ਸੱਤ ਸਾਲ ਬਾਅਦ ਆਬਾਦੀ ਦੇ ਮਾਮਲੇ ''ਚ ਚੀਨ ਤੋਂ ਅੱਗੇ ਹੋਵੇਗਾ ਭਾਰਤ

06/22/2017 2:15:24 PM

ਬੀਜਿੰਗ— ਸਯੁੰਕਤ ਰਾਸ਼ਟਰ (ਯੂ. ਐੱਨ.) ਦੇ ਆਰਥਿਕ ਅਤੇ ਸਮਾਜਿਕ ਮਾਮਲਿਆਂ ਦੇ ਵਿਭਾਗ ਨੇ ਵਿਸ਼ਵ ਆਬਾਦੀ ਸੰਭਾਵਨਾ-2017 ਨਾਂ ਦੀ ਰਿਪੋਰਟ 'ਚ ਇਹ ਦਾਅਵਾ ਕੀਤਾ ਹੈ ਕਿ ਭਾਰਤ ਦੀ ਆਬਾਦੀ ਸਾਲ 2024 'ਚ ਚੀਨ ਤੋਂ ਜ਼ਿਆਦਾ ਹੋ ਜਾਵੇਗੀ। 
ਰਿਪੋਰਟ 'ਚ ਕਿਹਾ ਗਿਆ ਹੈ ਕਿ ਚੀਨ ਦੀ ਆਬਾਦੀ ਫਿਲਹਾਲ 1.41 ਅਰਬ ਹੈ ਅਤੇ ਭਾਰਤ ਦੀ 1.34 ਅਰਬ ਹੈ। ਵਿਸ਼ਵ ਆਬਾਦੀ 'ਚ ਦੋਹਾਂ ਦੇਸ਼ਾਂ ਦੀ ਹਿੱਸੇਦਾਰੀ ਕ੍ਰਮਵਾਰ 19 ਅਤੇ 18 ਫੀਸਦੀ ਹੈ। ਰਿਪੋਰਟ ਮੁਤਾਬਕ ਕਰੀਬ ਸੱਤ ਸਾਲ 'ਚ ਜਾਂ ਸਾਲ 2024 ਦੇ ਕਰੀਬ ਭਾਰਤ ਦੀ ਆਬਾਦੀ ਚੀਨ ਦੀ ਆਬਾਦੀ ਦੀ ਸੰਖਿਆ ਨੂੰ ਪਾਰ ਕਰ ਜਾਵੇਗੀ।
ਇਹ ਸਯੁੰਕਤ ਰਾਸ਼ਟਰ ਆਧਿਕਾਰਿਕ ਅਨੁਮਾਨ ਦੇ 25ਵੇਂ ਦੌਰ ਦੀ ਸਮੀਖਿਆ ਰਿਪੋਰਟ ਹੈ। 24ਵੇਂ ਦੌਰ ਦਾ ਅਨੁਮਾਨ ਸਾਲ 2015 'ਚ ਜ਼ਾਰੀ ਕੀਤਾ ਗਿਆ ਸੀ। ਇਸ 'ਚ ਅਨੁਮਾਨ ਲਗਾਇਆ ਗਿਆ ਸੀ ਕਿ ਭਾਰਤ ਦੀ ਆਬਾਦੀ ਸਾਲ 2022 ਤੱਕ ਚੀਨ ਦੀ ਆਬਾਦੀ ਨੂੰ ਪਾਰ ਕਰ ਜਾਵੇਗੀ। ਨਵੇਂ ਅਨੁਮਾਨ 'ਚ ਕਿਹਾ ਗਿਆ ਕਿ ਸਾਲ 2024 'ਚ ਭਾਰਤ ਅਤੇ ਚੀਨ ਦੋਹਾਂ ਦੇਸ਼ਾਂ ਦੀ ਆਬਾਦੀ ਕਰੀਬ 1.44 ਅਰਬ ਦੇ ਆਲੇ-ਦੁਆਲੇ ਹੋਵੇਗੀ।
ਇਸ ਦੇ ਮਗਰੋਂ ਭਾਰਤ ਦੀ ਆਬਾਦੀ ਸਾਲ 2030 'ਚ 1.5 ਅਰਬ ਅਤੇ ਸਾਲ 2050 'ਚ 1.66 ਅਰਬ ਹੋਣ ਦਾ ਅਨੁਮਾਨ ਹੈ। ਚੀਨ ਦੀ ਆਬਾਦੀ ਸਾਲ 2030 ਤੱਕ ਸਥਿਰ ਰਹਿਣ ਦਾ ਅਨੁਮਾਨ ਹੈ , ਜਿਸ ਮਗਰੋਂ ਇਸ 'ਚ ਹੌਲੀ ਗਿਰਾਵਟ ਆ ਸਕਦੀ ਹੈ।
ਭਾਰਤ ਦੀ ਆਬਾਦੀ 'ਚ ਸਾਲ 2050 ਮਗਰੋਂ ਕਮੀ ਆ ਸਕਦੀ ਹੈ। ਸਾਮੂਹਿਕ ਰੂਪ ਨਾਲ ਦੱਸ ਦੇਸ਼ਾਂ ਦੀ ਆਬਾਦੀ ਸਾਲ 2017 ਤੋਂ ਸਾਲ 2050 'ਚ ਵੱਧ ਕੇ ਦੁਨੀਆ ਦੀ ਕੁਲ ਆਬਾਦੀ ਦਾ ਅੱਧੀ ਤੋਂ ਜ਼ਿਆਦਾ ਹੋ ਜਾਣ ਦੀ ਉਮੀਦ ਹੈ। ਇਨ੍ਹਾਂ ਦੇਸ਼ਾਂ 'ਚ ਭਾਰਤ, ਨਾਈਜੀਰੀਆ, ਕਾਂਗੋ, ਪਾਕਿ, ਇਥੋਪੀਆ, ਤੰਜਾਨੀਆ, ਅਮਰੀਕਾ, ਯੁਗਾਂਡਾ, ਇੰਡੋਨੇਸ਼ੀਆ ਅਤੇ ਮਿਸਰ ਸ਼ਾਮਲ ਹਨ।


Related News