ਅਮਰੀਕੀ ਬਾਜ਼ਾਰ ''ਚ ਉਛਾਲ, ਡਾਓ 156 ਅੰਕ ਚੜ੍ਹ ਕੇ ਬੰਦ

01/16/2019 8:10:05 AM

ਵਾਸ਼ਿੰਗਟਨ— ਨੈੱਟਫਲਿਕਸ ਦੀ ਅਗਵਾਈ 'ਚ ਤਕਨਾਲੋਜੀ ਸੈਕਟਰ 'ਚ ਆਈ ਤੇਜ਼ੀ ਨਾਲ ਮੰਗਲਵਾਰ ਅਮਰੀਕੀ ਬਾਜ਼ਾਰ 'ਚ ਤੇਜ਼ੀ ਦਰਜ ਕੀਤੀ ਗਈ। ਡਾਓ ਜੋਂਸ 155.75 ਅੰਕ ਚੜ੍ਹ ਕੇ 24,065.59 ਦੇ ਪੱਧਰ 'ਤੇ ਬੰਦ ਹੋਇਆ। ਡਾਓ ਜੋਂਸ ਇੰਡੈਕਸ 'ਚ ਮਾਈਕਰੋਸਾਫਟ ਅਤੇ ਯੂਨਾਈਟਿਡ ਹੈਲਥ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਹਾਲਾਂਕਿ ਬ੍ਰਿਟੇਨ 'ਚ ਥੇਰੇਸਾ ਮੇ ਦੀ ਬ੍ਰੈਗਜ਼ਿਟ ਯੋਜਨਾ ਖਿਲਾਫ ਵੋਟਿੰਗ ਕਾਰਨ ਸਟਾਕਸ 'ਚ ਤੇਜ਼ੀ ਦੀ ਰਫਤਾਰ ਥੋੜ੍ਹੀ ਘੱਟ ਹੋ ਗਈ।

ਨੈੱਟਫਲਿਕਸ ਵੱਲੋਂ ਮਹੀਨਾਵਾਰ ਮੈਂਬਰਸ਼ਿਪ 13 ਤੋਂ 18 ਫੀਸਦੀ ਮਹਿੰਗੀ ਕੀਤੇ ਜਾਣ ਦੇ ਫੈਸਲੇ ਨਾਲ ਉਸ ਦੇ ਸ਼ੇਅਰਾਂ 'ਚ 6.5 ਫੀਸਦੀ ਦੀ ਤੇਜ਼ੀ ਦਰਜ ਹੋਈ। ਨੈੱਟਫਲਿਕਸ ਪਹਿਲੀ ਵਾਰ ਮੈਂਬਰਸ਼ਿਪ ਵਾਸਤੇ ਲਈ ਜਾਣ ਵਾਲੀ ਫੀਸ 'ਚ ਇੰਨਾ ਵੱਡਾ ਵਾਧਾ ਕਰਨ ਜਾ ਰਿਹਾ ਹੈ। ਫੇਸਬੁੱਕ, ਐਮਾਜ਼ੋਨ, ਐਪਲ ਅਤੇ ਅਲਫਾਬੇਟ ਦੇ ਸ਼ੇਅਰਾਂ 'ਚ ਵੀ 2 ਫੀਸਦੀ ਤੋਂ ਵੱਧ ਮਜਬੂਤੀ ਦਰਜ ਕੀਤੀ ਗਈ।
ਉੱਥੇ ਹੀ ਐੱਸ. ਐਂਡ ਪੀ.-500 ਇੰਡੈਕਸ ਨੇ 1.07 ਫੀਸਦੀ ਦੀ ਤੇਜ਼ੀ ਦਰਜ ਕੀਤੀ ਅਤੇ 2,610.30 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ ਕੰਪੋਜ਼ਿਟ 1.7 ਫੀਸਦੀ ਚੜ੍ਹ ਕੇ 7,023.83 ਦੇ ਪੱਧਰ 'ਤੇ ਬੰਦ ਹੋਇਆ।


Related News