ਰਾਹਤ ਭਰੀ ਖ਼ਬਰ : ਤੀਜੇ ਦਿਨ ਵੀ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਦੀ ਗਿਣਤੀ ਨਵੇਂ ਮਾਮਲਿਆਂ ਤੋਂ ਵੱਧ
Monday, Sep 21, 2020 - 12:05 PM (IST)
ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਮਹਾਮਾਰੀ ਦੇ ਪਿਛਲੇ 24 ਘੰਟਿਆਂ ਦੌਰਾਨ 93 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋਏ। ਜਿਸ ਨੂੰ ਮਿਲਾ ਕੇ ਹੁਣ ਤੱਕ ਇਨਫੈਕਸ਼ਨ ਤੋਂ ਠੀਕ ਹੋਣ ਵਾਲਿਆਂ ਦਾ ਅੰਕੜਾ 44 ਲੱਖ ਦੇ ਕਰੀਬ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੋਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਰਿਕਾਰਡ 95,880 ਰਹੀ, ਜਦੋਂ ਕਿ ਐਤਵਾਰ ਨੂੰ 94,612 ਲੋਕ ਸਿਹਤਯਾਬ ਹੋਏ ਸਨ। ਸਿਹਤਯਾਬ ਹੋਣ ਵਾਲਿਆਂ ਦੀ ਦਰ 80.12 ਫੀਸਦੀ ਹੋ ਗਈ ਹੈ। ਦੇਸ਼ 'ਚ ਸਰਗਰਮ ਮਾਮਲੇ 18.28 ਫੀਸਦੀ ਅਤੇ ਮੌਤ ਦਰ 1.60 ਫੀਸਦੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮਹਿਕਮੇ ਵਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ 'ਚ 93,356 ਮਰੀਜ਼ ਸਿਹਤਯਾਬ ਹੋਏ ਹਨ, ਜਿਸ ਦੇ ਨਾਲ ਹੀ ਹੁਣ ਤੱਕ ਠੀਕ ਹੋਣ ਵਾਲਿਆਂ ਦੀ ਗਿਣਤੀ 43,96,399 ਹੋ ਗਈ ਹੈ।
ਇਸ ਦੌਰਾਨ 86,961 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦਾ ਅੰਕੜਾ 54,87,580 'ਤੇ ਪਹੁੰਚ ਗਿਆ। ਇਸ ਮਿਆਦ 'ਚ 1130 ਮਰੀਜ਼ਾਂ ਦੀ ਮੌਤ ਹੋ ਗਈ। ਦੇਸ਼ 'ਚ ਹੁਣ ਤੱਕ 87,882 ਲੋਕਾਂ ਦੀ ਮੌਤ ਹੋ ਚੁਕੀ ਹੈ। ਇਨਫੈਕਸ਼ਨ ਦੇ ਨਵੇਂ ਮਾਮਲਿਆਂ ਦੀ ਤੁਲਨਾ 'ਚ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵੱਧ ਹੋਣ ਨਾਲ ਪਿਛਲੇ 24 ਘੰਟਿਆਂ ਸਰਗਰਮ ਮਾਮਲਿਆਂ ਦੀ ਗਿਣਤੀ 'ਚ 7525 ਦੀ ਕਮੀ ਆਈ ਹੈ ਅਤੇ ਹੁਣ ਇਹ 10,03,299 ਹੋ ਗਈ ਹੈ। ਸਰਗਰਮ ਮਾਮਲੇ ਸ਼ਨੀਵਾਰ ਨੂੰ 3790 ਅਤੇ ਐਤਵਾਰ ਨੂੰ 3140 ਘੱਟ ਹੋਏ ਸਨ। ਕੋਰੋਨਾ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ 'ਚ ਸਰਗਰਮ ਮਾਮਲੇ 6236 ਘੱਟ ਹੋ ਕੇ 2,91,630 ਰਹਿ ਗਏ ਹਨ, ਜਦੋਂ ਕਿ 455 ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 32,671 ਹੋ ਗਈ ਹੈ। ਇਸ ਦੌਰਾਨ 26,408 ਲੋਕ ਠੀਕ ਹੋਏ ਹਨ, ਜਿਸ ਨਾਲ ਸਿਹਤਯਾਬ ਹੋਏ ਲੋਕਾਂ ਦੀ ਗਿਣਤੀ ਵੱਧ ਕੇ 8,84,341 ਹੋ ਗਈ।