ਯੁਵਰਾਜ ਨੇ ਜਿੱਤਿਆ ਇੰਡੀਅਨ ਆਇਲ ਸਰਵੋ ਮਾਸਟਰਸ ਗੋਲਫ਼ ਖ਼ਿਤਾਬ
Sunday, Nov 21, 2021 - 02:56 PM (IST)
ਦਿਗਬੋਈ- ਚੰਡੀਗੜ੍ਹ ਦੇ ਯੁਵਰਾਜ ਸਿੰਘ ਸੰਧੂ ਨੇ 60 ਲੱਖ ਰੁਪਏ ਦੀ ਪੁਰਸਕਾਰ ਰਾਸ਼ੀ ਵਾਲੇ ਇੰਡੀਅਨ ਆਇਲ ਸਰਵੋ ਮਾਸਟਰਸ ਗੋਲਫ਼ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਜੋ ਉਨ੍ਹਾਂ ਦਾ ਟਾਟਾ ਸਟੀਲ ਪੀ. ਜੀ. ਟੀ. ਆਈ. 'ਚ ਪਹਿਲਾ ਖ਼ਿਤਾਬ ਹੈ। ਯੁਵਰਾਜ ਨੇ ਐਤਵਾਰ ਨੂੰ ਚੌਥੇ ਤੇ ਆਖ਼ਰੀ ਰਾਊਂਡ 'ਚ ਅੱਠ ਅੰਡਰ 64 ਦਾ ਕਾਰਡ ਖੇਡਿਆ ਤੇ ਖ਼ਿਤਾਬ ਆਪਣੇ ਨਾਂ ਕੀਤਾ। ਯੁਵਰਾਜ (66-68-67-64) ਦਾ ਚਾਰ ਰਾਊਂਡ ਦਾ ਸਕੋਰ 23 ਅੰਡਰ 265 ਦਾ ਰਿਹਾ ਜੋ ਇਸ ਟੂਰਨਾਮੈਂਟ 'ਚ ਜੇਤੂ ਦਾ ਸਭ ਤੋਂ ਘੱਟ ਸਕੋਰ ਹੈ। ਉਨ੍ਹਾਂ ਨੇ 6 ਸ਼ਾਟ ਨਾਲ ਖ਼ਿਤਾਬੀ ਜਿੱਤ ਹਾਸਲ ਕੀਤੀ।
ਬੈਂਗਲੁਰੂ ਦੇ ਐੱਮ. ਧਰਮਾ (69-68-68-66) ਚਾਰ ਰਾਊਂਡ 'ਚ 17 ਅੰਡਰ 271 ਦੇ ਸਕੋਰ ਦੇ ਨਾਲ ਉਪ ਜੇਤੂ ਰਹੇ। 24 ਸਾਲਾ ਯੁਵਰਾਜ ਨੂੰ ਇਸ ਜਿੱਤ ਨਾਲ 9,69,000 ਰੁਪਏ ਦੀ ਪੁਰਸਕਾਰ ਰਾਸ਼ੀ ਮਿਲੀ ਤੇ ਇਸ ਤੋਂ ਬਾਅਦ ਉਹ ਪੀ. ਜੀ. ਟੀ. ਆਈ. ਆਰਡਰ ਆਫ ਮੈਰਿਟ 'ਚ 11ਵੇ ਤੋਂ ਛੇਵੇਂ ਸਥਾਨ 'ਤੇ ਪਹੁੰਚ ਗਏ ਹਨ। ਇਸ ਸੈਸ਼ਨ 'ਚ ਉਨ੍ਹਾਂ ਦੀ ਕੁਲ ਪੁਰਸਕਾਰ ਰਾਸ਼ੀ 33,69,400 ਰੁਪਏ ਹੋ ਗਈ ਹੈ।