''ਸਿਕਸਰ ਕਿੰਗ'' ਯੁਵਰਾਜ ਸਿੰਘ ਦੀ IPL ''ਚ ਧਮਾਕੇਦਾਰ ਐਂਟਰੀ, ਇਸ ਟੀਮ ਦੀ ਬਦਲਣਗੇ ਕਿਸਮਤ!
Tuesday, Oct 13, 2026 - 09:35 PM (IST)
ਨਵੀਂ ਦਿੱਲੀ: ਭਾਰਤ ਦੇ ਸਾਬਕਾ ਆਲਰਾਊਂਡਰ ਅਤੇ 'ਸਿਕਸਰ ਕਿੰਗ' ਵਜੋਂ ਜਾਣੇ ਜਾਂਦੇ ਯੁਵਰਾਜ ਸਿੰਘ ਦੀ ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਧਮਾਕੇਦਾਰ ਵਾਪਸੀ ਹੋਈ ਹੈ। ਦਿੱਲੀ ਕੈਪੀਟਲਜ਼ ਨੇ ਯੁਵਰਾਜ ਸਿੰਘ ਨੂੰ ਆਈਪੀਐਲ 2027 ਸੀਜ਼ਨ ਲਈ ਟੀਮ ਦਾ ਬੱਲੇਬਾਜ਼ੀ ਕੋਚ ਅਤੇ ਸਹਾਇਕ ਕੋਚ ਨਿਯੁਕਤ ਕੀਤਾ ਹੈ। ਹਾਲਾਂਕਿ ਯੁਵਰਾਜ ਨੇ ਹਾਲ ਹੀ ਦੇ ਸਾਲਾਂ ਵਿੱਚ ਅਭਿਸ਼ੇਕ ਸ਼ਰਮਾ ਅਤੇ ਪ੍ਰਭਸਿਮਰਨ ਸਿੰਘ ਵਰਗੇ ਕਈ ਨੌਜਵਾਨ ਭਾਰਤੀ ਖਿਡਾਰੀਆਂ ਨੂੰ ਮਾਰਗਦਰਸ਼ਨ (ਮੈਂਟਰ) ਦਿੱਤਾ ਹੈ, ਪਰ ਆਈਪੀਐਲ ਵਿੱਚ ਇੱਕ ਕੋਚ ਵਜੋਂ ਇਹ ਉਨ੍ਹਾਂ ਦੇ ਕਰੀਅਰ ਦੀ ਰਸਮੀ ਸ਼ੁਰੂਆਤ ਹੋਵੇਗੀ।
ਦਿੱਲੀ ਕੈਪੀਟਲਜ਼ ਨਾਲ ਯੁਵਰਾਜ ਸਿੰਘ ਦੀ ਇਹ ਦੂਜੀ ਪਾਰੀ ਹੋਵੇਗੀ। ਇਸ ਤੋਂ ਪਹਿਲਾਂ ਉਹ 2015 ਦੇ ਆਈਪੀਐਲ ਸੀਜ਼ਨ ਵਿੱਚ ਦਿੱਲੀ ਵੱਲੋਂ ਖੇਡ ਚੁੱਕੇ ਹਨ, ਜਦੋਂ ਟੀਮ ਨੇ ਉਨ੍ਹਾਂ ਨੂੰ 16 ਕਰੋੜ ਰੁਪਏ ਵਿੱਚ ਖਰੀਦਿਆ ਸੀ ਅਤੇ ਉਹ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣੇ ਸਨ। ਇਸ ਨਵੀਂ ਜ਼ਿੰਮੇਵਾਰੀ ਨਾਲ ਯੁਵਰਾਜ ਸਿੰਘ ਇੱਕ ਵਾਰ ਫਿਰ ਭਾਰਤ ਦੇ ਪੂਰਵ ਕਪਤਾਨ ਸੌਰਵ ਗਾਂਗੁਲੀ ਨਾਲ ਜੁੜਨਗੇ, ਜਿਨ੍ਹਾਂ ਨੂੰ ਹਾਲ ਹੀ ਵਿੱਚ ਦਿੱਲੀ ਕੈਪੀਟਲਜ਼ ਦਾ ਹੈੱਡ ਕੋਚ ਬਣਾਇਆ ਗਿਆ ਹੈ।
ਦਿੱਲੀ ਕੈਪੀਟਲਜ਼ ਵਿੱਚ ਨਵੀਂ ਭੂਮਿਕਾ ਮਿਲਣ 'ਤੇ ਖੁਸ਼ੀ ਜ਼ਾਹਰ ਕਰਦਿਆਂ ਯੁਵਰਾਜ ਸਿੰਘ ਨੇ ਕਿਹਾ ਕਿ ਇਸ ਫ੍ਰੈਂਚਾਈਜ਼ੀ ਨਾਲ ਉਨ੍ਹਾਂ ਦਾ ਪੁਰਾਣਾ ਨਾਤਾ ਹੈ ਅਤੇ ਉਹ 'ਦਾਦਾ' (ਸੌਰਵ ਗਾਂਗੁਲੀ) ਨਾਲ ਕੋਚ ਵਜੋਂ ਕੰਮ ਕਰਨ ਲਈ ਕਾਫ਼ੀ ਉਤਸ਼ਾਹਿਤ ਹਨ। ਦਿੱਲੀ ਕੈਪੀਟਲਜ਼ ਦੇ ਚੇਅਰਮੈਨ ਪਾਰਥ ਜਿੰਦਲ ਨੇ ਯੁਵਰਾਜ ਦਾ ਟੀਮ ਵਿੱਚ ਸਵਾਗਤ ਕਰਦਿਆਂ ਕਿਹਾ ਕਿ ਯੁਵੀ ਦਾ ਤਜਰਬਾ, ਜਿੱਤਣ ਦਾ ਜਜ਼ਬਾ ਅਤੇ ਨੌਜਵਾਨ ਖਿਡਾਰੀਆਂ ਨੂੰ ਗਾਈਡ ਕਰਨ ਦੀ ਸਮਰੱਥਾ ਟੀਮ ਲਈ ਬਹੁਤ ਕੀਮਤੀ ਸਾਬਤ ਹੋਵੇਗੀ।
ਜ਼ਿਕਰਯੋਗ ਹੈ ਕਿ ਯੁਵਰਾਜ ਸਿੰਘ ਭਾਰਤ ਦੀਆਂ 2007 ਟੀ-20 ਵਿਸ਼ਵ ਕੱਪ ਅਤੇ 2011 ਕ੍ਰਿਕਟ ਵਿਸ਼ਵ ਕੱਪ ਜੇਤੂ ਟੀਮਾਂ ਦੇ ਅਹਿਮ ਹਿੱਸੇਦਾਰ ਰਹੇ ਹਨ। ਆਪਣੇ ਲਗਭਗ ਦੋ ਦਹਾਕੇ ਲੰਬੇ ਅੰਤਰਰਾਸ਼ਟਰੀ ਕਰੀਅਰ ਵਿੱਚ ਉਨ੍ਹਾਂ ਨੇ ਭਾਰਤ ਲਈ 402 ਮੈਚ ਖੇਡੇ ਹਨ। ਆਈਪੀਐਲ ਵਿੱਚ ਵੱਖ-ਵੱਖ ਟੀਮਾਂ ਲਈ ਖੇਡਦਿਆਂ ਉਨ੍ਹਾਂ ਨੇ 132 ਮੈਚਾਂ ਵਿੱਚ 2750 ਦੌੜਾਂ ਬਣਾਈਆਂ ਅਤੇ 36 ਵਿਕਟਾਂ ਹਾਸਲ ਕੀਤੀਆਂ ਹਨ।
