Team India ''ਚ ਧਾਕੜ ਖਿਡਾਰੀ ਦੀ ਐਂਟਰੀ ! ਚੰਡੀਗੜ੍ਹ ''ਚ ਹੋਵੇਗਾ ਤੀਜਾ ਵਨਡੇ ਮੈਚ
Thursday, Oct 01, 2026 - 07:23 PM (IST)
ਸਪੋਰਟਸ ਡੈਸਕ : ਵੈਸਟਇੰਡੀਜ਼ ਖ਼ਿਲਾਫ਼ ਖੇਡੀ ਜਾ ਰਹੀ ਵਨਡੇ ਲੜੀ ਦੇ ਤੀਜੇ ਅਤੇ ਆਖਰੀ ਮੈਚ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਗੁਹਾਟੀ ਵਿਖੇ ਖੇਡੇ ਗਏ ਦੂਜੇ ਵਨਡੇ ਦੌਰਾਨ ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਦੇ ਖੱਬੇ ਪੈਰ 'ਚ ਹੈਮਸਟ੍ਰਿੰਗ ਦੀ ਸੱਟ ਲੱਗਣ ਕਾਰਨ ਉਹ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਹ ਮੈਚ ਦੌਰਾਨ ਸਿਰਫ਼ 5 ਓਵਰ ਗੇਂਦਬਾਜ਼ੀ ਕਰਨ ਤੋਂ ਬਾਅਦ ਮੈਦਾਨ ਤੋਂ ਬਾਹਰ ਚਲੇ ਗਏ ਸਨ। ਹੁਣ ਉਹ ਅੱਗੇ ਦੀ ਮੁੜ-ਸਿਹਤਯਾਬੀ ਲਈ ਬੈਂਗਲੁਰੂ ਸਥਿਤ ਬੀ.ਸੀ.ਸੀ.ਆਈ. ਸੈਂਟਰ ਆਫ਼ ਐਕਸੀਲੈਂਸ ਜਾਣਗੇ।
ਪ੍ਰਸਿੱਧ ਕ੍ਰਿਸ਼ਨਾ ਦੀ ਜਗ੍ਹਾ 'ਤੇ ਚੋਣਕਾਰਾਂ ਨੇ ਨੌਜਵਾਨ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ ਨੂੰ ਟੀਮ 'ਚ ਸ਼ਾਮਲ ਕੀਤਾ ਹੈ। ਅੰਸ਼ੁਲ ਕੰਬੋਜ ਨਿਊ ਚੰਡੀਗੜ੍ਹ ਦੇ ਨਵੇਂ ਪੀ.ਸੀ.ਏ. ਸਟੇਡੀਅਮ 'ਚ ਹੋਣ ਵਾਲੇ ਤੀਜੇ ਵਨਡੇ ਮੈਚ ਲਈ ਭਾਰਤੀ ਟੀਮ ਨਾਲ ਜੁੜਨਗੇ। ਦੂਜੇ ਪਾਸੇ, ਆਗਾਮੀ ਟੀ-20 ਲੜੀ ਲਈ ਵੀ ਟੀਮ ਪ੍ਰਬੰਧਕਾਂ ਅਤੇ ਸੀਨੀਅਰ ਚੋਣ ਕਮੇਟੀ ਨੇ ਅਹਿਮ ਫੈਸਲਾ ਲਿਆ ਹੈ। ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਟੀ-20 ਸਕੁਆੱਡ ਤੋਂ ਛੋਟ ਦਿੱਤੀ ਗਈ ਹੈ ਤਾਂ ਜੋ ਉਹ 11 ਅਕਤੂਬਰ ਤੋਂ ਸ਼ੁਰੂ ਹੋ ਰਹੀ ਰਣਜੀ ਟਰਾਫੀ ਦੌਰਾਨ ਰੈੱਡ-ਬਾਲ ਕ੍ਰਿਕਟ ਖੇਡ ਕੇ ਨਿਊਜ਼ੀਲੈਂਡ ਖ਼ਿਲਾਫ਼ ਆਗਾਮੀ ਟੈਸਟ ਸੀਰੀਜ਼ ਦੀ ਤਿਆਰੀ ਕਰ ਸਕਣ। ਟੀ-20 ਸੀਰੀਜ਼ ਲਈ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਨਮਨ ਧੀਰ ਨੂੰ ਟੀਮ 'ਚ ਮੌਕਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਭਾਰਤ ਨੇ ਤਿਰੂਵਨੰਤਪੁਰਮ 'ਚ ਖੇਡਿਆ ਪਹਿਲਾ ਵਨਡੇ ਅਤੇ ਗੁਹਾਟੀ 'ਚ ਖੇਡਿਆ ਦੂਜਾ ਵਨਡੇ ਦੋਵੇਂ 8-8 ਵਿਕਟਾਂ ਨਾਲ ਜਿੱਤ ਕੇ ਸੀਰੀਜ਼ 'ਚ ਬੜ੍ਹਤ ਬਣਾਈ ਹੋਈ ਹੈ। ਤੀਜਾ ਵਨਡੇ ਮੈਚ 3 ਅਕਤੂਬਰ ਨੂੰ ਨਿਊ ਚੰਡੀਗੜ੍ਹ ਵਿਖੇ ਖੇਡਿਆ ਜਾਵੇਗਾ, ਜਿਸ ਤੋਂ ਬਾਅਦ 6 ਅਕਤੂਬਰ ਤੋਂ 5 ਮੈਚਾਂ ਦੀ ਟੀ-20 ਸੀਰੀਜ਼ ਸ਼ੁਰੂ ਹੋਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
