ਕੁੱਤੇ ਕਾਰਨ ਮੰਗਣੀ ਪਈ ਮੰਦਰ ਪ੍ਰਸ਼ਾਸਨ ਨੂੰ ਮੁਆਫੀ! (ਤਸਵੀਰਾਂ)

02/10/2016 11:23:56 AM


ਲੰਡਨ— ਇੰਲਲੈਂਡ ਦੇ ਲੰਡਨ ਵਿਖੇ ਸਥਿਤ ਸ਼੍ਰੀ ਸਵਾਮੀਨਾਰਾਇਣ ਮੰਦਰ ਦੇ ਸੰਚਾਲਕਾਂ ਨੂੰ ਇਕ ਕੁੱਤੇ ਕਾਰਨ ਮੁਆਫੀ ਮੰਗਣੀ ਪਈ। ਅਸਲ ਵਿਚ ਇਹ ਕੁੱਤਾ ਇਕ ਗਾਈਡ ਦੇ ਰੂਪ ਵਿਚ ਆਪਣੇ ਮਾਲਕ ਅਮਿਤ ਪਟੇਲ ਦੇ ਨਾਲ ਆਇਆ ਸੀ, ਜੋ ਕਿ ਨੇਤਰਹੀਣ ਸੀ। ਇਹ ਕੁੱਤਾ ਖਾਸ ਤੌਰ ''ਤੇ ਅਮਿਤ ਦੇ ਨਾਲ ਰਹਿਣ ਤੇ ਗਾਈਡ ਕਰਨ ਲਈ ਟਰੇਨਡ ਸੀ ਪਰ ਮੰਦਰ ਪ੍ਰਸ਼ਾਸਨ ਨੇ ਕੁੱਤੇ ਨੂੰ ਉਸ ਦੇ ਨਾਲ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ। 
ਅਮਿਤ ਪਟੇਲ ਨੇ ਕਿਹਾ ਕਿ ਉਸ ਦਾ ਕੁੱਤਾ ਕੀਕਾ ਉਸ ਦੀ ਬਾਹਰ ਆਉਣ-ਜਾਣ ਵਿਚ ਮਦਦ ਕਰਦਾ ਹੈ ਅਤੇ ਮੰਦਰ ਦੇ ਅੰਦਰ ਉਸ ਦੇ ਨਾ ਜਾਣ ਕਾਰਨ ਉਸ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਕਰਕੇ ਉਸ ਨੇ ਮੰਦਰ ਪ੍ਰਸ਼ਾਸਨ ਦੀ ਆਲੋਚਨਾ ਵੀ ਕੀਤੀ। ਇਸ ਘਟਨਾ ਤੋਂ ਬਾਅਦ ਮੰਦਰ ਪ੍ਰਸ਼ਾਸਨ ਨੇ ਇਸ ਲਈ ਮੁਆਫੀ ਮੰਗੀ ਪਰ ਇਸ ਦੇ ਨਾਲ ਹੀ ਕਿਹਾ ਕਿ ਉਹ ਗਾਈਡ ਕੁੱਤੇ ਨੂੰ ਮੰਦਰ ਵਿਚ ਦਾਖਲੇ ਦੀ ਛੂਟ ਨਹੀਂ ਦੇਣਗੇ। 
ਦੋ ਸਾਲ ਪਹਿਲਾਂ ਅਮਿਤ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ। ਅਮਿਤ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਉਸ ਨੇ ਫੋਨ ''ਤੇ ਮੰਦਰ ਪ੍ਰਸ਼ਾਸਨ ਨੂੰ ਗਾਈਡ ਕੁੱਤੇ ਨੂੰ ਨਾਲ ਲਿਜਾਣ ਬਾਰੇ ਦੱਸਿਆ ਸੀ ਪਰ ਮੰਦਰ ਦੇ ਗੇਟ ''ਤੇ ਉਸ ਨੂੰ ਕੁੱਤੇ ਨਾਲ ਜਾਣ ਨਹੀਂ ਦਿੱਤਾ ਗਿਆ। ਸੁਰੱਖਿਆ ਕਰਮੀਆਂ ਨੇ ਤਰਕ ਦਿੱਤਾ ਕਿ ਮੰਦਰ ਵਿਚ ਥਾਂ ਦੀ ਕਮੀ ਹੈ। ਬ੍ਰਿਟੇਨ ਦੇ ਕਾਨੂੰਨਾਂ ਮੁਤਾਬਕ ਗਾਈਡ ਕੁੱਤੇ ਆਪਣੇ ਮਾਲਕ ਨਾਲ ਹਰ ਜਨਤਕ ਥਾਂ ਜਾ ਸਕਦੇ ਹਨ ਪਰ ਇਸ ਬਾਰੇ ਅਜੇ ਵੀ ਕਈ ਮਤਭੇਦ ਹਨ ਕਿਉਂਕਿ ਧਾਰਮਿਕ ਸਥਾਨਾਂ ''ਤੇ ਇਹ ਨਿਯਮ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾਂਦਾ। ਹਾਲਾਂਕਿ ਲੀਸੈਸਟਰ ਮਸਜਿਦ ਇਕਲੌਤਾ ਅਜਿਹਾ ਧਾਰਮਿਕ ਅਸਥਾਨ ਹੈ, ਜਿਸ ਨੇ ਇਸ ਨਿਯਮ ਨੂੰ ਅਪਣਾਇਆ ਹੈ। ਅਮਿਤ ਦਾ ਕਹਿਣਾ ਹੈ ਕਿ ਲੋਕ ਗਾਈਡ ਕੁੱਤਿਆਂ ਨੂੰ ਲੈ ਕੇ ਆਪਣੇ ਨਜ਼ਰੀਏ ਨੂੰ ਬਦਲਣ। ਜੇਕਰ ਇਹ ਕੁੱਤੇ ਨਾ ਹੋਣ ਤਾਂ ਨੇਤਰਹੀਣ ਸ਼ਾਇਦ ਕਿਤੇ ਆਸਾਨੀ ਨਾਲ ਨਹੀਂ ਜਾ ਸਕਣ। 
ਮੰਦਰ ਪ੍ਰਸ਼ਾਸਕਾਂ ਨੇ ਅਮਿਤ ਤੋਂ ਇਸ ਘਟਨਾ ਲਈ ਮੁਆਫੀ ਮੰਗਦੇ ਹੋਏ ਸੱਦਾ ਦਿੱਤਾ ਹੈ ਕਿ ਮੰਦਰ ਪ੍ਰਸ਼ਾਸਨ ਉਸ ਨੂੰ ਇਕ ਨਿੱਜੀ ਗਾਇਡ ਪ੍ਰਦਾਨ ਕਰ ਸਕਦਾ ਹੈ ਅਤੇ ਉਸ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਪਰ ਉਹ ਗਾਈਡ ਕੁੱਤੇ ਨੂੰ ਅੰਦਰ ਨਹੀਂ ਜਾਣ ਦੇਣਗੇ। ਅਮਿਤ ਨੇ ਮੰਦਰ ਪ੍ਰਸ਼ਾਸਨ ਦੇ ਇਸ ਫੈਸਲੇ ''ਤੇ ਦੁੱਖ ਜਤਾਇਆ ਹੈ। 


Kulvinder Mahi

News Editor

Related News