ਭਾਰਤ-ਚੀਨ ਸਰਹੱਦ ''ਤੇ 7 ਹਜ਼ਾਰ ਫੁੱਟ ''ਤੇ ਹੋਵੇਗਾ ਸਭ ਤੋਂ ਉੱਚਾ ਪੋਲਿੰਗ ਬੂਥ
Wednesday, Mar 27, 2024 - 05:57 PM (IST)
ਨੈਨੀਤਾਲ- ਉੱਤਰਾਖੰਡ ਦੀ ਚੀਨ ਸਰਹੱਦ ਨਾਲ ਲੱਗਦੀ ਪਿਥੌਰਾਗੜ੍ਹ ਜ਼ਿਲ੍ਹੇ ਦੀ ਧਾਰਚੂਲਾ ਵਿਧਾਨ ਸਭਾ ਵੋਟਿੰਗ ਦੇ ਲਿਹਾਜ ਨਾਲ ਸਭ ਤੋਂ ਚੁਣੌਤੀਪੂਰਨ ਹੈ। ਇੱਥੇ ਇਕ ਪੋਲਿੰਗ ਬੂਥ ਅਜਿਹਾ ਵੀ ਹੈ, ਜਿੱਥੇ ਪੋਲਿੰਗ ਕਰਮੀ ਤਿੰਨ ਦਿਨ ਪਹਿਲਾਂ ਰਵਾਨਾ ਹੋਣਗੇ, ਜਦਕਿ ਅਜਿਹੇ ਹੀ 63 ਬੂਥਾਂ 'ਤੇ ਦੋ ਦਿਨ ਪਹਿਲਾਂ ਰਵਾਨਾ ਹੋਣਗੇ। ਪਿਥੌਰਾਗੜ੍ਹ ਜ਼ਿਲ੍ਹੇ 'ਚ ਧਾਰਚੂਲਾ, ਡੀਡੀਹਾਟ, ਪਿਥੌਰਾਗੜ੍ਹ ਅਤੇ ਗੰਗੋਲੀਹਾਟ ਸਣੇ ਕੁੱਲ 4 ਵਿਧਾਨ ਸਭਾਵਾਂ ਵਿਚ ਕੁੱਲ 611 ਪੋਲਿੰਗ ਬੂਥ ਬਣਾਏ ਗਏ ਹਨ। ਧਾਰਚੂਲਾ ਵਿਚ ਕੁੱਲ 160, ਡੀਡੀਹਾਟ 'ਚ 144, ਪਿਥੌਰਾਗੜ੍ਹ 'ਚ 151 ਜਦਕਿ ਗੰਗੋਲੀਹਾਟ 'ਚ 156 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਵਿਚ ਧਾਰਚੂਲਾ ਦਾ ਕਨਾਰ ਪੋਲਿੰਗ ਬੂਥ 7000 ਫੁੱਟ ਦੀ ਉੱਚਾਈ 'ਤੇ ਹੈ। ਇੱਥੇ ਪੋਲਿੰਗ ਕਰਮੀਆਂ ਨੂੰ 14 ਕਿਲੋਮੀਟਰ ਦਾ ਬਹੁਤ ਔਖਾ ਰਸਤਾ ਪਾਰ ਕਰਨਾ ਹੋਵੇਗਾ।
ਜ਼ਿਲ੍ਹਾ ਚੋਣ ਦਫ਼ਤਰ ਤੋਂ ਮਿਲੀ ਜਾਣਕਾਰੀ ਮੁਤਾਬਕ ਵੋਟ ਕਰਮੀ ਇੱਥੇ ਪਹੁੰਚਣ ਲਈ ਤਿੰਨ ਦਿਨ ਪਹਿਲਾਂ ਰਵਾਨਾ ਹੋਣਗੇ। ਇਨ੍ਹਾਂ ਤੋਂ ਇਲਾਵਾ 63 ਪੋਲਿੰਗ ਬੂਥਾਂ 'ਤੇ ਪੋਲਿੰਗ ਕਰਮੀ ਦੋ ਦਿਨ ਪਹਿਲਾਂ ਰਵਾਨਾ ਹੋਣਗੇ। ਇਨ੍ਹਾਂ ਵਿਚ ਧਾਰਚੂਲਾ ਦੇ ਸਭ ਤੋਂ ਵੱਧ 48, ਪਿਥੌਰਾਗੜ੍ਹ ਦੇ 11 ਅਤੇ ਡੀਡੀਹਾਟ ਦੇ 4 ਪੋਲਿੰਗ ਬੂਥ ਸ਼ਾਮਲ ਹਨ। ਪੋਲਿੰਗ ਕਰਮੀ ਇਕ ਦਿਨ ਪਹਿਲਾਂ ਬਾਕੀ ਪੋਲਿੰਗ ਬੂਥਾਂ ਲਈ ਰਵਾਨਾ ਹੋਣਗੇ। ਇਸੇ ਤਰ੍ਹਾਂ ਨੈਨੀਤਾਤ ਜ਼ਿਲ੍ਹੇ ਦਾ ਭੀਮਤਾਲ ਵਿਧਾਨ ਸਭਾ ਹਲਕਾ ਚੋਣ ਦ੍ਰਿਸ਼ਟੀਕੋਣ ਤੋਂ ਸਭ ਤੋਂ ਅਹਿਮ ਹੈ। ਨੈਨੀਤਾਲ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 1010 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਨ੍ਹਾਂ 'ਚ ਭੀਮਟਾਲ ਵਿਧਾਨ ਸਭਾ ਦੇ 57 ਪੋਲਿੰਗ ਬੂਥ ਹਨ, ਜਿੱਥੇ ਪੋਲਿੰਗ ਪਾਰਟੀਆਂ ਦੋ ਦਿਨ ਪਹਿਲਾਂ ਰਵਾਨਾ ਹੋਣਗੀਆਂ ਜਦਕਿ 953 ਪੋਲਿੰਗ ਥਾਵਾਂ ਲਈ ਪੋਲਿੰਗ ਪਾਰਟੀਆਂ ਇਕ ਦਿਨ ਪਹਿਲਾਂ ਰਵਾਨਾ ਹੋਣਗੀਆਂ।