10 ਹਜ਼ਾਰ ਲੋਕਾਂ ਦੀ ਨਿਕਲੀ ਲਾਟਰੀ, ਮਾਪਿਆਂ ਨੂੰ ਬੁਲਾ ਸਕਣਗੇ ਕੈਨੇਡਾ

04/28/2017 1:44:18 PM

ਓਟਾਵਾ— ਮਾਪਿਆਂ ਅਤੇ ਦਾਦਾ-ਦਾਦੀ ਨੂੰ ਕੈਨੇਡਾ ਬੁਲਾਉਣ ਦੇ ਲਾਟਰੀ ਪ੍ਰੋਗਰਾਮ ਲਈ ਤਕਰੀਬਨ 95 ਹਜ਼ਾਰ ਲੋਕਾਂ ਨੇ ਅਪਲਾਈ ਕੀਤਾ ਅਤੇ ਇਨ੍ਹਾਂ ''ਚੋਂ 10 ਹਜ਼ਾਰ ਲੋਕਾਂ ਦੀ ਲਾਟਰੀ ਕੱਢੀ ਗਈ। ਇਨ੍ਹਾਂ ਲੋਕਾਂ ਨੂੰ ''ਫਰਸਟ ਕਮ, ਫਰਸਟ ਸਰਵ'' ਸਿਸਟਮ ਨੂੰ ਬਦਲਦੇ ਹੋਏ ਬੇਤਰਤੀਬ ਢੰਗ ਨਾਲ ਲਾਟਰੀ ਰਾਹੀਂ ਚੁਣਿਆ ਗਿਆ। 
ਲਾਟਰੀ ਸਿਸਟਮ ਪ੍ਰੋਗਰਾਮ ਲਿਬਰਲ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਸੀ। ਇਸ ਦਾ ਮਕਸਦ ਸਪਾਂਸਰਸ਼ਿਪ ਐਪਲੀਕੇਸ਼ਨਾਂ ਦੀ ਰੁਕੀ ਹੋਈ ਰਫਤਾਰ ਨੂੰ ਤੇਜ਼ ਕਰਨਾ ਸੀ। ਇਸ ਤੋਂ ਪਹਿਲਾਂ ਐਪਲੀਕੇਸ਼ਨਾਂ ਨੂੰ ਉਨ੍ਹਾਂ ਦੇ ਇਮੀਗ੍ਰੇਸ਼ਨ ਦਫਤਰ ਤੱਕ ਪਹੁੰਚਣ ਦੀ ਤਰਤੀਬ ਵਿਚ ਚੁਣਿਆ ਜਾਂਦਾ ਸੀ। ਪਹਿਲਾਂ ਪੁੱਜਣ ਵਾਲੀਆਂ 10 ਹਜ਼ਾਰ ਐਪਲੀਕੇਸ਼ਨਾਂ ''ਤੇ ਵਿਚਾਰ ਕੀਤਾ ਜਾਂਦਾ ਸੀ। ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਲਾਟਰੀ ਦੇ ਪਹਿਲੇ ਗੇੜ ਵਿਚ 95,100 ਐਪਲੀਕੇਸ਼ਨਾਂ ਹਾਸਲ ਹੋਈਆਂ ਸਨ। 2 ਫਰਵਰੀ ਤੱਕ ਲੋਕਾਂ ਨੇ ਇਸ ਲਈ ਅਪਲਾਈ ਕੀਤਾ ਸੀ। ਸਪਾਂਸਰਸ਼ਿਪ ਲਈ ਚੁਣੇ ਗਏ 10 ਹਜ਼ਾਰ ਲੋਕਾਂ ਨੂੰ ਹੁਣ 90 ਦਿਨਾਂ ਵਿਚ ਆਪਣੀ ਪੂਰੀ ਐਪਲੀਕੇਸ਼ਨ ਸਬਮਿਟ ਕਰਨੀ ਪਵੇਗੀ। ਜੋ ਕੋਈ ਵੀ ਇਸ ਸਾਲ ਨਹੀਂ ਚੁਣਿਆ ਗਿਆ, ਉਹ ਅਗਲੇ ਸਾਲ 2018 ਦੇ ਲਾਟਰੀ ਸਿਸਟਮ ਵਿਚ ਐਂਟਰ ਹੋ ਜਾਵੇਗਾ। 
ਕਈ ਲੋਕਾਂ ਨੇ ਇਸ ਲਾਟਰੀ ਸਿਸਟਮ ਪ੍ਰੋਗਰਾਮ ਦਾ ਇਹ ਕਹਿੰਦੇ ਹੋਏ ਵਿਰੋਧ ਕੀਤਾ ਹੈ ਕਿ ਪਰਿਵਾਰ ਨੂੰ ਇਕੱਠਾ ਹੋਣ ਦਾ ਮੌਕਾ ਦੇਣਾ ਕਿਸਮਤ ਦਾ ਫੈਸਲਾ ਨਹੀਂ ਹੋਣਾ ਚਾਹੀਦਾ। ਇਹ ਫੈਸਲਾ ਕੰਪਿਊਟਰ ਦੀ ਚੋਣ ''ਤੇ ਨਹੀਂ ਛੱਡਿਆ ਜਾਣਾ ਚਾਹੀਦਾ।

Kulvinder Mahi

News Editor

Related News