ਜਿਨ੍ਹਾਂ ਨੇਤਾਵਾਂ ਦੀ ਟਿਕਟ ਕੱਟੀ ਗਈ, ਉਨ੍ਹਾਂ ਨੂੰ ਵੀ ਮਨਾਉਣਾ ਜਾਣਦੀ ਹੈ ਭਾਜਪਾ

Friday, Apr 05, 2024 - 12:25 PM (IST)

ਨਵੀਂ ਦਿੱਲੀ- ਜਿਨ੍ਹਾਂ 100 ਭਾਜਪਾ ਸੰਸਦ ਮੈਂਬਰਾਂ ਨੂੰ ਪਾਰਟੀ ਨੇ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਉਨ੍ਹਾਂ ਨੂੰ ਵੀ ਪਾਰਟੀ ਨੇ ਨਾਰਾਜ਼ ਨਾ ਹੋਣ ਲਈ ਮਨਾ ਲਿਆ ਹੈ। ਭਾਵੇਂ ਉਨ੍ਹਾਂ ’ਚੋਂ ਕੁਝ ਦੂਜੀਆਂ ਪਾਰਟੀਆਂ ’ਚ ਸ਼ਾਮਲ ਹੋ ਗਏ ਹਨ ਪਰ ਉਨ੍ਹਾਂ ’ਚੋਂ ਜ਼ਿਆਦਾਤਰ ਅਸਲੀ ਪਾਰਟੀ ਵਿਚ ਹੀ ਬਣੇ ਹੋਏ ਹਨ। ਪਾਰਟੀ ਹਾਈਕਮਾਂਡ ਨੇ ਉਨ੍ਹਾਂ ’ਚੋਂ ਕਈਆਂ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਲਈ ਕੰਮ ਕਰਨਾ ਹੈ ਅਤੇ ਟਿਕਟ ਨਾ ਮਿਲਣਾ ਉਨ੍ਹਾਂ ਦੇ ਸਿਆਸੀ ਕਰੀਅਰ ਦਾ ਅੰਤ ਨਹੀਂ ਹੈ। ਉਨ੍ਹਾਂ ਨੂੰ ਕਿਹਾ ਗਿਆ ਕਿ ਜਿਸ ਉਮੀਦਵਾਰ ਨੂੰ ਉਸੇ ਖੇਤਰ ਤੋਂ ਟਿਕਟ ਦਿੱਤੀ ਗਈ ਹੈ, ਉਸ ਲਈ ਸਖ਼ਤ ਮਿਹਨਤ ਕਰੋ। ਉਨ੍ਹਾਂ ਨਾਲ ਉਨ੍ਹਾਂ ਦੇ ਚੋਣ ਕਰਤੱਵਾਂ ਦੀ ਇਕ ਵਿਸਤ੍ਰਿਤ ਯੋਜਨਾ ਸਾਂਝੀ ਕੀਤੀ ਗਈ।

ਉਨ੍ਹਾਂ ਨੂੰ ਕਿਹਾ ਗਿਆ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਜੇ. ਪੀ. ਨੱਡਾ ਉਨ੍ਹਾਂ ਖੇਤਰਾਂ ’ਚ ਰੈਲੀਆਂ ਨੂੰ ਸੰਬੋਧਨ ਕਰਨ ਤਾਂ ਉਹ ਮੰਚ ’ਤੇ ਮੌਜੂਦ ਰਹਿਣ। ਚੋਣ ਖੇਤਰ ਦੇ ਭਾਜਪਾ ਦੇ ਚੋਣ ਇੰਚਾਰਜ ਲਗਾਤਾਰ ਉਨ੍ਹਾਂ ਦੇ ਸੰਪਰਕ ’ਚ ਹਨ ਅਤੇ ਉਨ੍ਹਾਂ ਨੂੰ ਪਾਰਟੀ ਉਮੀਦਵਾਰ ਦੀ ਜਿੱਤ ’ਚ ਯੋਗਦਾਨ ਪਾਉਣ ਲਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਭਾਜਪਾ ਦੀ ਤਿਕੜੀ (ਮੋਦੀ, ਸ਼ਾਹ ਅਤੇ ਨੱਡਾ) ਟਿਕਟ ਤੋਂ ਵਾਂਝੇ ਲੋਕਾਂ ਨੂੰ ਮੰਚ ’ਤੇ ਪੂਰਾ ਸਨਮਾਨ ਦੇਣਾ ਅਤੇ ਉਨ੍ਹਾਂ ਨਾਲ ਹੱਥ ਮਿਲਾ ਕੇ ਦਰਸ਼ਕਾਂ ਨੂੰ ਇਹ ਸੰਕੇਤ ਦੇਣਾ ਯਕੀਨੀ ਕਰਦੇ ਹਨ ਕਿ ਭਗਵਾ ਪਰਿਵਾਰ ਵਿਚ ਸਭ ਕੁਝ ਠੀਕ ਹੈ। ਟਿਕਟਾਂ ਤੋਂ ਵਾਂਝੇ ਕੀਤੇ ਗਏ ਜ਼ਿਆਦਾਤਰ ਮੰਤਰੀਆਂ ਨੂੰ ਖਾਸ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ ਅਤੇ ਉਹ ਨਵੇਂ ਚਿਹਰਿਆਂ ਲਈ ਸਰਗਰਮੀ ਨਾਲ ਪ੍ਰਚਾਰ ਕਰ ਰਹੇ ਹਨ। ਸੱਚਮੁੱਚ ਇਹ ਇਕ ਦੁਰਲੱਭ ਪ੍ਰਾਪਤੀ ਹੈ।


Rakesh

Content Editor

Related News