ਚੰਗਾ ਹੈ ।
(ਗਗਨਦੀਪ ਸਿੰਘ ਸੰਧੂ)
(+917589431402)



 


Related News